ਗੁਰਬਾਣੀ ਦੀ ਕਸਵੱਟੀ 'ਤੇ ਪੂਰੀਆਂ ਨਾ ਉਤਰਨ ਵਾਲੀਆਂ ਪੁਸਤਕਾਂ ਦਾ ਵਿਵਾਦ ਫ਼ਜ਼ੂਲ : ਭਾਈ ਰਣਜੀਤ ਸਿੰਘ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਕਿਹਾ, ਸਿਰੋਪੇ ਦੀ ਮਹੱਤਤਾ ਘਟਾਉਣ ਲਈ ਪੰਥ ਦੇ ਅਖੌਤੀ ਠੇਕੇਦਾਰ ਜ਼ਿੰਮੇਵਾਰ

Bhai Ranjit Singh

ਕੋਟਕਪੂਰਾ : ਕਿਸੇ ਸਮੇਂ ਸਿਰੋਪਾਉ ਦੀ ਮਹੱਤਤਾ ਅਤੇ ਵਡਿਆਈ ਸੀ ਪਰ ਅੱਜ ਸਾਡੇ ਸਿਆਸਤਦਾਨਾਂ 'ਤੇ ਧਰਮ ਦੇ ਅਖੌਤੀ ਠੇਕੇਦਾਰਾਂ ਨੇ ਸਿਰੋਪਾਉ ਦੀ ਮਹੱਤਤਾ ਹੀ ਘਟਾ ਕੇ ਰੱਖ ਦਿਤੀ ਹੈ, ਕਿਉਂਕਿ ਸਿਰੋਪਾਉ ਪਿੱਛੇ ਤਕਰਾਰ ਹੀ ਨਹੀਂ ਬਲਕਿ ਕੁੱਝ ਲੋਕ ਇਕ ਦੂਜੇ ਦੀਆਂ ਦਸਤਾਰਾਂ ਨੂੰ ਪੈਰਾਂ 'ਚ ਰੋਲਣ ਤੋਂ ਵੀ ਪਿੱਛੇ ਨਹੀਂ ਹਟਦੇ। 

ਉੱਘੇ ਕਥਾਵਾਚਕ ਭਾਈ ਰਣਜੀਤ ਸਿੰਘ ਵਾੜਾਦਰਾਕਾ ਨੇ ਸਥਾਨਕ ਵਾਹਿਗੁਰੂ ਸਿਮਰਨ ਕੇਂਦਰ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਜਿਨ੍ਹਾ ਧਾਰਨਾਵਾਂ ਜਾਂ ਪੁਸਤਕਾਂ ਕਾਰਨ ਕੌਮ 'ਚ ਵਿਵਾਦ ਹੈ, ਉਨ੍ਹਾਂ ਦਾ ਨਿਤਾਰਾ ਕਰਨ ਲਈ ਸਿਰਫ਼ ਗੁਰਬਾਣੀ ਦੀ ਕਸਵੱਟੀ ਨੂੰ ਹੀ ਮੁੱਖ ਰਖਿਆ ਜਾ ਸਕਦਾ ਹੈ ਕਿਉਂਕਿ ਗੁਰਬਾਣੀ ਫ਼ਲਸਫ਼ੇ ਨੂੰ ਚੁਨੌਤੀ ਦੇਣ ਜਾਂ ਸ਼ੱਕੀ ਕਰਨ ਵਾਲੀਆਂ ਪੁਸਤਕਾਂ ਦਾ ਵਿਵਾਦ ਹੱਲ ਕਰਨ ਲਈ ਬਕਾਇਦਾ ਵਿਦਵਾਨਾਂ ਦੀ ਕਮੇਟੀ ਦਾ ਗਠਨ ਹੋਣਾ ਚਾਹੀਦਾ ਹੈ ਪਰ ਧਰਮ ਦੇ ਅਖੌਤੀ ਠੇਕੇਦਾਰਾਂ ਵਲੋਂ ਸਿੱਖ ਇਤਿਹਾਸਕਾਰਾਂ, ਚਿੰਤਕਾਂ ਅਤੇ ਪੰਥਕ ਵਿਦਵਾਨਾਂ ਨੂੰ ਜ਼ਲੀਲ ਕਰਨ ਕਰ ਕੇ ਉਹ ਆਪੋ ਅਪਣੇ ਘਰਾਂ 'ਚ ਹੱਥ 'ਤੇ ਹੱਥ ਧਰ ਕੇ ਬੈਠਣ ਲਈ ਮਜਬੂਰ ਹਨ।

ਗੁਰਬਾਣੀ, ਸਿੱਖ ਇਤਿਹਾਸ, ਰਹਿਤਨਾਮੇ, ਸਾਖੀਆਂ ਅਤੇ ਅਜੋਕੇ ਵਰਤਾਰੇ ਦੀਆਂ ਅੰਕੜਿਆਂ ਸਹਿਤ ਅਨੇਕਾਂ ਉਦਾਹਰਣਾਂ ਦਿੰਦਿਆਂ ਭਾਈ ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਕੱਚੀ ਬਾਣੀ ਸਾਨੂੰ ਗੁਰੂ ਤੋਂ ਦੂਰ ਲਿਜਾ ਰਹੀ ਹੈ। ਸਿੱਖ ਸ਼ਕਲਾਂ ਵਾਲੇ ਡੇਰੇਦਾਰਾਂ ਨੇ ਸੰਗਤਾਂ ਨੂੰ ਪਾਠ ਕਰਨ ਦੀਆਂ ਗਿਣਤੀਆਂ-ਮਿਣਤੀਆਂ 'ਚ ਉਲਝਾ ਕੇ ਗੁਰਬਾਣੀ ਨੂੰ ਰਸਮਈ ਦੀ ਥਾਂ ਰਸਮੀ ਬਣਾ ਕੇ ਰੱਖ ਦਿਤਾ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਵੀਰ/ਭੈਣਾਂ ਨੇ ਅੰਮ੍ਰਿਤ ਵੀ ਛਕ ਲਏ ਪਰ ਅੰਧ ਵਿਸ਼ਵਾਸ਼, ਵਹਿਮ-ਭਰਮ ਅਤੇ ਕਰਮਕਾਂਡਾਂ ਦਾ ਖਹਿੜਾ ਵੀ ਨਹੀਂ ਛਡਿਆ, ਉਹ ਨਵੀਂ ਪੀੜ੍ਹੀ ਲਈ ਜ਼ਿਆਦਾ ਖ਼ਤਰਨਾਕ ਵਰਤਾਰਾ ਹੈ।