ਸੋ ਦਰ ਤੇਰਾ ਕਿਹਾ- ਕਿਸਤ 64

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਇਹ ਕਿਸੇ ਦੀ ਆਲੋਚਨਾ ਕਰਨ ਲਈ ਨਹੀਂ, ਅਗਲੇ ਖੋਜੀਆਂ ਦੀ ਸਹੂਲੀਅਤ ਲਈ, ਗੱਲ ਸਪੱਸ਼ਟ ਕਰਨ ਦੀ ਚੇਸ਼ਟਾ ਹੀ ਹੈ...

So Dar Tera Keha-64

ਅੱਗੇ...

ਇਹ ਕਿਸੇ ਦੀ ਆਲੋਚਨਾ ਕਰਨ ਲਈ ਨਹੀਂ, ਅਗਲੇ ਖੋਜੀਆਂ ਦੀ ਸਹੂਲੀਅਤ ਲਈ, ਗੱਲ ਸਪੱਸ਼ਟ ਕਰਨ ਦੀ ਚੇਸ਼ਟਾ ਹੀ ਹੈ। ਪ੍ਰੋ: ਸਾਹਿਬ ਸਿੰਘ ਦਾ ਜ਼ਿਕਰ ਕਰਨਾ ਇਸ ਲਈ ਜ਼ਰੂਰੀ ਹੁੰਦਾ ਹੈ ਕਿ ਉਨ੍ਹਾਂ ਨੇ ਆਪ ਭਾਵੇਂ ਨਿਰਮਲੇ ਉਦਾਸੀਆਂ ਦੇ ਛੋਟੇ ਮੋਟੇ ਟੀਕਿਆਂ ਨੂੰ ਅਪਣੇ ਸਾਹਮਣੇ ਰਖਿਆ ਪਰ ਪ੍ਰੋ: ਸਾਹਿਬ ਸਿੰਘ ਜੀ ਤੋਂ ਬਾਅਦ ਜਿੰਨੇ ਵੀ ਟੀਕੇ ਆਏ, ਉਨ੍ਹਾਂ ਸਾਰਿਆਂ ਵਿਚ ਅੱਖਾਂ ਬੰਦ ਕਰ ਕੇ, ਪ੍ਰੋ: ਸਾਹਿਬ ਸਿੰਘ ਜੀ ਦੀ ਹੀ ਪੈਰਵੀ ਕੀਤੀ ਗਈ ਮਿਲਦੀ ਹੈ।

ਗੱਲ ਸਮਝਣ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਛਾਪੀ ਗਈ ਪੁਸਤਕ 'ਗੁਰੂ ਨਾਨਕ ਬਾਣੀ ਪ੍ਰਕਾਸ਼' ਵਿਚ ਡਾ: ਤਾਰਨ ਸਿੰਘ ਵਲੋਂ ਕੀਤਾ ਅਨੁਵਾਦ ਹੇਠਾਂ ਪੜ੍ਹ ਲਉ: ਸੱਚ ਉਹ ਸ਼ਰਾਬ ਹੈ ਜਿਸ ਵਿਚ ਗੁੜ ਨਹੀਂ ਪੈਂਦਾ ਸਗੋਂ ਇਸ ਵਿਚ ਗੁੜ ਦੀ ਥਾਂ ਸੱਚਾ ਨਾਮ ਪੈਂਦਾ ਹੈ (ਜੋ ਜੀਵਨ ਨੂੰ ਮਿੱਠਾ ਗੁੜ ਬਣਾ ਦਿੰਦਾ ਹੈ)। ਜਿਨ੍ਹਾਂ ਨੇ ਸੱਚੇ ਨਾਮ ਨੂੰ ਸੁਣਿਆ ਤੇ ਕਥਿਆ ਹੈ, ਮੈਂ ਉੁਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ। ਉਹੋ ਮਨ ਅਸਲ ਮਸਤੀ ਵਾਲਾ ਜਾਣੋ ਜਿਸ ਨੂੰ ਵਾਹਿਗੁਰੂ ਦੇ ਹਜ਼ੂਰ ਇੱਜ਼ਤ ਪ੍ਰਾਪਤ ਹੋਵੇ।

ਜੇ ਪ੍ਰਮਾਤਮਾ ਦਾ ਨਾਮ ਰੂਪੀ ਜਲ (ਇਸ਼ਨਾਨ ਲਈ) ਅਤੇ ਪੁੰਨ ਦਾਨ ਆਦਿ ਚੰਗਿਆਈਆਂ ਦੀ ਸੁਗੰਧੀ ਤਨ ਵਿਚ ਵਾਸ਼ਨਾ ਹੋਵੇ। ਤਾਂ ਮੁਖ ਪਵਿੱਤਰ ਹੁੰਦਾ ਹੈ। ਲੱਖਾਂ ਦਾਤਾਂ ਵਿਚੋਂ ਇਹ ਇਕ ਦਾਤ ਪ੍ਰਾਪਤ ਕਰਨ ਯੋਗ ਹੈ। ਅਪਣਾ ਦੁੱਖ ਉਸ ਪ੍ਰਭੂ ਪਾਸ ਹੀ ਕਹਿਣਾ ਚਾਹੀਦਾ ਹੈ ਜਿਸ ਪਾਸ ਸੁਖ (ਦੇਣ ਦੀ ਤਾਕਤ) ਹੈ। (ਜੀਵ ਸੰਸਾਰਕ ਪਦਾਰਥਾਂ ਵਿਚੋਂ ਸੁੱਖ ਲਭਦਾ ਹੈ, ਪਰ ਹੈ ਸੁੱਖ ਨਾਮ ਵਿਚ ਜੋ ਦਾਤਾਂ ਸਿਰ ਦਾਤ ਹੈ)। ਉਹ ਪਰਮਾਤਮਾ ਕਿਉਂ ਵਿਸਾਰਿਆ ਜਾਏ ਜਿਸ ਦੇ ਸਹਾਰੇ ਜੀਅ (ਆਤਮਾ) ਅਤੇ ਪ੍ਰਾਣ (ਸੁਆਸ) ਹਨ। ਉਸ ਤੋਂ ਬਿਨਾਂ ਜਿਤਨਾ ਖਾਣਾ ਜਾਂ ਪਹਿਨਣਾ ਹੈ, ਸੱਭ ਅਪਵਿੱਤਰ ਹੈ।

ਹੋਰ ਸੱਭ ਗੱਲਾਂ ਝੂਠੀਆਂ ਹਨ, ਜੋ ਤੈਨੂੰ ਭਾਂਵਦੀ ਹੈ ਉਹ ਹੀ ਠੀਕ (ਪਰਵਾਣੁ) ਗੱਲ ਹੈ। ਉਹੀ ਪ੍ਰੋ: ਸਾਹਿਬ ਸਿੰਘ ਜੀ ਵਾਲਾ ਢੰਗ ਹੈ। ਹਰ ਤੁਕ ਵਖਰੀ ਗੱਲ ਕਰਦੀ ਹੈ। ਪਾਣੀ, ਸੁਗੰਧੀ ਤੇ ਦੁੱਖ ਸੁੱਖ ਦੇ ਉਹ ਅਰਥ (ਸ਼ਬਦ ਤੋਂ ਬਾਹਰੇ) ਦਿਤੇ ਗਏ ਹਨ ਜਿਨ੍ਹਾਂ ਦਾ ਬਾਬੇ ਨਾਨਕ ਦੀ 'ਸ਼ਰਾਬ' ਅਤੇ ਗੁੜ ਤੋਂ ਬਣੀ ਸ਼ਰਾਬ ਨਾਲ ਕੋਈ ਮੇਲ ਹੀ ਨਹੀਂ ਬਣਦਾ। ਵਿਚਕਾਰ, ਵਜਦ ਵਿਚ ਆ ਕੇ, ਜੇ ਗੁਰੂ ਬਾਬਾ ਨੇ, ਅਕਾਲ ਪੁਰਖ ਦੀ ਉਸਤਤ ਕਰਨੀ ਸ਼ੁਰੂ ਕਰ ਦਿਤੀ ਤਾਂ ਇਹ ਵੇਖਣਾ ਜ਼ਰੂਰੀ ਹੁੰਦਾ ਹੈ ਕਿ ਪੂਰੀ ਗੱਲ ਉਸਤਤ ਦੇ ਬੋਲਾਂ ਨਾਲ ਖ਼ਤਮ ਹੋ ਗਈ ਸੀ ਜਾਂ ਅਜੇ (ਅਕਾਲ ਉਸਤਤਿ ਦੀਆਂ ਸਤਰਾਂ ਦੇ ਬਾਵਜੂਦ) ਹੋਰ ਚਲ ਰਹੀ ਸੀ।

ਸਾਡੇ ਵਿਚਾਰ ਅਨੁਸਾਰ, ਸ਼ਰਾਬ ਦਾ ਦ੍ਰਿਸ਼ਟਾਂਤ ਹੀ ਅਜੇ ਚਲ ਰਿਹਾ ਸੀ ਤੇ ਪਾਣੀ, ਸੁਗੰਧੀ, ਦੁਖ ਸੁੱਖ ਦੇ ਵਖਰੇ ਕੋਈ ਅਰਥ ਨਹੀਂ ਸਗੋਂ 'ਸ਼ਰਾਬ' ਦੀ ਵਿਆਖਿਆ ਦੇ ਸੰਦਰਭ ਵਿਚ ਹੀ ਦਿਤੇ ਗਏ ਹਨ ਤੇ ਸਾਰੇ ਭਾਗ ਨੂੰ ਸਮੁੱਚੇ ਰੂਪ ਵਿਚ ਲਿਆਂ ਹੀ ਸ਼ਬਦ ਨੂੰ ਠੀਕ ਰੂਪ ਵਿਚ ਸਮਝਿਆ ਜਾ ਸਕੇਗਾ। ਬਾਬੇ ਨਾਨਕ ਦਾ ਇਹ ਢੰਗ (ਵਿਚਾਲਿਉਂ, ਵਜਦ ਵਿਚ ਆ ਕੇ, ਪ੍ਰਭੂ ਦੀ ਉਸਤਤ ਕਰ ਲੈਣਾ) ਨਾ ਹੀ ਕਵਿਤਾ ਵਿਚ ਕੋਈ ਅਲੋਕਾਰੀ ਗੱਲ ਹੈ, ਨਾ ਕੇਵਲ ਇਸ ਇਕ ਸ਼ਬਦ ਵਿਚ ਹੀ ਅਜਿਹਾ ਕੀਤਾ ਗਿਆ ਹੈ। ਬੜੇ ਸ਼ਬਦਾਂ ਵਿਚ ਬਾਬਾ ਨਾਨਕ ਜੀ ਨੇ ਇਹ ਢੰਗ ਵਰਤਿਆ ਹੈ।

ਠੀਕ ਅਰਥਾਂ ਤੀਕ ਪੁੱਜਣ ਲਈ ਸਾਨੂੰ ਪਹਿਲਾਂ ਕੇਂਦਰੀ ਭਾਵ ਨੂੰ ਸਮਝਣਾ ਹੋਵੇਗਾ ਤੇ ਫਿਰ ਕੇਂਦਰੀ ਭਾਵ ਤੀਕ ਪੁਜਦਾ ਕਰ ਸਕਣ ਵਾਲੀਆਂ ਸਾਰੀਆਂ ਤੁਕਾਂ ਨੂੰ ਇਕ ਕਰਨਾ ਹੋਵੇਗਾ। ਵਿਚਕਾਰ ਆ ਗਈ ਪ੍ਰਭੂ-ਉਸਤਤ ਦੀਆਂ ਤੁਕਾਂ ਤੋਂ ਭੁਲੇਖਾ ਨਹੀਂ ਲਗਣਾ ਚਾਹੀਦਾ। ਹੁਣ ਅਸੀ ਤੁਕ-ਵਾਰ ਅਨੁਵਾਦ ਕਰਨ ਵਿਚ ਬੜੀ ਸੌਖ ਮਹਿਸੂਸ ਕਰਾਂਗੇ ਤੇ ਸਾਰੀਆਂ ਤੁਕਾਂ ਇਕ ਧਾਗੇ ਵਿਚ ਪਰੋਈਆਂ ਕਲੀਆਂ ਲਗਣੀਆਂ, ਵਖਰੀਆਂ ਵਖਰੀਆਂ ਤੇ ਆਪੋ ਵਿਚ ਕੋਈ ਮੇਲ ਨਾ ਰੱਖਣ ਵਾਲੀਆਂ ਤੁਕਾਂ ਨਹੀਂ।

ਚਲਦਾ...