ਸੋ ਦਰ ਤੇਰਾ ਕਿਹਾ- ਕਿਸਤ 65

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਇਥੇ ਸਪੱਸ਼ਟ ਕਰ ਦਈਏ ਕਿ ਇਹ ਵਿਸ਼ੇਸ਼ ਗੁਣ ਕੇਵਲ ਬਾਬੇ ਨਾਨਕ ਦੀ ਕਵਿਤਾ ਵਿਚ ਹੀ ਵਿਖਾਈ ਨਹੀਂ ਦੇਂਦਾ ਸਗੋਂ ਦੂਜੇ...

So Dar Tera Keha- 65

ਅੱਗੇ...

ਇਥੇ ਸਪੱਸ਼ਟ ਕਰ ਦਈਏ ਕਿ ਇਹ ਵਿਸ਼ੇਸ਼ ਗੁਣ ਕੇਵਲ ਬਾਬੇ ਨਾਨਕ ਦੀ ਕਵਿਤਾ ਵਿਚ ਹੀ ਵਿਖਾਈ ਨਹੀਂ ਦੇਂਦਾ ਸਗੋਂ ਦੂਜੇ ਸਭਿਆਚਾਰਾਂ ਵਿਚ ਵੀ ਆਮ ਵੇਖਣ ਨੂੰ ਮਿਲਦਾ ਹੈ। ਖ਼ੁਦ ਪੰਜਾਬੀ ਸਭਿਆਚਾਰ ਵਿਚ ਵੀ ਪੰਜਾਹ-ਸੱਠ ਸਾਲ ਪਿੱਛੇ ਚਲੇ ਜਾਈਏ ਤਾਂ ਗੱਲ ਕਰਦਿਆਂ ਕਰਦਿਆਂ, ਕਿਸੇ ਵਿਛੜ ਚੁਕੇ ਪਿਆਰੇ ਦਾ ਜ਼ਿਕਰ ਆ ਜਾਣ ਤੇ ਇਹ ਸ਼ਬਦ ਐਵੇਂ ਹੀ ਵਿਚੋਂ ਬੋਲ ਦਿਤੇ ਜਾਂਦੇ ਸਨ, ''ਸੁਰਗਾਂ ਵਿਚ ਵਾਸਾ ਹੋਵੇ ਸੂ।'' ਉਰਦੂ ਵਾਲੇ ਵੀ ਠੀਕ ਇਸੇ ਤਰ੍ਹਾਂ ਅਪਣੇ ਕਿਸੇ ਮਰ ਚੁਕੇ ਸਾਥੀ ਦੀ ਗੱਲ ਕਰਦਿਆਂ, ਵਿਚੋਂ ਇਹ ਫ਼ਿਕਰਾ ਉਸ ਲਈ ਜ਼ਰੂਰ ਬੋਲਦੇ ਸਨ, ''ਖ਼ੁਦਾ ਜੱਨਤ ਨਸੀਬ ਕਰੇ ਉਸ ਕੋ।

'' ਅੰਗਰੇਜ਼ੀ ਦੇ ਪੁਰਾਣੇ ਨਾਵਲਾਂ ਵਿਚ, ਉਸ ਸਮੇਂ ਦੇ ਪਾਤਰ ਵੀ ਅਕਸਰ ਅਪਣੇ ਵਿਛੜੇ ਸਾਥੀਆਂ ਦੀ ਗੱਲ ਕਰਨ ਸਮੇਂ ਇਹੀ ਫ਼ਿਕਰਾ ਬੋਲਦੇ ਸਨ, “May he/she rest in peace in heaven.” ਧਾਰਮਕ ਵਿਚਾਰਾਂ ਵਾਲੇ ਮੁਸਲਮਾਨ, ਰੱਬ ਨੂੰ ਯਾਦ ਕਰਦਿਆਂ ਅਕਸਰ ਕੁਰਾਨ ਦੀ ਇਕ ਤੁਕ ਹਜ਼ਰਤ ਮੁਹੰਮਦ ਦੀ ਸ਼ਾਨ ਵਿਚ ਜ਼ਰੂਰ ਬੋਲ ਦੇਂਦੇ ਹਨ, ''ਲਾਇਲਾ ਹਾਇਜਿਲਮਾ, ਮੁਹੰਮਦੋ ਰਸੂਲ ਇਲਾਹ...'' ਬਾਬਾ ਨਾਨਕ ਵੀ, ਬਾਣੀ ਰਚਣ ਸਮੇਂ, ਵਿਸ਼ਾ ਭਾਵੇਂ ਕੋਈ ਵੀ ਚਲ ਰਿਹਾ ਹੋਵੇ, ਉਸ ਪ੍ਰਭੂ ਨੂੰ ਅਪਣੇ ਢੰਗ ਨਾਲ ਯਾਦ ਕਰਨ ਲੱਗ ਜਾਂਦੇ ਹਨ।

ਇਹ ਪ੍ਰਭੂ-ਉਸਤਤ, ਸ਼ਬਦ ਦਾ ਭਾਗ ਨਹੀਂ ਹੁੰਦੀ ਤੇ ਨਾ ਹੀ ਇਸ ਦਾ, ਉਸ ਸ਼ਬਦ ਦੇ ਅਰਥਾਂ ਉਤੇ ਹੀ ਕੋਈ ਅਸਰ ਪੈਣ ਦੇਣਾ ਚਾਹੀਦਾ ਹੈ। ਸੋ ਆਉ ਹੁਣ ਅਸੀ ਤੁਕ-ਵਾਰ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ :ਹੇ ਪ੍ਰਾਣੀ, ਪ੍ਰਭੂ ਨੇ ਕੂੜ ਦਾ ਅਫ਼ੀਮ ਰੂਪੀ ਗੋਲਾ ਆਪ ਦੇ ਕੇ ਤੇਰੇ ਅਤੇ ਅਪਣੇ ਵਿਚਕਾਰ ਇਕ ਝੂਠ ਦੀ ਦੀਵਾਰ ਖੜੀ ਕਰ ਦਿਤੀ ਹੈ ਜਿਸ ਨੂੰ ਤੂੰ ਤੋੜਨਾ ਹੈ। ਪਰ ਤੈਨੂੰ ਇਹ ਨਸ਼ਾ ਹੀ ਏਨਾ ਚੰਗਾ ਲੱਗ ਗਿਆ ਹੈ ਕਿ ਇਸ ਨਸ਼ੇ ਦੀ ਮਸਤੀ ਵਿਚ ਤੂੰ ਮਰਨ ਦਾ ਸੱਚ ਭੁੱਲ ਕੇ, ਚਾਰ ਦਿਨ ਦੇ ਜੀਵਨ ਨੂੰ ਹੀ ਮੌਜ ਮਸਤੀ ਦਾ ਅਖਾੜਾ ਸਮਝ ਲਿਆ ਹੈ।

ਪਰ ਜਿਨ੍ਹਾਂ ਨੇ ਇਹ ਨਸ਼ਾ ਉਤਾਰ ਵਗਾਹ ਸੁਟਿਆ, ਉਨ੍ਹਾਂ ਨੂੰ ਵਾਪਸ ਉਸ ਪ੍ਰਭੂ ਦਾ ਦਰਬਾਰ ਨਜ਼ਰ ਆ ਗਿਆ ਜਿਸ ਵਰਗੀ ਕੋਈ ਖ਼ੁਸ਼ੀ ਸਾਰਾ ਨਜ਼ਰ ਆਉਂਦਾ ਸੰਸਾਰ ਨਹੀਂ ਦੇ ਸਕਦਾ। ਨਾਨਕ ਦੀ ਮੰਨ ਤੇ ਇਸ ਨਸ਼ੇ ਵਾਲੀ ਹਾਲਤ 'ਚੋਂ ਬਾਹਰ ਨਿਕਲ ਕੇ ਉਸ ਸੱਚੇ ਦਾ ਸੱਚ ਜਾਣਨ ਦੀ ਕੋਸ਼ਿਸ਼ ਕਰ। ਕਿਉਂਕਿ ਉਸ ਸੱਚੇ ਦੀ ਸੇਵਾ (ਸੇਵਾ ਦਾ ਅਰਥ ਗੁਰਬਾਣੀ ਵਿਚ ਸਿਰਫ਼ ਤੇ ਸਿਰਫ਼ ਪ੍ਰੇਮ ਹੈ, ਹੋਰ ਕੁੱਝ ਨਹੀਂ) ਕਰਨ ਨਾਲ ਇਥੇ ਸੁਖ ਮਿਲਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਮਾਣ ਮਿਲਦਾ ਹੈ।(ਤੇਰਾ ਨਸ਼ਾ ਉਤਾਰਨ ਲਈ ਮੇਰੇ ਕੋਲ ਇਕ ਸ਼ਰਾਬ ਹੈ) ਪਰ ਇਹ ਸ਼ਰਾਬ ਗੁੜ ਨਾਲ ਨਹੀਂ ਬਣਦੀ ਸਗੋਂ ਗੁੜ ਦੀ ਥਾਂ ਇਸ ਵਿਚ ਸੱਚਾ ਨਾਮ ਪੈਂਦਾ ਹੈ।

(ਇਥੇ ਅਗਲੀਆਂ ਦੋ ਤੁਕਾਂ ਵਿਚ ਬਾਬਾ ਨਾਨਕ ਕੇਵਲ ਉਸ ਪ੍ਰਭੂ ਦੀ ਸਿਫ਼ਤ ਉਸ ਤਰ੍ਹਾਂ ਹੀ ਕਰਦੇ ਹਨ ਜਿਸ ਤਰ੍ਹਾਂ ਅਸੀ ਉਪਰ ਚਰਚਾ ਕੀਤੀ ਸੀ। ਇਨ੍ਹਾਂ ਦੋ ਤੁਕਾਂ ਦਾ ਸ਼ਬਦ ਨਾਲ ਕੋਈ ਸਬੰਧ ਨਹੀਂ, ਕੇਵਲ ਪ੍ਰਭੂ ਨੂੰ ਯਾਦ ਕੀਤਾ ਗਿਆ ਹੈ ਜੋ ਇਸ ਪ੍ਰਕਾਰ ਹੈ - ਮੈਂ ਉਨ੍ਹਾਂ ਸਾਰਿਆਂ ਤੋਂ ਸਦਕੇ ਜਾਂਦਾ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ। ਮਨ ਨੂੰ ਅਸਲ ਖ਼ੁਸ਼ੀ ਉਦੋਂ ਹੀ ਮਿਲਦੀ ਹੈ ਜਦ ਉਸ ਦੇ ਦਰ ਵਿਚ ਥਾਂ ਮਿਲ ਜਾਂਦੀ ਹੈ) ਇਸ ਤੋਂ ਬਾਅਦ ਜਿਹੜਾ ਪ੍ਰਕਰਣ ਉਪਰ ਸ਼ੁਰੂ ਕੀਤਾ ਗਿਆ ਸੀ, ਉਸ ਨੂੰ ਮੁਕੰਮਲ ਕਰਨ ਲਈ ਅਗਲੀਆਂ ਤੁਕਾਂ ਉਚਾਰਦੇ ਹਨ।

ਜਿਹੜੀ ਸ਼ਰਾਬ ਦੀ ਮੈਂ ਗੱਲ ਕਹਿ ਰਿਹਾ ਸੀ, ਉਸ ਵਿਚ ਸੱਚੇ ਨਾਮ ਦੇ ਨਾਲ-ਨਾਲ, ਜਿਹੜੀਆਂ ਹੋਰ ਵਸਤਾਂ ਪੈਂਦੀਆਂ ਹਨ, ਉਹ ਹਨ ਸਾਰੀਆਂ ਚੰਗਿਆਈਆਂ ਨਾਲ ਭਰਿਆ ਹੋਇਆ ਨੀਰ (ਪਾਣੀ) ਅਤੇ ਉੱਚੇ ਆਚਰਣ ਦੀ ਉਹ ਸੁਗੰਧੀ ਜੋ ਤਨ ਵਿਚ ਜਾ ਕੇ ਗੁੜ ਵਾਲੀ ਸ਼ਰਾਬ ਦੇ ਉਲਟ, ਤਨ ਨੂੰ ਵੀ ਸੁਗੰਧਤ ਕਰ ਦੇਂਦੀ ਹੈ। ਇਹ ਸ਼ਰਾਬ ਪੀ ਕੇ, ਮੁੱਖ ਉਜਲਾ ਹੋ ਜਾਂਦਾ ਹੈ (ਤੇ ਗੁੜ ਵਾਲੀ ਸ਼ਰਾਬ ਵਾਂਗ ਮੁੱਖ ਭ੍ਰਿਸ਼ਟਿਆ ਨਹੀਂ ਜਾਂਦਾ ਜਾਂ ਵਿਗੜ ਨਹੀਂ ਜਾਂਦਾ ਜਿਵੇਂ ਸ਼ਰਾਬੀ ਦਾ ਹਾਲ ਸੱਭ ਜਾਣਦੇ ਹੀ ਹਨ)। ਇਸ ਤਰ੍ਹਾਂ ਇਹ ਸ਼ਰਾਬ, ਉਸ ਅਕਾਲ ਪੁਰਖ ਦੀਆਂ ਲੱਖਾਂ ਦਾਤਾਂ 'ਚੋਂ ਇਕ ਬਹੁਤ ਵੱਡੀ ਦਾਤ ਹੈ।

(ਇਸ ਦਾਤ ਦਾ ਲਾਭ ਉਠਾ ਕੇ, ਅਫ਼ੀਮ ਦੇ ਕੂੜ ਰੂਪੀ ਗੋਲੇ ਦਾ ਅਸਰ ਦੂਰ ਕਰ ਕੇ, ਵਾਪਸ ਅਪਣੇ ਪ੍ਰਭੂ ਦੇ ਦਰਬਾਰ ਵਿਚ ਪਹੁੰਚ ਜਾ)। ਸ਼ਬਦ ਇਥੇ ਸਮਾਪਤ ਹੈ ਪਰ ਜਿਵੇਂ ਕਿ ਬਾਬਾ ਨਾਨਕ ਅਪਣੀ ਵਿਸ਼ੇਸ਼ ਸ਼ੈਲੀ ਵਿਚ ਜਿਥੇ ਵੀ ਰੱਬ, ਪ੍ਰਮਾਤਮਾ ਦਾ ਜ਼ਿਕਰ ਆ ਜਾਵੇ, ਸ਼ਬਦ ਦੇ ਅਸਲ ਵਿਸ਼ੇ ਤੋਂ ਹੱਟ ਕੇ, ਉਸ ਪ੍ਰਭੂ ਦੀ ਉਸਤਤ ਵਿਚ ਦੋ ਤੁਕਾਂ ਜ਼ਰੂਰ ਉਚਾਰਦੇ ਹਨ। ਅਗਲੀਆਂ ਤੁਕਾਂ ਵੀ ਕੇਵਲ ਤੇ ਕੇਵਲ ਅਕਾਲ ਪੁਰਖ ਦੀ ਯਾਦ ਨੂੰ ਸਮਰਪਿਤ ਹਨ, ਸ਼ਬਦ ਨਾਲ ਸਬੰਧਤ ਨਹੀਂ ਹਨ। ਅਪਣਾ ਦੁਖ ਕੋਈ ਹੋਵੇ ਤਾਂ ਉਸ ਨੂੰ ਹੀ ਕਹਿ ਸੁਣਾਣਾ ਚਾਹੀਦਾ ਹੈ ਜੋ ਇਸ ਨੂੰ ਸੁਖ ਵਿਚ ਬਦਲ ਸਕੇ ਅਰਥਾਤ ਜਿਸ ਕੋਲ ਸੁੱਖਾਂ ਦਾ ਖ਼ਜ਼ਾਨਾ ਹੋਵੇ।

ਉਸ ਪ੍ਰਮਾਤਮਾ ਨੂੰ ਭੁਲਾਉਣ ਦੀ ਕੋਈ ਤੁਕ ਨਹੀਂ ਬਣਦੀ ਜਿਸ ਦੇ ਹੱਥ ਹੋਰ ਸੱਭ ਕੁੱਝ ਤਾਂ ਹੈ ਹੀ, ਸਾਡੇ ਜੀਅ ਪ੍ਰਾਣ ਵੀ ਹਨ। ਦੁਨੀਆਂ ਭਰੀ ਪਈ ਹੈ ਖਾਣ ਪੀਣ ਵਾਲੀਆਂ ਵਸਤਾਂ ਨਾਲ। ਕੇਵਲ ਉਹੀ ਖਾਣ ਪੀਣ ਪਵਿੱਤਰ ਹੈ ਜੋ ਉਸ ਨੂੰ ਪ੍ਰਵਾਨ ਹੈ (ਕੁਦਰਤ ਦੇ ਅਸੂਲਾਂ ਅਨੁਸਾਰ ਹੀ ਖਾਣਾ ਪੀਣਾ ਜਾਇਜ਼ ਹੈ)। ਦੁਨੀਆਂ ਵਿਚ ਸੁਣਨ ਨੂੰ ਗੱਲਾਂ ਬੜੀਆਂ ਮਿਲਦੀਆਂ ਹਨ ਪਰ ਸਾਰੀਆਂ ਹੀ ਗੱਲਾਂ ਕੂੜੀਆਂ ਹਨ, ਸਿਵਾਏ ਉਨ੍ਹਾਂ ਦੇ ਜੋ ਪ੍ਰਭੂ ਪ੍ਰਮਾਤਮਾ ਨੂੰ ਪ੍ਰਵਾਨ ਹਨ।