ਸੋ ਦਰ ਤੇਰਾ ਕਿਹਾ- ਕਿਸਤ 66

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਏ - 26

So Dar Tera Keha- 66

ਸਿਰੀ ਰਾਗੁ ਮਹਲਾ ੧
ਜਾਲਿ ਮੋਹੁ, ਘਸਿ ਮਸੁ ਕਰਿ, ਮਤਿ ਕਾਗਦੁ ਕਰਿ ਸਾਰੁ।।
ਭਾਉ ਕਲਮ ਕਰਿ ਚਿਤੁ ਲੇਖਾਰੀ, ਗੁਰ ਪੁਛਿ ਲਿਖੁ ਬੀਚਾਰੁ।।
ਲਿਖੁ ਨਾਮੁ, ਸਾਲਾਹ ਲਿਖੁ, ਲਿਖੁ ਅੰਤੁ ਨ ਪਾਰਾਵਾਰੁ ।।੧।।

ਬਾਬਾ ਏਹੁ ਲੇਖਾ ਲਿਖਿ ਜਾਣੁ£ ਜਿਥੈ ਲੇਖਾ ਮੰਗੀਐ,
ਤਿਥੈ ਹੋਇ ਸਚਾ ਨੀਸਾਣੁ ।।੧।। ਰਹਾਉ।।
ਜਿਥੈ ਮਿਲਹਿ ਵਡਿਆਈਆ, ਸਦ ਖੁਸੀਆ ਸਦ ਚਾਉ।।
ਤਿਨ ਮੁਖਿ ਟਿਕੇ ਨਿਕਲਹਿ, ਜਿਨ ਮਨਿ ਸਚਾ ਨਾਉ।।

ਕਰਮਿ ਮਿਲੈ ਤਾ ਪਾਈਐ, ਨਾਹੀ ਗਲੀ ਵਾਉ ਦੁਆਉ ।।੨।।
ਇਕਿ ਆਵਹਿ ਇਕਿ ਜਾਹਿ ਉਠਿ, ਰਖੀਅਹਿ ਨਾਵ ਸਲਾਰ।।
ਇਕਿ ਉਪਾਏ ਮੰਗਤੇ, ਇਕਨਾ ਵਡੇ ਦਰਵਾਰ।।
ਅਗੈ ਗਇਆ ਜਾਣੀਐ, ਵਿਣੁ ਨਾਵੈ ਵੇਕਾਰ ।।੩।।

ਭੈ ਤੇਰੈ ਡਰੁ ਅਗਲਾ, ਖਪਿ ਖਪਿ ਛਿਜੈ ਦੇਹ ।।
ਨਾਵ ਜਿਨਾ ਸੁਲਤਾਨ ਖਾਨ, ਹੋਦੇ ਡਿਠੇ ਖੇਹ।।
ਨਾਨਕ ਉਠੀ ਚਲਿਆ, ਸਭਿ ਕੂੜੇ ਤੁਟੇ ਨੇਹ ।।੪।।੬।।

ਸਿਰੀ ਰਾਗ ਵਿਚਲਾ ਇਹ ਛੇਵਾਂ ਸ਼ਬਦ ਹੈ (ਕੁਲ 33 ਹਨ) ਜੋ ਥੋੜਾ ਜਿਹਾ ਔਖਾ ਸ਼ਬਦ ਹੈ ਕਿਉਂਕਿ ਸ਼ਬਦ ਦਾ ਵਿਸ਼ਾ ਪਹਿਲੀ ਨਜ਼ਰੇ ਪ੍ਰਗਟ ਨਹੀਂ ਹੁੰਦਾ। ਇਹ ਸਮਝ ਨਹੀਂ ਲਗਦੀ ਕਿ ਬਾਬਾ ਨਾਨਕ ਕਈ ਪ੍ਰਕਾਰ ਦੇ ਉਪਦੇਸ਼ ਦੇਂਦੇ ਹੋਏ, ਅਸਲ ਉਪਦੇਸ਼ ਕਿਸ ਵਿਸ਼ੇ ਤੇ ਦੇ ਰਹੇ ਹਨ। ਇਸ ਸ਼ਬਦ ਨੂੰ ਸਮਝਣਾ ਉਦੋਂ ਹੋਰ ਵੀ ਔਖਾ ਹੋ ਜਾਂਦਾ ਹੈ ਜਦੋਂ ਅੱਖਰਾਂ ਦੇ ਅਰਥ ਕਰਨ ਵਾਲੇ ਟੀਕਿਆਂ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਕਾਰਨ? ਕਾਰਨ ਇਹੀ ਹੈ ਕਿ ਜਿਹੜਾ ਅੱਖਰ ਇਸ ਸ਼ਬਦ ਦਾ ਕੇਂਦਰੀ ਭਾਵ ਬਿਆਨ ਕਰਨ ਵਾਲਾ ਅੱਖਰ ਹੈ, ਉਹ ਅੱਖਰ, ਸ਼ਬਦ ਵਿਚ ਕੇਵਲ ਇਕ ਵਾਰ ਆਇਆ ਹੈ ਤੇ ਵਿਦਵਾਨ ਟੀਕਾਕਾਰ, ਉਸ ਅੱਖਰ ਵਲ ਧਿਆਨ ਵੀ ਉਸੇ ਅਨੁਪਾਤ ਨਾਲ ਹੀ ਦੇਣ ਲਗਦੇ ਹਨ। ਇਸ ਸ਼ਬਦ ਦਾ ਦੂਜਾ ਅੱਖਰ 'ਮੋਹੁ' ਹੀ ਉਹ ਅੱਖਰ ਹੈ ਜਿਸ ਦੁਆਲੇ, ਸ਼ਬਦ ਦੀ ਰਚਨਾ ਰਚੀ ਗਈ ਹੈ ਤੇ ਅਲੰਕਾਰਾਂ, ਉਦਾਹਰਣਾਂ ਦੀ ਮਦਦ ਨਾਲ ਮੋਹ ਨੂੰ ਮਾਰਨ ਦਾ ਉਪਦੇਸ਼ ਦਿਤਾ ਗਿਆ ਹੈ। ਇਹ ਮੋਹ ਹੀ ਹੈ ਜੋ ਮਨੁੱਖ ਨੂੰ ਉਹ ਸੱਚ ਸਮਝਣ ਨਹੀਂ ਦੇਂਦਾ ਜੋ ਬਾਬਾ ਨਾਨਕ ਸਮਝਾਉਣਾ ਚਾਹੁੰਦੇ ਹਨ।

ਇਹ 'ਮੋਹ' ਕਦੇ ਪੁੱਤਰ-ਮੋਹ ਦੇ ਰੂਪ ਵਿਚ ਮਨੁੱਖ ਦੇ ਪੈਰਾਂ ਦੀਆਂ ਜ਼ੰਜੀਰਾਂ ਬਣ ਜਾਂਦਾ ਹੈ ਤੇ ਕਦੇ ਧਨ ਦੌਲਤ, ਇਸਤਰੀ, ਰਾਜ-ਸ਼ਕਤੀ, ਅਮੀਰੀ ਠਾਠ ਦਾ ਮੋਹ ਬਣ ਕੇ ਮਨੁੱਖ ਨੂੰ ਪੁੱਠੇ ਪਾਸੇ ਪਾ ਦੇਂਦਾ ਹੈ ਤੇ ਸੱਚ ਵਾਲੇ ਪਾਸੇ ਜਾਣੋਂ ਰੋਕ ਦੇਂਦਾ ਹੈ। ਬਾਬਾ ਨਾਨਕ ਇਸ ਮੋਹ ਬਾਰੇ ਹੀ ਪ੍ਰਾਣੀ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ, ਹੇ ਪ੍ਰਾਣੀ, ਇਸ ਮੋਹ ਨੂੰ ਅਗਨੀ ਵਿਚ ਪਾ ਕੇ ਸਾੜ ਸਕੇਂ ਤਾਂ ਚੰਗੀ ਤਰ੍ਹਾਂ ਸਾੜ ਦੇ ਤੇ ਫਿਰ ਉਸ ਸੜੇ ਹੋਏ ਮੋਹ ਨੂੰ ਪੱਥਰ ਦੀ ਸਿਲ ਨਾਲ ਘਸਾ ਘਸਾ ਕੇ ਸੁਰਮੇ ਵਰਗਾ ਮਹੀਨ ਬਣਾ ਲੈ। ਇਹ ਕਿਉਂਕਿ 'ਮੋਹ' ਹੈ, ਇਸ ਲਈ ਇਸ ਦਾ ਸੁਰਮਾ ਵੀ ਕਾਲਾ ਸਿਆਹ ਹੀ ਹੋਵੇਗਾ।

ਬਾਬਾ ਨਾਨਕ ਕਹਿੰਦੇ ਹਨ, ਮੋਹ ਨੂੰ ਸਾੜ ਕੇ ਤੇ ਘੋਟ ਕੇ ਬਣੀ ਸਿਆਹੀ ਨਾਲ ਅਕਲ ਅਥਵਾ ਸਿਆਣਪ ਦੇ ਕਾਗ਼ਜ਼ ਉਤੇ, ਗੁਰੂ (ਸ਼ਬਦ) ਦੀ ਸਿਖਿਆ ਅਨੁਸਾਰ, ਪ੍ਰਭੂ ਪ੍ਰਮਾਤਮਾ ਦੀ ਵਿਚਾਰ ਲਿਖਣੀ ਸ਼ੁਰੂ ਕਰ। ਪ੍ਰਭੂ ਦੀ ਸਿਫ਼ਤ ਲਿਖੇਂਗਾ ਤਾਂ ਅੰਤ ਜਿਥੇ ਜਾ ਕੇ, ਤੇਰਾ ਮੋਹ ਤੇਰੇ ਲੇਖੇ ਦੀ ਖ਼ਰਾਬੀ ਬਣਨਾ ਸੀ, ਉਥੇ ਤੇਰਾ ਉਪ੍ਰੋਕਤ ਕਰਮ ਸਗੋਂ ਤੇਰੇ ਹੱਕ ਵਿਚ ਰਾਹਦਾਰੀ ਬਣ ਜਾਏਗਾ ਤੇ ਤੂੰ ਪ੍ਰਭੂ ਦੇ ਦਰਬਾਰ ਵਿਚ ਪਾਸ ਸਮਝਿਆ ਜਾਵੇਂਗਾ।

ਚਲਦਾ...