ਸੋ ਦਰ ਤੇਰਾ ਕਿਹਾ- ਕਿਸਤ 47

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਜਗਨ ਨਾਥ ਪੁਰੀ ਵਿਚ ਅਜੇ ਵੀ ਬਾਬਾ ਨਾਨਕ ਦੀਆਂ ਨਿਸ਼ਾਨੀਆਂ ਮੌਜੂਦ ਹਨ ਤੇ 'ਆਰਤੀ' ਵਾਲੇ ਸ਼ਬਦ ਵਿਚ ਤਾਂ ਭਾ...

So Dar Tera Keha

ਜਗਨ ਨਾਥ ਪੁਰੀ ਵਿਚ ਅਜੇ ਵੀ ਬਾਬਾ ਨਾਨਕ ਦੀਆਂ ਨਿਸ਼ਾਨੀਆਂ ਮੌਜੂਦ ਹਨ ਤੇ 'ਆਰਤੀ' ਵਾਲੇ ਸ਼ਬਦ ਵਿਚ ਤਾਂ ਭਾਵੇਂ ਕੋਈ ਇਤਿਹਾਸਕ ਜਾਣਕਾਰੀ ਨਹੀਂ ਦਿਤੀ ਗਈ ਹੋਈ ਪਰ ਪੁਰੀ ਦੇ ਲੋਕਾਂ ਤੋਂ ਪਤਾ ਲਗਦਾ ਹੈ ਕਿ ਬਾਬੇ ਨਾਨਕ ਨੇ ਉਥੋਂ ਦੇ ਪੁਜਾਰੀਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਉਹ ਲੋਕ ਜੋ ਕੁੱਝ ਦਸਦੇ ਹਨ, ਉਸ ਤੋਂ ਹੇਠ ਲਿਖਿਆ ਵਾਰਤਾਲਾਪ ਉਸਾਰਿਆ ਜਾ ਸਕਦਾ ਹੈ ਜੋ ਗੁਰੂ ਨਾਨਕ ਦੇਵ ਜੀ ਅਤੇ ਪੁਜਾਰੀਆਂ ਵਿਚਕਾਰ ਹੋਇਆ :

ਬਾਬਾ ਜੀ: ਭਾਈ ਹੁਣੇ ਤੁਸੀ ਕੀ ਕਰ ਰਹੇ ਸੀ?
ਪੁਜਾਰੀ : ਭਗਵਾਨ ਦੀ ਆਰਤੀ ਉਤਾਰ ਰਹੇ ਸੀ।
ਬਾਬਾ ਜੀ: ਆਰਤੀ ਕਿਉਂ ਉਤਾਰਦੇ ਹੋ?
ਪੁਜਾਰੀ: ਭਗਵਾਨ ਖ਼ੁਸ਼ ਹੁੰਦਾ ਹੈ ਤੇ ਆਰਤੀ ਵਿਚ ਸ਼ਾਮਲ ਹੋਣ ਵਾਲਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦਾ ਹੈ।

ਬਾਬਾ ਜੀ: ਤੁਹਾਨੂੰ ਕਿਵੇਂ ਪਤਾ ਹੈ ਕਿ ਉਹ ਤੁਹਾਡੇ ਇਸ ਕਰਮ ਨਾਲ ਖ਼ੁਸ਼ ਹੁੰਦਾ ਹੈ? ਕੀ ਕਦੇ ਉਸ ਨੇ ਆਰਤੀ ਕਰਨ ਬਦਲੇ ਤੁਹਾਡਾ ਧਨਵਾਦ ਕੀਤਾ ਹੈ?
ਪੁਜਾਰੀ: (ਹੱਸ ਕੇ), ਵੇਖੋ ਬਾਵਲਾ ਫ਼ਕੀਰ ਕੀ ਪੁਛਦੈ? ਉਹਨੂੰ ਧਨਵਾਦ ਕਰਨ ਦੀ ਕੀ ਲੋੜ ਏ? ਉਹ ਤਾਂ ਸਾਰੇ ਜਗਤ ਦਾ ਮਾਲਕ ਹੈ।
ਬਾਬਾ ਜੀ: ਇਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਹਾਂ, ਉਹ ਤਾਂ ਸਾਰੇ ਜਹਾਨ ਦਾ ਮਾਲਕ ਹੈ। ਉਹਨੂੰ ਤੁਹਾਡੇ ਛੋਟੇ ਛੋਟੇ ਦੀਵੇ ਤੇ ਫੁੱਲ ਪੱਤੀਆਂ ਜਾਂ ਅਗਰਬੱਤੀ ਦੀਆਂ ਛੜੀਆਂ ਨਾਲ ਕੀਤੀ ਆਰਤੀ ਖ਼ੁਸ਼ ਨਹੀਂ ਕਰ ਸਕਦੀ। ਉਹ ਤਾਂ ਅਪਣੇ ਭਗਤਾਂ ਕੋਲੋਂ ਹੋਰ ਕੁੱਝ ਪ੍ਰਾਪਤ ਕਰ ਕੇ ਹੀ ਖ਼ੁਸ਼ ਹੁੰਦਾ ਹੈ। ਇਹ ਛੋਟੀਆਂ ਛੋਟੀਆਂ ਆਰਤੀਆਂ ਛੋਟੇ ਛੋਟੇ ਬੰਦਿਆਂ ਨੂੰ ਹੀ ਖ਼ੁਸ਼ ਕਰ ਸਕਦੀਆਂ ਨੇ...।

ਪੁਜਾਰੀ : ਫ਼ਕੀਰ, ਤੂੰ ਨਿਰਾ ਪੁਰਾ ਬਾਵਲਾ ਨਹੀਂ, ਸਮਝਦਾਰੀ ਦੀਆਂ ਗੱਲਾਂ ਵੀ ਜਾਣਦੇ । ਅੱਛਾ ਦਸ, ਜੇ ਆਰਤੀ ਨਾਲ ਨਹੀਂ ਤਾਂ ਉਹ ਹੋਰ ਕਿਹੜੀ ਗੱਲ ਨਾਲ ਖ਼ੁਸ਼ ਹੋ ਸਕਦੈ?
ਬਾਬਾ ਜੀ: ਉਹ ਕਾਮਨਾਵਾਂ ਤੇ ਮਾਇਆ ਮੰਗਣ ਵਾਲਿਆਂ ਨਾਲ ਕਦੇ ਖ਼ੁਸ਼ ਨਹੀਂ ਹੁੰਦਾ। ਕੇਵਲ ਤੇ ਕੇਵਲ, ਸ਼ੁਧ ਹਿਰਦੇ ਰਾਹੀਂ, ਸੱਚਾ ਪਿਆਰ ਕਰਨ ਵਾਲਿਆਂ ਨਾਲ ਖ਼ੁਸ਼ ਹੁੰਦੈ। ਜਿਸ ਉਤੇ ਉਹ ਖ਼ੁਸ਼ ਹੋ ਜਾਵੇ, ਉਸ ਨੂੰ ਫਿਰ ਕੁੱਝ ਮੰਗਣ ਦੀ ਲੋੜ ਨਹੀਂ ਰਹਿੰਦੀ। ਬੱਸ ਹਿਰਦੇ ਨੂੰ ਸ਼ੁੱਧ ਕਰ ਕੇ, ਉਸ ਵਿਚ ਉਸ ਨੂੰ ਬੁਲਾਉ। ਜਿਵੇਂ ਦੁੱਧ ਵੀ ਗੰਦੇ ਭਾਂਡੇ ਵਿਚ ਫੱਟ ਜਾਂਦਾ ਹੈ, ਇਸ ਲਈ ਦੁੱਧ ਦੇ ਭਾਂਡੇ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਮਾਂਜ ਕੇ ਤੇ ਫਿਰ ਉਸ ਨੂੰ ਧੂਪ ਦੇ ਕੇ, ਫਿਰ ਉਸ ਵਿਚ ਦੁੱਧ ਪਾਉਂਦੇ ਹੋ ਨਾ?

ਪੁਜਾਰੀ: ਹਾਂ, ਇਹ ਤਾਂ ਠੀਕ ਹੈ। ਇਸ ਤਰ੍ਹਾਂ ਭਾਂਡੇ ਵਿਚ ਅੱਖਾਂ ਨੂੰ ਨਜ਼ਰ ਨਾ ਆਉਣ ਵਾਲਾ ਕੋਈ ਕੀਟਾਣੂ ਜਾਂ ਜੀਵਾਣੂ ਵੀ ਨਹੀਂ ਰਹਿੰਦਾ।                               ਬਾਬਾ ਜੀ: ਬਸ ਇਸੇ ਤਰ੍ਹਾਂ ਮਨ ਨੂੰ ਧੋ ਕੇ, ਲੋਭ, ਮੋਹ, ਹੰਕਾਰ ਦੇ, ਅੱਖਾਂ ਨੂੰ ਨਜ਼ਰ ਨਾ ਆਉਣ ਵਾਲੇ ਕੀਟਾਣੂ ਵੀ ਮਨ 'ਚੋਂ ਬਾਹਰ ਕੱਢ ਲਉ ਤੇ ਫਿਰ ਸੱਚੇ ਪ੍ਰੇਮ ਨਾਲ ਉਸ ਨੂੰ ਉਸ ਮਨ ਵਿਚ ਬੁਲਾਉ ਜਿਸ ਵਿਚ ਪ੍ਰਭੂ-ਪ੍ਰੇਮ ਤੋਂ ਬਿਨਾਂ, ਹੋਰ ਕੁੱਝ ਵੀ ਨਾ ਹੋਵੇ। ਉਹ ਜ਼ਰੂਰ ਆਏਗਾ।

ਮਨ ਦੇ ਭਾਂਡੇ ਨੂੰ ਸਾਫ਼ ਕਰਨਾ ਬੜਾ ਕਠਿਨ ਹੈ। ਲੋਭ, ਮੋਹ, ਹੰਕਾਰ, ਕ੍ਰੋਧ ਤੇ ਕਾਮ ਬੜੇ ਚੀੜ੍ਹੇ ਗੰਦ ਹਨ ਜੋ ਮਨ ਨੂੰ ਏਨੀ ਬੁਰੀ ਤਰ੍ਹਾਂ ਨਾਲ ਚਿੰਬੜੇ ਰਹਿੰਦੇ ਹਨ ਕਿ ਇਨ੍ਹਾਂ ਨੂੰ ਮਨ ਤੋਂ ਵੱਖ ਕਰਨਾ ਬੜਾ ਕਠਿਨ ਕਾਰਜ ਹੈ। ਪਰ ਜਿਸ ਨੇ ਇਹ ਕਰ ਲਿਆ ਤੇ ਸੱਚੇ, ਨਿਸ਼ਕਾਮ ਪਿਆਰ ਨਾਲ ਉਸ ਨੂੰ ਵਾਜ ਮਾਰੀ, ਉਸ ਦੀ ਉਹ ਜ਼ਰੂਰ ਸੁਣਦਾ ਹੈ ਤੇ ਭਰਮ ਦਾ ਪਰਦਾ ਢਾਹ ਕੇ ਉਸ ਨੂੰ ਸਾਖਿਆਤ ਮਿਲ ਪੈਂਦਾ ਹੈ। ਤੁਸੀ ਜੇ ਧਰਮ ਦੀ ਗੱਲ ਕਰਨੀ ਹੈ ਤਾਂ ਸੁਣ ਲਉ, ਇਹੀ ਧਰਮ ਹੈ।

ਕਰਮ ਕਾਂਡ ਕਰਦੇ ਕਰਦੇ ਤੁਸੀ ਜੀਵਨ ਬਿਤਾ ਛਡਿਆ ਹੈ ਤੇ ਲੋਕਾਂ ਨੂੰ ਵੀ ਇਸ ਪਾਸੇ ਲਾਈ ਬੈਠੇ ਹੋ ਤੇ ਇਨ੍ਹਾਂ ਨੂੰ ਝੂਠ ਮੂਠ ਦਸ ਦੇ ਹੋ ਕਿ ਕਰਮ-ਕਾਂਡ ਕਰਨ ਨਾਲ ਰੱਬ ਖ਼ੁਸ਼ ਹੋ ਜਾਂਦਾ ਹੈ। ਅਸਲ ਵਿਚ ਤੁਹਾਨੂੰ ਆਪ ਵੀ ਸੱਚ ਦਾ ਕੁੱਝ ਪਤਾ ਨਹੀਂ ਹੈ। ਮੇਰੀ ਗੱਲ ਮੰਨ ਕੇ ਉਸ ਪ੍ਰਭੂ ਨਾਲ ਮਿਲਾਪ ਕਰੋ ਤਾਂ ਤੁਹਾਨੂੰ ਹੋਰ ਕੋਈ ਮਨੋਕਾਮਨਾ ਕਰਨ ਦੀ ਲੋੜ ਹੀ ਨਹੀਂ ਰਹੇਗੀ, ਸੱਚ ਦਾ ਪਤਾ ਵੀ ਲੱਗ ਜਾਏਗਾ ਤੇ ਇਨ੍ਹਾਂ ਸ਼ਰਧਾਲੂਆਂ ਨੂੰ ਵੀ ਸੱਚ ਦਸ ਸਕੋਗੇ। ਹੁਣ ਤੁਸੀ ਝੂਠ ਦਸ ਰਹੇ ਹੋ। ਇਸ ਤਰ੍ਹਾਂ ਨਾ ਤੁਸੀ ਆਪ ਹੀ ਭਗਵਾਨ ਵਲ ਇਕ ਕਦਮ ਵਧੇ ਹੋ, ਨਾ ਇਨ੍ਹਾਂ ਜਗਿਆਸੂਆਂ ਦੀ ਕੋਈ ਸਹਾਇਤਾ ਹੀ ਕਰ ਰਹੇ ਹੋ।

ਪੁਜਾਰੀ: ਪਰ ਮਨ ਸਾਫ਼ ਕਿਵੇਂ ਹੋਵੇ? ਇਹ ਤਾਂ ਮੰਦਰ ਵਿਚ ਬੈਠਿਆਂ ਵੀ, ਮਾਇਆ ਵਲ ਖਿਚਿਆ ਖਿਚਿਆ ਦੌੜਦਾ ਰਹਿੰਦਾ ਹੈ।
ਬਾਬਾ ਜੀ: ਬੜਾ ਸੌਖਾ ਹੈ। ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਮਨ ਸਾਫ਼ ਹੋ ਜਾਏਗਾ। ਇਹੀ ਇਸ ਦਾ 'ਸਾਬਣ' ਹੈ, ਹੋਰ ਕੁੱਝ ਨਹੀਂ।

 ਚਲਦਾ...