
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਾਂਗਰਸ ਦੀ ਅਗਵਾਈ ਵਾਲੀ ਸਾਬਕਾ ਯੂ.ਪੀ.ਏ. ਸਰਕਾਰ 'ਤੇ ਪਾਕਿਸਤਾਨ ਨੂੰ ਜਵਾਬ...
ਲਖਨਊ : ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਾਂਗਰਸ ਦੀ ਅਗਵਾਈ ਵਾਲੀ ਸਾਬਕਾ ਯੂ.ਪੀ.ਏ. ਸਰਕਾਰ 'ਤੇ ਪਾਕਿਸਤਾਨ ਨੂੰ ਜਵਾਬ ਦੇਣ ਤੋਂ ਮੂੰਹ ਛਿਪਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਇਸ ਸਿਲਸਿਲੇ ਨੂੰ ਪੂਰੀ ਤਰ੍ਹਾਂ ਬਦਲ ਦਿਤਾ। ਲੇਖਿਕਾ ਸੁਮਨ ਦੇਵੀ ਦੀ ਤੀਜੀ ਕਿਤਾਬ 'ਅੰਤਰ ਪ੍ਰਵਾਹ' ਨੂੰ ਰਿਲੀਜ਼ ਕਰਨ ਮੌਕੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅਪਣੇ ਲੋਕਾਂ ਦੀ ਪਿੱਠ ਲਵਾਉਣ ਮਗਰੋਂ ਗੰਭੀਰ ਨਤੀਜਿਆਂ ਦਾ ਖ਼ਤਰਾ ਦੱਸ ਕੇ ਇਹ ਕਹਿੰਦਿਆਂ ਪੱਲਾ ਝਾੜ ਦਿਤਾ ਜਾਂਦਾ ਸੀ ਕਿ ਦੋਵੇਂ ਮੁਲਕ ਪ੍ਰਮਾਣੂ ਤਾਕਤਾਂ ਹਨ ਪਰ ਹੁਣ ਮੋਦੀ ਸਰਕਾਰ ਦੇ ਜ਼ਮਾਨੇ ਵਿਚ ਅਜਿਹਾ ਬਿਲਕੁਲ ਨਹੀਂ ਹੈ।
ਅਸੀ ਪੁਲਵਾਮਾ ਹਮਲੇ ਦੇ ਜਵਾਬ ਤਹਿਤ ਪਾਕਿਸਤਾਨ ਵਿਚ ਅਤਿਵਾਦੀ ਸਿਖਲਾਈ ਕੈਂਪਾਂ 'ਤੇ ਹਮਲਾ ਕੀਤਾ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਨੇ ਲੇਖਿਕਾ ਸੁਮਨ ਦੇਵੀ ਨੂੰ ਹੋਰ ਕਿਤਾਬਾਂ ਲਿਖਣ ਦਾ ਸੱਦਾ ਦਿਤਾ। ਇਸ ਤੋਂ ਪਹਿਲਾਂ ਕਾਨਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜਿਹੜੇ ਲੋਕ ਹਵਾਈ ਫ਼ੌਜ ਤੋਂ ਹਮਲੇ ਦੇ ਸਬੂਤ ਮੰਗ ਰਹੇ ਹਨ, ਉਹ ਦੇਸ਼ਧ੍ਰੋਹੀ ਹਨ। ਉਨ੍ਹਾਂ ਕਿਹਾ, ''ਪਾਕਿਸਾਤਨ ਖ਼ੁਦ ਮੰਨ ਰਿਹਾ ਹੈ ਕਿ ਉਸ ਦੀ ਧਰਤੀ 'ਤੇ ਹਵਾਈ ਹਮਲੇ ਹੋਏ।
ਅਜਿਹੇ ਵਿਚ ਸਬੂਤ ਮੰਗਣ ਵਾਲਿਆਂ ਨੂੰ ਆਪਣੀ ਦੁਸ਼ਮਣੀ ਕਿਸੇ ਪਾਰਟੀ ਜਾਂ ਵਿਅਕਤੀ ਤਕ ਸੀਮਤ ਰਖਣੀ ਚਾਹੀਦੀ ਹੈ ਅਤੇ ਦੇਸ਼ ਨੂੰ ਵਿਚਾਲੇ ਨਹੀਂ ਲਿਆਉਣਾ ਚਾਹੀਦਾ।