
ਪੰਜਾਬ ਅਤੇ ਹਰਿਆਣਾ ਸਮੇਤ ਉੱਤਰ ਦੇ ਕੁੱਝ ਰਾਜਾਂ ਵਿਚ ਹੁੰਮਸ ਭਰੀ ਗਰਮੀ ਦਾ ਪੂਰਾ ਜ਼ੋਰ ਹੈ...........
ਨਵੀਂ ਦਿੱਲੀ : ਪੰਜਾਬ ਅਤੇ ਹਰਿਆਣਾ ਸਮੇਤ ਉੱਤਰ ਦੇ ਕੁੱਝ ਰਾਜਾਂ ਵਿਚ ਹੁੰਮਸ ਭਰੀ ਗਰਮੀ ਦਾ ਪੂਰਾ ਜ਼ੋਰ ਹੈ। ਰਾਜਸਥਾਨ, ਦਿੱਲੀ, ਪਛਮੀ ਅਤੇ ਦਖਣੀ ਯੂਪੀ, ਪੰਜਾਬ ਅਤੇ ਹੋਰਾਂ ਨੂੰ ਮੀਂਹ ਲਈ ਹਾਲੇ ਘੱਟੋ-ਘੱਟੋ ਦੋ ਦਿਨ ਤਕ ਉਡੀਕ ਕਰਨੀ ਪਵੇਗੀ। ਮੌਸਮ ਵਿਭਾਗ ਮੁਤਾਬਕ ਇਨ੍ਹਾਂ ਇਲਾਕਿਆਂ ਵਿਚ 12 ਜੁਲਾਈ ਤੋਂ ਪਹਿਲਾਂ ਮੀਂਹ ਦੇ ਆਸਾਰ ਨਹੀਂ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਅੱਜ ਤੇਜ਼ ਗਰਮੀ ਦਾ ਦੌਰ ਜਾਰੀ ਰਿਹਾ। ਦਿੱਲੀ ਵਿਚ ਕਲ ਪਾਰਾ 40 ਡਿਗਰੀ ਦੇ ਪੱਧਰ ਨੂੰ ਪਾਰ ਕਰ ਗਿਆ ਸੀ। ਅੱਜ ਬੱਦਲ ਛਾਏ ਰਹਿਣ ਨਾਲ ਹੁੰਮਸ ਭਰੀ ਗਰਮੀ ਵਧ ਗਈ। ਪੰਜਾਬ, ਹਰਿਆਣਾ ਵਿਚ ਵੀ ਇਹੋ ਹਾਲ ਰਿਹਾ।
ਵਿਭਾਗ ਨੇ ਮਾਨਸੂਨ ਦੀ ਸਰਗਰਮੀ ਵਾਲੇ ਇਲਾਕਿਆਂ ਦੀ ਹਾਲਤ ਵਿਚ ਕੋਈ ਬਦਲਾਅ ਨਾ ਹੋਣ ਦਾ ਸੰਕੇਤ ਦਿੰਦਿਆਂ ਬੁਧਵਾਰ ਨੂੰ ਕਰਨਾਟਕ,ਕੇਰਲਾ, ਉਤਰਾਖੰਡ, ਅਤੇ ਗੋਆ ਵਿਚ ਕੁੱਝ ਥਾਵਾਂ 'ਤੇ ਤੇਜ਼ ਮੀਂਹ, ਪਛਮੀ ਮੱਧ ਪ੍ਰਦੇਸ਼ ਅਤੇ ਦਖਣੀ ਗੁਜਰਾਤ ਵਿਚ ਕੁੱਝ ਥਾਵਾਂ 'ਤੇ ਮੋਹਲੇਧਾਰ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅਗਲੇ 48 ਘੰਟਿਆਂ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਯੂਪੀ, ਜੰਮੂ ਕਸ਼ਮੀਰ, ਸੌਰਾਸ਼ਟਰ ਅਤੇ ਹੋਰ ਥਾਵਾਂ 'ਤੇ ਤੇਜ਼ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਦਿੱਲੀ ਅਤੇ ਆਲੇ-ਦੁਆਲੇ ਦੇ ਇਲਕਿਆਂ ਵਿਚ 12 ਅਤੇ 13 ਜੁਲਾਈ ਨੂੰ ਛੱਡ ਕੇ 16 ਜੁਲਾਈ ਤਕ ਬੱਦਲ ਛਾਏ ਰਹਿਣ ਅਤੇ ਮਾਮੂਲੀ ਮੀਂਹ ਪੈਣ ਦਾ ਅਨੁਮਾਨ ਹੈ। (ਏਜੰਸੀ)