
ਪਟੀਸ਼ਨਰ ਲੜਕੀ ਨੇ ਦਾਅਵਾ ਕੀਤਾ ਕਿ ਈਸਾ ਮਸੀਹ ਦੀ ਤਸਵੀਰ ਕਿਸੇ ਨੇ ਉਸ ਨੂੰ ਤੋਹਫ਼ੇ ਵਿਚ ਦਿਤੀ ਸੀ ਅਤੇ ਉਸ ਨੇ ਅਪਣੇ ਘਰ ਵਿਚ ਪ੍ਰਦਰਸ਼ਿਤ ਕੀਤੀ ਸੀ।
ਮੁੰਬਈ: ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਕਿਹਾ ਹੈ ਕਿ ਕਿਸੇ ਘਰ ਵਿਚ ਈਸਾ ਮਸੀਹ ਦੀ ਤਸਵੀਰ ਲੱਗਣ ਦਾ ਮਤਲਬ ਇਹ ਨਹੀਂ ਹੈ ਕਿ ਵਿਅਕਤੀ ਨੇ ਈਸਾਈ ਧਰਮ ਅਪਣਾ ਲਿਆ ਹੈ। ਜਸਟਿਸ ਪਿ੍ਰਥਵੀਰਾਜ ਚੌਹਾਨ ਅਤੇ ਉਰਮਿਲਾ ਜੋਸ਼ੀ ਫ਼ਾਲਕੇ ਦੀ ਡਿਵੀਜ਼ਨ ਬੈਂਚ ਨੇ 10 ਅਕਤੂਬਰ ਨੂੰ ਇਕ 17 ਸਾਲਾ ਲੜਕੀ ਵਲੋਂ ਦਾਇਰ ਪਟੀਸ਼ਨ ਨੂੰ ਸਵੀਕਾਰ ਕਰ ਲਿਆ, ਜਿਸ ਵਿਚ ਅਮਰਾਵਤੀ ਜ਼ਿਲ੍ਹਾ ਜਾਤੀ ਪ੍ਰਮਾਣ ਪੱਤਰ ਜਾਂਚ ਕਮੇਟੀ ਵਲੋਂ ਉਸ ਦੀ ਜਾਤੀ ਨੂੰ ‘ਮਹਾਰ’ ਵਜੋਂ ਰੱਦ ਕਰਨ ਦੇ ਸਤੰਬਰ 2022 ਦੇ ਹੁਕਮਾਂ ਨੂੰ ਚੁਨੌਤੀ ਦਿਤੀ ਗਈ ਸੀ।
ਬੈਂਚ ਨੇ ਕਿਹਾ ਕਿ ਵਿਜੀਲੈਂਸ ਅਧਿਕਾਰੀ (ਕਮੇਟੀ) ਦੀ ਰਿਪੋਰਟ ਨੂੰ ਸ਼ੁਰੂ ਵਿਚ ਹੀ ਰੱਦ ਕਰਨ ਦੀ ਲੋੜ ਹੈ ਕਿਉਂਕਿ ਇਹ ਸਪੱਸ਼ਟ ਹੈ ਕਿ ਪਟੀਸ਼ਨਕਰਤਾ ਦਾ ਪ੍ਰਵਾਰ ਬੁੱਧ ਧਰਮ ਦੀ ਪਰੰਪਰਾ ਦੀ ਪਾਲਣ ਕਰਦਾ ਹੈ। ਉਸ ਦੀ ਜਾਤੀ ਦੇ ਦਾਅਵੇ ਨੂੰ ਰੱਦ ਕਰਨ ਦਾ ਫ਼ੈਸਲਾ ਉਦੋਂ ਲਿਆ ਗਿਆ ਜਦੋਂ ਕਮੇਟੀ ਦੇ ਵਿਜੀਲੈਂਸ ਸੈੱਲ ਵਲੋਂ ਜਾਂਚ ਤੋਂ ਬਾਅਦ ਪਾਇਆ ਗਿਆ ਕਿ ਪਟੀਸ਼ਨਕਰਤਾ ਦੇ ਪਿਤਾ ਅਤੇ ਦਾਦਾ ਨੇ ਈਸਾਈ ਧਰਮ ਅਪਣਾ ਲਿਆ ਸੀ ਅਤੇ ਉਨ੍ਹਾਂ ਦੇ ਘਰ ਵਿਚ ਈਸਾ ਮਸੀਹ ਦੀ ਤਸਵੀਰ ਲਟਕਦੀ ਮਿਲੀ ਸੀ। ਕਮੇਟੀ ਨੇ ਕਿਹਾ ਸੀ ਕਿ ਜਦੋਂ ਤੋਂ ਉਨ੍ਹਾਂ ਨੇ ਈਸਾਈ ਧਰਮ ਅਪਣਾਇਆ ਹੈ, ਉਨ੍ਹਾਂ ਨੂੰ ਹੋਰ ਪਛੜੀਆਂ ਸ਼੍ਰੇਣੀਆਂ ਦੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਗਿਆ ਹੈ।
ਪਟੀਸ਼ਨਰ ਲੜਕੀ ਨੇ ਦਾਅਵਾ ਕੀਤਾ ਕਿ ਈਸਾ ਮਸੀਹ ਦੀ ਤਸਵੀਰ ਕਿਸੇ ਨੇ ਉਸ ਨੂੰ ਤੋਹਫ਼ੇ ਵਿਚ ਦਿਤੀ ਸੀ ਅਤੇ ਉਸ ਨੇ ਅਪਣੇ ਘਰ ਵਿਚ ਪ੍ਰਦਰਸ਼ਿਤ ਕੀਤੀ ਸੀ। ਹਾਈ ਕੋਰਟ ਦੇ ਬੈਂਚ ਨੇ ਅਪਣੇ ਹੁਕਮਾਂ ਵਿਚ ਕਿਹਾ ਕਿ ਜਾਂਚ ਦੌਰਾਨ ਵਿਜੀਲੈਂਸ ਸੈੱਲ ਨੂੰ ਪਟੀਸ਼ਨਰ ਦੇ ਪ੍ਰਵਾਰ ਦੇ ਈਸਾਈ ਧਰਮ ’ਚ ਤਬਦੀਲ ਹੋਣ ਦੇ ਕਮੇਟੀ ਦੇ ਦਾਅਵੇ ਦੀ ਪੁਸ਼ਟੀ ਕਰਨ ਲਈ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਦਾਦਾ, ਪਿਤਾ ਜਾਂ ਪਟੀਸ਼ਨਰ ਨੇ ਬਪਤਿਸਮਾ ਲਿਆ ਸੀ।
ਅਦਾਲਤ ਨੇ ਕਿਹਾ, “ਕੋਈ ਵੀ ਵਿਵੇਕਸ਼ੀਲ ਵਿਅਕਤੀ ਇਹ ਸਵੀਕਾਰ ਜਾਂ ਵਿਸ਼ਵਾਸ ਨਹੀਂ ਕਰੇਗਾ ਕਿ ਸਿਰਫ਼ ਘਰ ਵਿਚ ਈਸਾ ਮਸੀਹ ਦੀ ਤਸਵੀਰ ਹੈ, ਇਸਦਾ ਅਸਲ ਵਿਚ ਇਹ ਮਤਲਬ ਹੋਵੇਗਾ ਕਿ ਵਿਅਕਤੀ ਨੇ ਈਸਾਈ ਧਰਮ ਅਪਣਾ ਲਿਆ ਹੈ।’’ ਬੈਂਚ ਨੇ ਕਿਹਾ, ਸਿਰਫ਼ ਇਸ ਲਈ ਕਿਉਂਕਿ ਵਿਜੀਲੈਂਸ ਸੈੱਲ ਦੇ ਅਧਿਕਾਰੀ ਨੇ ਪਟੀਸ਼ਨਕਰਤਾ ਦੇ ਘਰ ਦੇ ਦੌਰੇ ਦੌਰਾਨ ਈਸਾ ਮਸੀਹ ਦੀ ਤਸਵੀਰ ਦੇਖੀ, ਉਨ੍ਹਾਂ ਨੇ ਮੰਨ ਲਿਆ ਕਿ ਪਟੀਸ਼ਨਕਰਤਾ ਦਾ ਪ੍ਰਵਾਰ ਈਸਾਈ ਧਰਮ ਨੂੰ ਮੰਨਦਾ ਹੈ।