
ਕਾਂਗਰਸ ਨੇ ਅਪਣੇ ਸਾਸ਼ਨ ਕਾਲ ਦੌਰਾਨ ਸ਼ਰਨਾਰਥੀਆਂ ਲਈ ਕੁੱਝ ਨਹੀਂ ਕੀਤਾ
ਲਖਨਊ : ਨਾਗਰਿਕਤਾ ਸੋਧ ਕਾਨੂੰਨ ਵਿਰੁਧ ਦੇਸ਼ ਅੰਦਰ ਹੋ ਰਹੇ ਰੋਸ ਪ੍ਰਦਰਸ਼ਨਾਂ ਦਰਮਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਏਏ ਨੂੰ ਕਿਸੇ ਵੀ ਹਾਲਤ 'ਚ ਵਾਪਸ ਨਾ ਲੈਣ ਦਾ ਅਹਿਦ ਕਰਦਿਆਂ ਵਿਰੋਧੀਆਂ 'ਤੇ ਨਿਸ਼ਾਨੇ ਸਾਧੇ ਹਨ। ਨਾਗਕਿਰਤਾ ਕਾਨੂੰਨ ਬਾਰੇ ਸਹੀ ਜਾਣਕਾਰੀ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਵਿੱਢੀ ਮੁਹਿੰਮ ਦਰਮਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਲਖਨਊ ਵਿਖੇ ਇਕੱਠ ਨੂੰ ਸੰਬੋਧਨ ਕੀਤਾ।
Photo
ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਅਪਣਾ ਭਾਸ਼ਣ ਸ਼ੁਰੂ ਕਰਦਿਆਂ ਉਨ੍ਹਾਂ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋ ਰਹੀ ਹਿੰਸਾ ਲਈ ਸਮਾਜਵਾਦੀ ਪਾਰਟੀ, ਕਾਂਗਰਸ, ਬਹੁਜਨ ਸਮਾਜ ਪਾਰਟੀ, ਤ੍ਰਿਣਮੂਲ ਕਾਂਗਰਸ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
Photo
ਜੇਐਨਯੂ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਨਹਿਰੂ ਜੀ ਨੇ ਕਿਹਾ ਸੀ ਕਿ ਕੇਂਦਰੀ ਰਾਹਤ ਕੋਸ਼ ਦੀ ਵਰਤੋਂ ਸ਼ਰਨਾਰਥੀਆਂ ਦੀ ਭਲਾਈ ਲਈ ਕਰਨੀ ਚਾਹੀਦੀ ਹੈ। ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਲਈ ਜੋ ਕੀਤਾ ਜਾ ਸਕਦਾ ਹੈ, ਉਹ ਕਰਨਾ ਚਾਹੀਦਾ ਹੈ ਪਰ ਕਾਂਗਰਸ ਨੇ ਕੁੱਝ ਨਹੀਂ ਕੀਤਾ।
Photo
ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅੰਦਰ ਦੇਸ਼ ਵਿਰੋਧੀ ਨਾਹਰੇ ਲੱਗੇ ਸਨ।
ਉਨ੍ਹਾਂ ਜਨਤਾ ਨੂੰ ਸਵਾਲ ਕੀਤਾ ਕਿ ਜੋ ਭਾਰਤ ਮਾਤਾ ਦੇ ਇਕ ਹਜ਼ਾਰ ਟੁਕੜੇ ਕਰਨ ਦੀ ਗੱਲ ਕਰਦਾ ਹੈ, ਉਸ ਨੂੰ ਜੇਲ ਜਾਣਾ ਚਾਹੀਦਾ ਹੈ ਜਾਂ ਨਹੀਂ। ਹੁਣ ਜਦੋਂ ਮੋਦੀ ਜੀ ਨੇ ਅਜਿਹੇ ਅਨਸਰਾਂ ਨੂੰ ਜੇਲ੍ਹ ਪਹੁੰਚਾਇਆ ਹੈ ਤਾਂ ਰਾਹੁਲ ਗਾਂਧੀ ਵਰਗੇ ਆਗੂ ਇਸ ਨੂੰ ਬੋਲਣ ਦੀ ਆਜ਼ਾਦੀ ਦੇ ਅਧਿਕਾਰ 'ਤੇ ਹਮਲਾ ਕਰਾਰ ਦੇ ਰਹੇ ਹਨ।
Photo
ਅਮਿਤ ਸ਼ਾਹ ਨੇ ਕਿਹਾ ਕਿ ਮੈਂ ਦੇਸ਼ ਵੰਡ ਬਾਅਦ ਪਾਕਿਸਤਾਨ, ਬੰਗਲਾਦਸ਼ ਅਤੇ ਅਫਗਾਨਿਸਤਾਨ ਵਿਚ ਰਹਿ ਗਏ ਕਰੋੜਾਂ ਹਿੰਦੂ, ਸਿੱਖ, ਈਸਾਈ, ਜੈਨ, ਬੋਧੀ ਤੇ ਪਾਰਸੀਆਂ ਦੇ ਦਰਦ ਨੂੰ ਸੁਣਿਆ ਹੈ। ਮਹਾਤਮਾ ਗਾਂਧੀ ਦੀ ਜੈਯੰਤੀ ਵਾਲੇ ਦਿਨ ਹਜ਼ਾਰਾਂ ਮਾਤਾਵਾਂ, ਭੈਣਾਂ ਨਾਲ ਬਲਾਤਕਾਰ ਕੀਤਾ ਗਿਆ। ਉਨ੍ਹਾਂ ਨਾਲ ਜਬਰਦਸਤੀ ਨਿਕਾਹ ਪੜ੍ਹਾਇਆ ਜਾਂਦਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਮੰਦਰ, ਗੁਰਦੁਆਰੇ ਤੋੜੇ ਜਾਂਦੇ ਹਨ। ਇੱਥੋਂ ਤਕ ਕਿ ਅਫਗਾਨਿਸਤਾਨ ਵਿਚ ਅਸਮਾਨ ਛੂੰਹਦੀ ਮੂਰਤੀ ਨੂੰ ਤੋਪ ਦੇ ਗੋਲੇ ਨਾਲ ਤੋੜ ਦਿਤਾ ਗਿਆ।
Photo
ਅਖ਼ੀਰ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਮੈਂ ਡੰਕੇ ਦੀ ਚੋਟ 'ਤੇ ਕਹਿਣਾ ਚਾਹੁੰਦਾ ਹਾਂ ਕਿ ਜਿਸ ਨੇ ਜਿੰਨਾ ਵੀ ਵਿਰੋਧ ਕਰਨਾ ਹੈ, ਕਰੀ ਜਾਵੇ, ਪਰ ਸੀਏਏ ਕਿਸੇ ਵੀ ਹਾਲਤ ਵਿਚ ਵਾਪਸ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਵੋਟ ਬੈਂਕ ਦੇ ਲਾਲਚੀ ਆਗੂਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਨ੍ਹਾਂ ਸ਼ਰਨਾਰਥੀਆਂ ਦੇ ਕੈਂਪਾਂ ਵਿਚ ਜਾ ਕੇ ਵੇਖੋ ਜੋ ਕੱਲ੍ਹ ਤਕ 100-100 ਹੈਕਟੇਅਰ ਦੇ ਮਾਲਕ ਸਨ, ਅੱਜ ਇਕ ਛੋਟੀ ਜਿਹੀ ਝੋਪੜੀ ਵਿਚ ਪਰਵਾਰ ਨਾਲ ਭੀਖ ਮੰਗ ਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ।
Photo
ਅਯੁਧਿਆ ਮੰਦਰ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਜਿੰਨੀ ਦੇਰ ਸੱਤਾ 'ਚ ਰਹੀ, ਉਸ ਨੇ ਮੰਦਰ ਨਹੀਂ ਬਣਨ ਦਿਤਾ। ਇਥੋਂ ਤਕ ਕਿ ਕਾਂਗਰਸੀ ਆਗੂ ਦਪਿਲ ਸਿੱਬਲ ਅਦਾਲਤ 'ਚ ਖੜ੍ਹੇ ਹੋ ਕੇ ਕੇਸ ਵਿਚ ਅੜਿੱਕਾ ਡਾਹੁੰਦੇ ਰਹੇ ਹਨ। ਜਦਕਿ ਮੋਦੀ ਸਰਕਾਰ ਬਣਨ ਤੋਂ ਬਾਅਦ ਸੁਪਰੀਮ ਕੋਰਟ ਵਿਚ ਕੇਸ ਤੇਜ਼ੀ ਨਾਲ ਚੱਲਿਆ ਹੈ ਜਿਸ ਦੇ ਫਲਸਰੂਪ ਹੁਣ ਮੰਦਰ ਬਣਨ ਵਾਲਾ ਹੈ।