
ਚੰਡੀਗੜ੍ਹ : ਬਿਜਲੀ ਦੇ ਹੱਦੋਂ ਵੱਧ ਮਹਿੰਗੇ ਬਿੱਲਾਂ ਦੇ ਸਤਾਏ ਖ਼ਪਤਕਾਰਾਂ ਦੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ...
ਚੰਡੀਗੜ੍ਹ : ਬਿਜਲੀ ਦੇ ਹੱਦੋਂ ਵੱਧ ਮਹਿੰਗੇ ਬਿੱਲਾਂ ਦੇ ਸਤਾਏ ਖ਼ਪਤਕਾਰਾਂ ਦੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਜਾਰੀ ਬਿਜਲੀ ਅੰਦੋਲਨ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਪਿੰਡਾਂ ਦੇ ਤਾਬੜਤੋੜ ਦੌਰਿਆਂ ਨੇ ਇਸ ਅੰਦੋਲਨ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਹੈ।
'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਭਗਵੰਤ ਮਾਨ ਐਤਵਾਰ ਨੂੰ ਸੰਗਰੂਰ ਲੋਕ ਸਭਾ ਹਲਕੇ 'ਚ ਪਿੰਡ ਨੱਤ, ਬਾਜ਼ੀਗਰ ਬਸਤੀ ਧੂਰੀ, ਟਰੱਕ ਯੂਨੀਅਨ ਧੂਰੀ ਸਮੇਤ ਬਾਲਿਆ, ਬਟੂਹਾ ਅਤੇ ਸੰਗਤਪੁਰ ਮੁਹੱਲਾ ਧੂਰੀ 'ਚ ਬਿਜਲੀ ਅੰਦੋਲਨ ਤਹਿਤ ਲੋਕਾਂ ਦੇ ਰੂਬਰੂ ਹੋਏ ਅਤੇ ਉਨ੍ਹਾਂ ਦੀਆਂ ਬਿਜਲੀ ਬਿੱਲਾਂ ਸੰਬੰਧੀ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਸੈਂਕੜੇ ਲੋਕਾਂ ਨੇ ਆਪਣੀ ਬਿਜਲੀ ਖਪਤ ਅਤੇ ਵਿੱਤੀ ਸਮਰੱਥਾ ਤੋਂ ਮਹਿੰਗੇ ਬਿੱਲ ਹੱਥਾਂ 'ਚ ਫੜ ਕੇ ਆਪਣੇ ਦੁਖੜੇ ਸਾਂਝੇ ਕੀਤੇ ਅਤੇ ਇਸ ਮਸਲੇ ਦੇ ਪੱਕੇ ਹੱਲ ਲਈ ਗੁਹਾਰ ਲਗਾਈ। ਮਾਨ ਨੇ ਹਰੇਕ ਪਿੰਡ ਅਤੇ ਮੁਹੱਲੇ 'ਚ ਬਿਜਲੀ ਕਮੇਟੀਆਂ ਗਠਿਤ ਕੀਤੀਆਂ। ਜੋ ਨਾ ਕੇਵਲ ਬਿਜਲੀ ਬਿੱਲ ਪੀੜਤਾਂ ਦੀ ਬਾਂਹ ਫੜਨਗੀਆਂ ਸਗੋਂ ਸਬੰਧਤ ਬਿਜਲੀ ਅਧਿਕਾਰੀਆਂ ਕੋਲ ਜਾ ਕੇ ਮਸਲੇ ਦਾ ਹੱਲ ਵੀ ਕਰਾਉਣਗੀਆਂ।
ਭਗਵੰਤ ਮਾਨ ਨੇ ਜਾਰੀ ਬਿਆਨ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਸਸਤੀ ਬਿਜਲੀ ਪੈਦਾ ਕਰਨ ਵਾਲੇ ਥਰਮਲ ਪਲਾਂਟ ਬੰਦ ਕਰ ਕੇ ਮਹਿੰਗੀ ਬਿਜਲੀ ਵੇਚਣ ਵਾਲੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਬਾਦਲ ਸਰਕਾਰ ਵੱਲੋਂ ਕੀਤੇ ਮਾਰੂ ਸਮਝੌਤੇ ਰੱਦ ਕਰਕੇ ਨਵੇਂ ਸਿਰਿਓਂ ਕੀਤੇ ਜਾਣਗੇ ਅਤੇ ਪੰਜਾਬ ਦੇ ਲੋਕਾਂ ਨੂੰ ਅੱਧੇ ਮੁੱਲ 'ਤੇ ਬਿਜਲੀ ਮੁਹੱਈਆ ਕੀਤੀ ਜਾਵੇਗੀ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਸਮੇਤ ਸਮੁੱਚੀ ਲੀਡਰਸ਼ਿਪ ਬਿਜਲੀ ਅੰਦੋਲਨ ਵਿਚ ਲੱਗੀ ਹੋਈ ਹੈ। ਕੱਲ੍ਹ 300 ਦੇ ਕਰੀਬ ਪਿੰਡਾਂ ਵਿਚ ਬਿਜਲੀ ਅੰਦੋਲਨ ਕੀਤਾ ਗਿਆ ਜਦੋਂਕਿ ਅੱਜ ਇਹ ਗਿਣਤੀ ਅੰਤਿਮ ਰਿਪੋਰਟ ਆਉਣ ਤੱਕ 400 ਤੋਂ ਉੱਪਰ ਜਾਣ ਦੀ ਉਮੀਦ ਹੈ।