
''ਚਾਹਾਂਗਾ ਕਿ ਮੈਂ ਅਪਣੇ ਮੁੱਖ ਮੰਤਰੀ (ਕੈਪਟਨ ਅਮਰਿੰਦਰ ਸਿੰਘ) ਨੂੰ ਨਨਕਾਣਾ ਸਾਹਿਬ ਲੈ ਕੇ ਜਾਂਵਾਂ..............
ਚੰਡੀਗੜ੍ਹ: ''ਚਾਹਾਂਗਾ ਕਿ ਮੈਂ ਅਪਣੇ ਮੁੱਖ ਮੰਤਰੀ (ਕੈਪਟਨ ਅਮਰਿੰਦਰ ਸਿੰਘ) ਨੂੰ ਨਨਕਾਣਾ ਸਾਹਿਬ ਲੈ ਕੇ ਜਾਂਵਾਂ। ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਅਰੰਭ ਨਨਕਾਣਾ ਸਾਹਿਬ ਤੋਂ ਹੋਵੇ। ਬਹੁਤ ਕੁੱਝ ਬਦਲ ਸਕਦਾ ਹੈ। ਮੈਂ ਇਸ ਨੂੰ ਵਡਮੁੱਲੇ ਮੌਕੇ ਦੇ ਤੌਰ 'ਤੇ ਵੇਖਦਾ ਹਾਂ। ਅਮਨ ਦੇ ਤੌਰ 'ਤੇ ਵੇਖਦਾ ਹਾਂ। ਅੰਮ੍ਰਿਤਸਰ ਤੋਂ ਲਾਹੌਰ ਤਕ ਰਸਤਾ ਨਿਕਲ ਸਕਦਾ ਹੈ।'' ਇਹ ਸ਼ਬਦ ਨਵਜੋਤ ਸਿੰਘ ਸਿੱਧੂ ਵਲੋਂ ਬੋਲੇ ਹੀ ਜਾ ਰਹੇ ਸਨ ਕਿ ਪਾਕਿਸਤਾਨ ਤੋਂ ਖ਼ਬਰ ਆ ਗਈ ਕੀ ਇਮਰਾਨ ਨੇ ਵਿਦੇਸ਼ੀ ਪ੍ਰਾਹੁਣਿਆਂ ਨੂੰ ਭੇਜਿਆ ਸੱਦਾ ਵਾਪਸ ਲੈ ਲਿਆ ਹੈ।
ਉਧਰ ਬੀਜੇਪੀ ਨੇਤਾ ਸੁਬਰਾਮਨੀਅਮ ਸਵਾਮੀ ਨੇ ਮੰਗ ਕਰ ਦਿਤੀ ਕਿ ਜਿਸ ਨੂੰ ਵੀ ਪਾਕਿਸਤਾਨ ਨੇ ਸੱਦਾ ਦਿਤਾ ਹੈ, ਉਨ੍ਹਾਂ ਸਾਰਿਆਂ ਨੂੰ ਅਤਿਵਾਦੀ ਮੰਨਿਆ ਜਾਵੇ।
ਇਧਰ ਸਿੱਧੂ ਨੇ ਖ਼ੁਸ਼ ਹੁੰਦੇ ਹੋਏ ਪਾਕਿਸਤਾਨ ਤੋਂ ਕਈ ਆਸਾਂ ਵੀ ਲਗਾ ਲਈਆਂ ਜਦ ਉਨ੍ਹਾਂ ਕਿਹਾ ਕਿ ਇਮਰਾਨ ਮੇਰੇ ਪੁਰਾਣੇ ਮਿੱਤਰ ਹਨ, ਉਹ ਸਾਡੀਆਂ ਇੱਛਾਵਾਂ ਨੂੰ ਖੰਭ ਦੇ ਸਕਦੇ ਹਨ। ਕਰਤਾਰਪੁਰ ਸਾਹਿਬ ਕਾਰੀਡੋਰ ਦੀ ਚਿਰੋਕੀ ਮੰਗ ਸੰਪੂਰਨ ਹੁੰਦੀ ਦਿਸ ਰਹੀ ਹੈ।'' ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਸਿੱਧੂ ਨੇ ਇਨ੍ਹਾਂ ਭਾਵਨਾਵਾਂ ਦਾ ਪ੍ਰਗਟਾਵਾ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕਰਵਾਈ ਗਈ 'ਮੀਟ ਦਾ ਪ੍ਰੈੱਸ' ਦੌਰਾਨ ਕੀਤਾ।
ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਇਮਰਾਨ ਖ਼ਾਨ ਵਲੋਂ ਭਾਰਤ ਦੀਆਂ ਕੁੱਝ ਹਸਤੀਆਂ, ਜਿਨ੍ਹਾਂ ਵਿਚ ਕ੍ਰਿਕਟ ਖਿਡਾਰੀ ਸ਼ਾਮਲ ਹਨ, ਨੂੰ ਸੱਦੇ ਦਿਤੇ ਜਾਣ ਦੀਆਂ ਖ਼ਬਰਾਂ 'ਤੇ ਸਿਆਸਤ ਗਰਮਾ ਗਈ ਹੈ। ਜਿੱਥੇ ਪੰਜਾਬ ਦੇ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖ਼ਾਨ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਸੀ, ਉਥੇ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਨੇਤਾ ਨੇ ਕਿਹਾ ਹੈ ਕਿ ਜੋ ਵੀ ਕੋਈ ਇਮਰਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਵੇਗਾ, ਉਸ ਨੂੰ ਅਤਿਵਾਦੀ ਕਰਾਰ ਦਿਤਾ ਜਾਵੇ।
ਅਸਲ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਲੈਣ ਜਾ ਰਹੇ ਇਮਰਾਨ ਖ਼ਾਨ ਵਲੋਂ ਬਾਲੀਵੁੱਡ ਦੇ ਅਦਾਕਾਰ ਆਮਿਰ ਖ਼ਾਨ, ਕ੍ਰਿਕਟਰ ਕਪਿਲ ਦੇਵ, ਨਵਜੋਤ ਸਿੰਘ ਸਿੱਧੂ, ਸੁਨੀਲ ਗਾਵਸਕਰ ਨੂੰ ਸੱਦਾ ਭੇਜੇ ਜਾਣ ਦੀਆਂ ਖ਼ਬਰਾਂ ਸਨ। ਹਾਲਾਂਕਿ ਬਾਅਦ 'ਚ ਅਜਿਹੀਆਂ ਖ਼ਬਰਾਂ ਆਈਆਂ ਕਿ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ 'ਚ ਕਿਸੇ ਵਿਦੇਸ਼ੀ ਹਸਤੀ ਨੂੰ ਸੱਦਾ ਨਹੀਂ ਦਿਤਾ ਗਿਆ ਹੈ। ਇਸ ਸੱਦੇ ਨੂੰ ਨਵਜੋਤ ਸਿੰਘ ਸਿੱਧੂ ਵੱਡਾ ਸਨਮਾਨ ਦਸਦੇ ਹੋਏ ਮਨਜ਼ੂਰ ਵੀ ਕਰ ਲਿਆ ਸੀ। ਇਮਰਾਨ ਖ਼ਾਨ ਦੇ ਸੱਦੇ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਨੇਤਾ ਸੁਬਰਮਨੀਅਮ ਸਵਾਮੀ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ
ਸਹੁੰ ਚੁੱਕ ਸਮਾਗਮ ਲਈ ਪਾਕਿਸਤਾਨ ਜਾਣ ਵਾਲੇ ਲੋਕਾਂ ਨੂੰ ਅਤਿਵਾਦੀ ਮੰਨਿਆ ਜਾਣਾ ਚਾਹੀਦਾ ਹੈ। ਸਵਾਮੀ ਨੇ ਕਿਹਾ ਕਿ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਦੇ ਲਈ ਪਾਕਿਸਤਾਨ ਜਾਣ ਵਾਲੇ ਲੋਕਾਂ ਨੂੰ ਕਾਲੀ ਸੂਚੀ ਵਿਚ ਪਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਤਿਵਾਦੀਆਂ ਵਾਂਗ ਵੇਖਿਆ ਜਾਣਾ ਚਾਹੀਦਾ ਹੈ। ਭਾਜਪਾ ਨੇਤਾ ਨੇ ਅੱਗੇ ਕਿਹਾ ਕਿ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਬੁਰੀ ਨਜ਼ਰ ਨਾਲ ਵੇਖਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖ਼ਾਨ ਦੇ ਸੱਦੇ ਨੂੰ ਮਨਜ਼ੂਰ ਕਰਦਿਆਂ ਕਿਹਾ ਸੀ, ''ਇਹ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਂ ਸੱਦੇ ਨੂੰ ਸਵੀਕਾਰ ਕਰ ਲਿਆ ਹੈ।
ਇਮਰਾਨ ਖ਼ਾਨ 'ਤੇ ਭਰੋਸਾ ਕੀਤਾ ਜਾਣਾ ਚਾਹੀਦਾ ਹੈ। ਖਿਡਾਰੀ ਪੁਲ ਬਣਾਉਂਦਾ ਹੈ, ਰੋਕਾਂ ਨੂੰ ਤੋੜਦਾ ਹੈ ਅਤੇ ਲੋਕਾਂ ਨੂੰ ਜੋੜਦਾ ਹੈ।'' ਇਮਰਾਨ ਖ਼ਾਨ ਦੀ ਪਾਰਟੀ ਪੀ.ਟੀ.ਆਈ. ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਵਿਦੇਸ਼ੀ ਨੇਤਾਵਾਂ ਨੂੰ ਸੱਦਾ ਭੇਜਣ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਤੋਂ ਪੁੱਛਣਾ ਪਵੇਗਾ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਮੀਡੀਆ ਵਿਚ ਜੋ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿਚ ਵਿਦੇਸ਼ੀ ਮਹਿਮਾਨਾਂ ਦੇ ਆਉਣ ਦੀਆਂ ਖ਼ਬਰਾਂ ਚੱਲ ਰਹੀਆਂ ਹਨ, ਉਹ ਸਹੀ ਨਹੀਂ ਹਨ। ਅਸੀਂ ਇਸ ਮੁੱਦੇ 'ਤੇ ਵਿਦੇਸ਼ ਮੰਤਰਾਲਾ ਤੋਂ ਸੁਝਾਅ ਮੰਗਿਆ ਹੈ ਅਤੇ ਇਸ ਤੋਂ ਬਾਅਦ ਹੀ ਅਸੀਂ ਕੋਈ ਫ਼ੈਸਲਾ ਲਵਾਂਗੇ।
ਇਸ ਮੌਕੇ ਸਿੱਧੂ ਨੇ ਦਾਅਵੇ ਨਾਲ ਕਿਹਾ ਕਿ ਪੰਜਾਬ ਵਹਿੰਦੇ ਦਰਿਆਵਾਂ ਦੀ ਧਰਤੀ ਹੋਣ ਸਦਕਾ ਕੁਦਰਤੀ ਤੌਰ 'ਤੇ ਇਥੇ ਰੇਤ-ਬਜਰੀ ਦੀ 200 ਸਾਲ ਤਕ ਨਿਰਵਿਘਨ ਸਪਲਾਈ ਦੀ ਸਮਰਥਾ ਹੈ, ਪਰ ਅਫ਼ਸੋਸ ਕਿ ਫਿਰ ਲੋਕਾਂ ਦਾ ਤ੍ਰਾਹ ਨਿਕਲਿਆ ਪਿਆ ਹੈ। ਸਿੱਧੂ ਨੇ ਕਿਹਾ ਕਿ ਇਨ੍ਹਾਂ ਵਲੋਂ ਨੀਤੀ ਘੜ ਕੇ ਦਾਅਵਾ ਕੀਤਾ ਜਾ ਚੁੱਕਾ ਹੈ ਕਿ ਰੇਤ ਬੱਜਰੀ ਦੀ ਕੀਮਤ ਸ਼ਰਾਬ ਵਾਂਗ ਤੈਅ ਕਰ ਕੇ ਆਮ ਜਨਤਾ ਨੂੰ ਸਸਤੀ ਦਰ ਉਤੇ ਮੁਹਈਆ ਕਰਵਾਉਣੀ ਲਾਜ਼ਮੀ ਕੀਤੀ ਜਾਵੇ ਅਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਕਿਉਂਕਿ ਨਿਲਾਮੀ ਹੁੰਦੀ ਹੈ ਤਾਂ ਪਹਿਲਾਂ ਬੋਲੀ ਲਾਉਣ ਵਾਲਾ ਆਉਂਦਾ ਹੈ।
ਫਿਰ ਉਸ ਪਿੱਛੇ ਲੰਮਾ-ਚੌੜਾ ਮਾਫ਼ੀਆ ਖੜਾ ਹੁੰਦਾ ਹੈ ਅਤੇ ਇਥੋਂ ਹੀ ਮੰਗ ਅਤੇ ਪੂਰਤੀ ਦਾ ਨਿਯਮ ਵਿਗਾੜ ਕੇ ਇਕ ਹਜ਼ਾਰ ਰੁਪਏ ਵਾਲੀ ਰੇਤ ਟਰਾਲੀ ਪੈਂਤੀ ਸੌ ਦੀ ਕਰ ਦਿਤੀ ਜਾਂਦੀ ਹੈ। ਸਿੱਧੂ ਅਪਣੀ ਇਹ ਨੀਤੀ ਮੁੱਖ ਮੰਤਰੀ ਵਲੋਂ ਨਾ ਮੰਨੇ ਜਾਣ ਨੂੰ ਲੈ ਕੇ ਕਾਫ਼ੀ ਨਿਰਾਸ਼ ਦਿਸੇ ਪਰ ਰਤਾ ਸੰਭਾਲਦਿਆਂ ਉਨ੍ਹਾਂ ਮਾਈਨਿੰਗ, ਗ਼ੈਰ-ਕਾਨੂੰਨੀ ਕਾਲੋਨੀਆਂ ਆਦਿ ਬਾਰੇ ਨੀਤੀ ਘੜਨ ਬਾਰੇ ਸਰਕਾਰ ਵਲੋਂ ਉਨ੍ਹਾਂ ਦੀ ਨਾ ਮੰਨੀ ਜਾ ਰਹੀ ਹੋਣ 'ਤੇ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਨੀਤੀ ਨੂੰ 'ਕੂੜੇ ਦੇ ਡੱਬੇ' ਵਿਚ ਨਹੀਂ ਸੁਟਿਆ ਬਲਕਿ ਉਨ੍ਹਾਂ ਕਿਹਾ ਹੈ ਕਿ ਲਾਗੂ ਕਰਨ ਵਿਚ ਛੇ-ਸੱਤ ਮਹੀਨੇ ਲੱਗ ਜਾਣਗੇ।
ਦਸਣਯੋਗ ਹੈ ਕਿ ਸਿੱਧੂ ਨੇ ਮੁੱਖ ਮੰਤਰੀ ਨੂੰ ਮਾਈਨਿੰਗ ਨੀਤੀ ਤਿਆਰ ਕਰ ਕੇ ਦਿਤੀ ਸੀ, ਜਿਸ ਨੂੰ ਲਾਗੂ ਨਹੀਂ ਕੀਤਾ ਗਿਆ। ਸਥਾਨਕ ਸਿਆਸਤ ਬਾਰੇ ਸਵਾਲਾਂ ਦੇ ਜਵਾਬ 'ਚ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦੇ ਪਿਛਲੀ ਸਰਕਾਰ ਦੇ ਫ਼ੰਡਾਂ ਦੀ ਦੁਰਵਰਤੋਂ ਆਦਿ ਜਿਹੇ ਪ੍ਰਗਟਾਵਿਆਂ 'ਤੇ ਕਾਰਵਾਈ ਨਾ ਕਰਨ ਦਾ ਇਹ ਮਤਲਬ ਨਹੀਂ ਕਿ ਉਹ (ਸਿੱਧੂ) ਮੂੰਹ 'ਤੇ ਢੱਕਣ ਲਾ ਕੇ ਬੈਠ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਚੁੱਪ ਰਹਿਣ ਵਾਸਤੇ ਨਹੀਂ ਚੁਣਿਆ। ਸਿੱਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਹਫ਼ਤਾਵਾਰ ਐਤਵਾਰ ਦੇ ਐਤਵਾਰ ਪਿਛਲੀ ਸਰਕਾਰ ਖ਼ਾਸਕਰ ਬਾਦਲ ਪ੍ਰਵਾਰ ਵਲੋਂ ਕੀਤੀ ਗਈ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਬਾਰੇ ਪ੍ਰਗਟਾਵਿਆਂ ਦੀ ਲੜੀ ਜਾਰੀ ਰਹੇਗੀ।