
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਥੇ ਬਾਦਲ ਪਰਵਾਰ ਅਤੇ ਬਾਦਲ ਦਲ ਦੇ ਹੋਰਨਾਂ ਆਗੂਆਂ ਨੂੰ ਲੰਮੇ ਹੱਥੀਂ ਲੈਂਦਿਆਂ..........
ਕੋਟਕਪੂਰਾ : ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਥੇ ਬਾਦਲ ਪਰਵਾਰ ਅਤੇ ਬਾਦਲ ਦਲ ਦੇ ਹੋਰਨਾਂ ਆਗੂਆਂ ਨੂੰ ਲੰਮੇ ਹੱਥੀਂ ਲੈਂਦਿਆਂ ਉਨ੍ਹਾਂ ਵਲੋਂ ਦਰਬਾਰ ਸਾਹਿਬ 'ਚ ਬਿਨਾਂ ਤਨਖ਼ਾਹ ਲਵਾਇਆਂ ਸੇਵਾ ਕਰਨ ਦੀਆਂ ਤਸਵੀਰਾਂ ਦਾ ਮਖ਼ੌਲ ਉਡਾਇਆ। ਉਨ੍ਹਾਂ ਪ੍ਰਗਟਾਵਾ ਕੀਤਾ ਕਿ ਜੇ ਸੀਬੀਆਈ ਤੋਂ ਬੇਅਦਬੀ ਕਾਂਡ ਵਾਲੀ ਜਾਂਚ ਵਾਪਸ ਨਾ ਲਈ ਜਾਂਦੀ ਤਾਂ ਉਸ ਨੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐਸਆਈਟੀ ਵਲੋਂ ਕਾਬੂ ਕੀਤੇ ਗਏ ਸਾਰੇ ਡੇਰਾ ਪ੍ਰੇਮੀਆਂ ਨੂੰ ਜ਼ਮਾਨਤਾਂ ਦੇ ਦੇਣੀਆਂ ਸਨ ਪਰ ਕੈਪਟਨ ਸਰਕਾਰ ਦਾ ਪ੍ਰਣ ਹੈ ਕਿ ਉਹ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਕੇ ਰਹੇਗੀ।
ਉਨ੍ਹਾਂ ਸਿੱਖ ਕੈਦੀਆਂ ਦਿਲਬਾਗ਼ ਸਿੰਘ, ਗੁਰਜੀਤ ਸਿੰਘ ਖਹਿਰਾ ਅਤੇ ਹਰਨੇਕ ਸਿੰਘ ਭੱਪ ਦੀ ਰਿਹਾਈ ਦੀ ਪ੍ਰਕਿਰਿਆ ਬਿਆਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਖ਼ੁਦ ਜੋ ਕਰ ਸਕਦੀ ਹੈ, ਕਰੇਗੀ ਅਤੇ ਦੂਜੇ ਰਾਜਾਂ ਦੀਆਂ ਸਰਕਾਰਾਂ ਨਾਲ ਤਾਲਮੇਲ ਕਰ ਕੇ ਬੰਦੀ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਏਗੀ। ਉਨ੍ਹਾਂ ਬੰਦੀ ਸਿੰਘਾਂ ਤੋਂ ਇਲਾਵਾ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜੇਲਾਂ 'ਚ ਡੱਕਣ ਅਤੇ ਗੋਲੀਕਾਂਡ ਦੇ ਮੁਲਜ਼ਮਾਂ ਵਲੋਂ ਹਾਈ ਕੋਰਟ ਦਾ ਸਹਾਰਾ ਲੈਣ ਵਾਲੀਆਂ ਗੱਲਾਂ ਦਾ ਜ਼ਿਕਰ ਕਰਦਿਆਂ ਦਸਿਆ ਕਿ ਅਦਾਲਤੀ ਅੜਿੱਕੇ ਦੇ ਬਾਵਜੂਦ ਮੁਲਜ਼ਮਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ।
ਇਨਸਾਫ਼ ਮੋਰਚੇ ਦੀ ਸੰਗਤ ਅੱਗੇ ਸਿਰ ਝੁਕਾਉਂਦੇ ਬਾਦਲਕੇ : ਬਾਜਵਾ
Tripat Rajinder Singh Bajwa
ਅਪਣੇ ਭਾਸ਼ਨ 'ਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਾਦਲਾਂ ਸਮੇਤ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦਾ ਬਕਾਇਦਾ ਨਾਮ ਲੈ ਕੇ ਆਖਿਆ ਕਿ ਉਹ ਦਰਬਾਰ ਸਾਹਿਬ 'ਚ ਜੋੜੇ ਜਾਂ ਭਾਂਡੇ ਸਾਫ਼ ਕਰਨ ਦਾ ਪਖੰਡ ਕਰਨ ਦੀ ਬਜਾਏ ਜੇ ਬਰਗਾੜੀ ਦੇ ਇਨਸਾਫ਼ ਮੋਰਚੇ 'ਚ ਜੁੜੀਆਂ ਸੰਗਤਾਂ ਮੂਹਰੇ ਅਰਜ਼ੋਈ ਕਰਦੇ ਤਾਂ ਸ਼ਾਇਦ ਸੰਗਤਾਂ ਉਨ੍ਹਾਂ ਨੂੰ ਮਾਫ਼ ਕਰਨ ਬਾਰੇ ਵਿਚਾਰ ਕਰਦੀ ਪਰ ਬਾਦਲਾਂ ਨੇ ਸੰਗਤ ਦੀ ਕਦੇ ਪ੍ਰਵਾਹ ਨਹੀਂ ਕੀਤੀ।
ਮੰਤਰੀਆਂ ਦੀ ਤਕਰੀਰ ਸੰਗਤ ਨੂੰ ਸੰਤੁਸ਼ਟ ਨਾ ਕਰ ਸਕੀ, ਲੱਗੇ ਖ਼ਾਲਿਸਤਾਨ ਦੇ ਨਾਹਰੇ
ਦੋਹਾਂ ਕੈਬਨਿਟ ਮੰਤਰੀਆਂ ਅਤੇ ਵਿਧਾਇਕ ਦੀ ਤਕਰੀਰ ਸੰਗਤਾਂ ਨੂੰ ਸੰਤੁਸ਼ਟ ਨਾ ਕਰ ਸਕੀ ਤੇ ਸੰਗਤ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਉਂਦਿਆਂ ਬਾਦਲ ਪਿਉ-ਪੁੱਤ ਨੂੰ ਪਰਚਾ ਦਰਜ ਕਰ ਕੇ ਜੇਲਾਂ 'ਚ ਸੁੱਟਣ ਦੀ ਮੰਗ ਕਰਨ ਲੱਗੀ। ਬਾਅਦ ਵਿਚ ਦਾਦੂਵਾਲ ਨੇ ਮਾਈਕ ਸੰਭਾਲਦਿਆਂ ਸੰਗਤ ਨੂੰ ਸ਼ਾਂਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਵੀ ਬਾਦਲਾਂ ਨੂੰ ਬੇਅਦਬੀ ਅਤੇ ਗੋਲੀਕਾਂਡ ਦਾ ਦੋਸ਼ੀ ਮੰਨਦੇ ਹਨ ਕਿਉਂਕਿ ਹੁਣ ਤਾਂ ਬਾਦਲਾਂ ਨੇ ਦਰਬਾਰ ਸਾਹਿਬ 'ਚ ਭੁੱਲ ਬਖ਼ਸ਼ਾਉਣ ਦਾ ਭਾਵੇਂ ਡਰਾਮਾ ਰਚਿਆ ਪਰ ਇਸ ਨਾਲ ਉਨ੍ਹਾਂ ਪ੍ਰਵਾਨ ਕਰ ਲਿਆ ਕਿ ਉਹ ਦੋਸ਼ੀ ਹਨ, ਇਸ ਲਈ ਸਰਕਾਰ ਨੂੰ ਬਾਦਲਾਂ ਦੇ ਦੋਸ਼ੀਪੁਣੇ ਦੇ ਸਬੂਤ ਲੈਣ ਦੀ ਹੁਣ ਕੋਈ ਲੋੜ ਨਹੀਂ।