
ਹਸਪਤਾਲਾਂ ਵਿਚ ਜਣੇਪਿਆਂ ਦੇ ਸਬੰਧ ਵਿਚ ਪੰਜਾਬ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਪਰ 21ਵੀਂ ਸਦੀ ਦੇ ਦੂਜੇ ਦਹਾਕੇ ਦੇ...
ਚੰਡੀਗੜ੍ਹ (ਸਸਸ) : ਹਸਪਤਾਲਾਂ ਵਿਚ ਜਣੇਪਿਆਂ ਦੇ ਸਬੰਧ ਵਿਚ ਪੰਜਾਬ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਪਰ 21ਵੀਂ ਸਦੀ ਦੇ ਦੂਜੇ ਦਹਾਕੇ ਦੇ ਅਖ਼ੀਰਲੇ ਸਾਲਾਂ ਦੌਰਾਨ ਜਦੋਂ ਸੂਬੇ ਦੇ ਹਰ ਗਲੀ-ਮੁਹੱਲੇ ਵਿਚ ਸਿਹਤ ਸੇਵਾਵਾਂ ਪਹੁੰਚ ਚੁੱਕੀਆਂ ਹਨ, ਇਹ ਬੜਾ ਦੁਖਦਾਈ ਹੈ ਕਿ ਹਾਲੇ ਵੀ ਸੂਬੇ ਵਿਚ ਕੁਝ ਘਰਾਂ 'ਚ ਹੀ ਜਣੇਪਾ ਕਰਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। “ਘਰ ਵਿਚ ਹੋਣ ਵਾਲੇ ਜਣੇਪਾ ਜੱਚਾ ਤੇ ਬੱਚਾ ਦੋਵਾਂ ਦੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੇ ਹਨ”,
ਇਸ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਘਰ ਵਿਚ ਜਣੇਪੇ ਦੇ ਰੁਝਾਨ ਨੂੰ ਰੋਕਣ ਦੀ ਸੁਹਿਰਦ ਕੋਸ਼ਿਸ਼ ਕੀਤੀ ਜਾਵੇਗੀ , ਇਹ ਪ੍ਰਗਟਾਵਾ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ੍ਰੀ ਕਾਹਨ ਸਿੰਘ ਪੰਨੂ ਨੇ ਕੀਤਾ। ਉਹਨਾਂ ਦੱਸਿਆ ਕਿ ਅਪ੍ਰੈਲ ਤੋਂ ਅਗਸਤ 2018 ਦੌਰਾਨ ਜਨਮ ਦਰ ਨਾਲ ਸਬੰਧਤ ਅੰਕੜਿਆਂ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਪੰਜਾਬ ਵਿਚ ਜਨਮੇ ਕੁੱਲ 1,37,742 ਬੱਚਿਆਂ ਵਿਚੋਂ 3600 ਬੱਚਿਆਂ ਦਾ ਜਨਮ ਘਰ ਵਿਚ ਹੋਇਆ ਜੋ ਕਿ ਕੁੱਲ ਜਨਮ ਦਰ ਦਾ 2.6 ਫੀਸਦ ਬਣਦਾ ਹੈ।
ਜ਼ਿਲ੍ਹਾ ਵਾਰ, ਘਰ ਵਿਚ ਹੋਣ ਵਾਲੇ ਜਣੇਪਾ ਦੀ ਦਰ 7.7 - 0.1 ਫੀਸਦ ਹੈ ਜੋ ਇਹ ਦਰਸਾਉਂਦੀ ਹੈ ਕਿ ਉਕਤ ਜਨਮ ਦਰ ਵਿਚ ਕਾਫੀ ਅੰਤਰ ਹੈ। ਇਹ ਬੜਾ ਹੈਰਾਨ ਕਰਨ ਵਾਲਾ ਹੈ ਕਿ ਸਭ ਤੋਂ ਵੱਧ ਪ੍ਰਤੀ ਵਿਅਕਤੀ ਆਮਦਨ ਅਤੇ ਆਧੁਨਿਕ ਜਣੇਪਾ ਸੇਵਾਵਾਂ ਵਾਲੇ ਜ਼ਿਲ੍ਹਾ ਲੁਧਿਆਣਾ 'ਚ ਘਰ ਵਿੱਚ ਹੋਣ ਵਾਲੇ ਜਣੇਪੇ ਦੀ ਫੀਸਦ 7.7 ਹੈ ਜਦੋਂ ਕਿ ਮਾਨਸਾ ਵਿਚ ਇਹ ਫੀਸਦ ਸਿਰਫ 0.3 ਹੈ। ਸ੍ਰੀ ਪੰਨੂ ਨੇ ਕਿਹਾ ਕਿ ਚੰਗੀਆਂ ਸਿਹਤ ਸੁਵਿਧਾਵਾਂ ਦੀ ਮੌਜੂਦਗੀ ਜਾਂ ਚੰਗਾ ਆਰਥਿਕ ਪੱਧਰ ਹੀ ਸੰਸਥਾਗਤ ਜਣੇਪੇ ਨਾ ਹੋਣ ਦਾ ਮੁੱਖ ਕਾਰਨ ਨਹੀਂ ਮੰਨਿਆ ਜਾ ਸਕਦਾ
ਸਗੋਂ ਜਾਗਰੂਕਤਾ ਦੀ ਕਮੀ ਹੀ ਇਸ ਦਾ ਅਸਲ ਕਾਰਨ ਹੈ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇਸ ਮਸਲੇ 'ਤੇ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। ਇਸ ਸਬੰਧ ਵਿਚ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਸਾਰੇ ਜ਼ਿਲ੍ਹਿਆਂ ਦੇ ਸੰਸਥਾਗਤ/ਘਰਾਂ 'ਚ ਹੋਏ ਜਣੇਪਿਆਂ ਦੇ ਅੰਕੜਿਆਂ ਤੋਂ ਜਾਣੂ ਕਰਵਾਇਆ ਗਿਆ ਹੈ। ਜਿਸ ਤਹਿਤ ਬਾਅਦ ਵਿਚ ਸਬੰਧਤ ਡਿਪਟੀ ਕਮਿਸ਼ਨਰਾਂ ਵਲੋਂ ਜੱਚਾ ਤੇ ਬੱਚਾ ਦੀ ਸੁਰੱਖਿਆ ਨਾਲ ਸਬੰਧਤ ਰੂਪ ਰੇਖਾ ਉਲੀਕੀ ਜਾਵੇਗੀ।
ਜਿਨ੍ਹਾਂ ਜ਼ਿਲ੍ਹਿਆਂ ਵਿਚ ਘਰਾਂ 'ਚ ਜਣੇਪੇ ਹੋਣ ਦੇ ਵੱਧ ਮਾਮਲੇ ਦਰਜ ਕੀਤੇ ਗਏ ਹਨ ਉਥੇ ਨਿਰੰਤਰ ਤੇ ਨਿਯਮਤ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਉਕਤ ਮਾਮਲੇ 'ਤੇ ਤਿੱਖੀ ਨਜ਼ਰ ਰੱਖੀ ਜਾ ਸਕੇ। ਜਿੰਨ੍ਹਾਂ ਜ਼ਿਲ੍ਹਿਆਂ ਵਿਚ ਵੱਧ ਉਪਰਾਲੇ ਲੋੜੀਂਦੇ ਹਨ ਉਹਨਾਂ ਵਿਚ ਲੁਧਿਆਣਾ 7.7 ਫੀਸਦ ,ਫਿਰੋਜ਼ਪੁਰ 7.6 ਫੀਸਦ, ਫਾਜ਼ਿਲਕਾ 4.7 ਫੀਸਦ, ਤਰਨ ਤਾਰਨ 4.6 ਫੀਸਦ, ਐਸਏਐਸ ਨਗਰ 4.1 ਫੀਸਦ, ਬਠਿੰਡਾ 3.9 ਫੀਸਦ, ਫਤਿਹਗੜ੍ਹ ਸਾਹਿਬ 3.7 ਫੀਸਦ ਅਤੇ ਅੰਮ੍ਰਿਤਸਰ 3.5 ਫੀਸਦ
ਜਦੋਂ ਕਿ ਫ਼ਰੀਦਕੋਟ 2.9 ਫੀਸਦ, ਗੁਰਦਾਸਪੁਰ 2.7 ਫੀਸਦ, ਮੋਗਾ 2.3 ਫੀਸਦ, ਬਰਨਾਲਾ 1.4, ਪਠਾਨਕੋਟ 1.7 ਫੀਸਦ, ਜਲੰਧਰ 1.3 ਫੀਸਦ, ਮੁਕਤਸਰ 1.2 ਫੀਸਦ ਅਤੇ ਕਪੂਰਥਲਾ 1.0 ਫੀਸਦ ਜਣੇਪੇ ਘਰਾਂ 'ਚ ਹੁੰਦੇ ਹਨ ਅਤੇ ਦਰਮਿਆਨੇ ਯਤਨਾਂ ਦੀ ਲੋੜ ਵਾਲੇ ਜ਼ਿਲ੍ਹੇ ਮੰਨੇ ਗਏ ਹਨ। ਜਿਨ੍ਹਾਂ ਜ਼ਿਲ੍ਹਿਆਂ ਵਿਚ ਇਕ ਫੀਸਦੀ ਤੋਂ ਘੱਟ ਜਣੇਪੇ ਘਰਾਂ 'ਚ ਹੁੰਦੇ ਹਨ ਉਹਨਾਂ ਵਿਚ ਰੂਪਨਗਰ 0.9 ਫੀਸਦ, ਸੰਗਰੂਰ 0.7 ਫੀਸਦ, ਹੁਸ਼ਿਆਰਪੁਰ 0.6 ਫੀਸਦ, ਮਾਨਸਾ 0.3 ਫੀਸਦ, ਨਵਾਂ ਸ਼ਹਿਰ ਅਤੇ ਪਟਿਆਲਾ 0.1 ਫੀਸਦ ਸ਼ਾਮਲ ਹਨ, ਜਿਨ੍ਹਾਂ ਵਿਚ ਸਥਿਤੀ ਮੁਕਾਬਲਤਨ ਚੰਗੀ ਹੈ।