
ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿਚ ਅਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਿਦਿਆਰਥੀ ਸੰਗਠਨ, ਜੋੜ-ਤੋੜ 'ਚ ਲੱਗ ਗਏ ਹਨ...........
ਚੰਡੀਗੜ੍ਹ: ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿਚ ਅਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਿਦਿਆਰਥੀ ਸੰਗਠਨ, ਜੋੜ-ਤੋੜ 'ਚ ਲੱਗ ਗਏ ਹਨ, ਕਿਉਂਕਿ 31 ਅਗੱਸਤ ਨੂੰ ਨਾਂ ਵਾਪਸ ਲਏ ਜਾਣੇ ਹਨ, ਇਸ ਲਈ ਆਖ਼ਰੀ ਕੋਸ਼ਿਸ਼ਾਂ ਜਾਰੀ ਹਨ। ਐਸ.ਐਫ਼.ਐਸ. ਨੇਤਾ ਹਰਮਨ ਨੇ ਦਸਿਆ ਕਿ ਉਹ ਇਕੱਲਿਆਂ ਹੀ ਚੋਣ ਲੜਨਗੇ, ਉਹ ਵੀ ਸਿਰਫ਼ ਪ੍ਰਧਾਨਗੀ ਅਹੁਦੇ ਲਈ। ਇਕ ਸਵਾਲ ਦੇ ਵਜਾਬ ਵਿਚ ਉਨ੍ਹਾਂ ਦਸਿਆ ਕਿ ਬਾਕੀ ਸੀਟਾਂ 'ਤੇ ਵੀ ਉਹ ਕਿਸੇ ਦੀ ਹਮਾਇਤ ਨਹੀਂ ਕਰਨਗੇ। ਐਸ.ਐਫ਼.ਐਸ. ਨੇ ਤਨੂ ਪ੍ਰਿਯਾ ਨਾਮਕ ਲੜਕੀ ਨੂੰ ਪ੍ਰਧਾਨਗੀ ਅਹੁਦੇ ਦੀ ਉਮੀਦਵਾਰ ਬਣਾਇਆ ਹੈ।
ਐਨ.ਐਸ.ਯੂ.ਆਈ. ਨੇਤਾ ਗੁਰਜੋਤ ਸੰਧੂ ਨੇ ਦਸਿਆ ਕਿ ਪਾਰਟੀ ਵਿਚ ਕੋਈ ਧੜੇਬੰਦੀ ਨਹੀਂ। ਛੋਟੀ-ਮੋਟੀ ਨਾਰਾਜ਼ਗੀ ਦੂਰ ਕਰ ਲਈ ਗਈ ਹੈ। ਉਨ੍ਹਾਂ ਦਾ ਪ੍ਰਧਾਨਗੀ ਅਹੁਦੇ ਦਾ ਉਮੀਦਵਾਰ ਸਚਿਨ ਹੈ। ਗੁਰਜੋਤ ਸੰਧੂ ਨੇ ਦਸਿਆ ਕਿ ਗਠਜੋੜ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕਲ ਤਕ ਤਸਵੀਰ ਸਾਫ਼ ਹੋ ਜਾਵੇਗੀ। ਸੋਈ ਦੇ ਬੁਲਾਰੇ ਗੁਰਪਾਲ ਮਾਨ ਨੇ ਵੀ ਦਸਿਆ ਕਿ ਕਈ ਪਾਰਟੀਆ ਨਾਲ ਗੱਲਬਾਤ ਚਲ ਰਹੀ ਹੈ। ਉਹ ਸਿਰਫ਼ ਪ੍ਰਧਾਨਗੀ ਅਹੁਦੇ ਦੀ ਸੀਟ 'ਤੇ ਜ਼ਿਆਦਾ ਜ਼ੋਰ ਲਾਉਣਗੇ। ਉਨ੍ਹਾਂ ਦਾ ਉਮੀਦਵਾਰ ਇਕਬਾਲਪ੍ਰੀਤ ਸਿੰਘ ਪ੍ਰਿੰਸ ਹੈ। ਸੋਈ ਦਾ ਏ.ਬੀ.ਵੀ.ਪੀ. ਨਾਲ ਸਮਝੌਤਾ ਹੋ ਸਕਦਾ ਹੈ।
ਇਨਸੋ ਦੇ ਇਕ ਨੇਤਾ ਰਮਨ ਝਾਕਾ ਨੇ ਦਸਿਆ ਕਿ ਉਨ੍ਹਾਂ ਸਾਰੀਆਂ ਸੀਟਾਂ ਲਈ ਕਾਗ਼ਜ਼ ਭਰੇ ਹਨ ਅਤੇ ਉਹ ਗਠਜੋੜ 'ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਸੰਕੇਤ ਦਿਤਾ ਕਿ ਸੋਈ, ਏ.ਬੀ.ਵੀ.ਪੀ. ਅਤੇ ਇਨਸੋ ਮਿਲ ਕੇ ਚੋਣ ਲੜ ਸਕਦੇ ਹਨ ਪਰ ਇਸ ਦੀ ਤਸਵੀਰ ਕਲ ਤਕ ਸਾਫ਼ ਹੋਵੇਗੀ। ਪੀ.ਐਸ.ਯੂ. (ਲਲਕਾਰ) ਦੇ ਨੇਤਾ ਮਾਨਵ ਨੇ ਦਸਿਆ ਕਿ ਉਹ ਇਕੱਲਿਆਂ ਹੀ ਚੋਣ ਲੜ ਰਹੇ ਹਨ। ਉਨ੍ਹਾਂ ਪ੍ਰਧਾਨਗੀ ਅਹੁਦੇ ਲਈ ਅਮਨਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਹੈ।
ਯੂ.ਪੀ.ਏ. ਬਨਾਮ ਐਨ.ਡੀ.ਏ. : ਇਨ੍ਹਾਂ ਚੋਣਾਂ ਵਿਚ ਯੂ.ਪੀ.ਏ. ਬਨਾਮ ਐਨ.ਡੀ.ਏ. ਹੋ ਸਕਦਾ ਹੈ। ਜੇਕਰ ਅਕਾਲੀ ਦਲ ਬਾਦਲ ਦੀ ਸੋਈ, ਭਾਜਪਾ ਦੀ ਏ.ਬੀ.ਵੀ.ਪੀ. ਅਤੇ ਚੌਟਾਲਾ ਦੀ ਇਨਸੋ ਮਿਲ ਕੇ ਚੋਣ ਲੜ ਸਕਦੇ ਹਨ ਤਾਂ ਦੂਜੇ ਪਾਸੇ ਕਾਂਗਰਸ ਦੀ ਐਨ.ਐਸ.ਯੂ.ਆਈ. ਵੀ ਬਾਕੀ ਪਾਰਟੀਆਂ ਨਾਲ ਚੋਣ ਲੜ ਸਕਦੀ ਹੈ।