ਅਮਰੀਕਾ ਵਿਚ ਧਾਰਮਕ ਆਜ਼ਾਦੀ ਕਾਰਕੁਨਾਂ ਅਤੇ ਕਈ ਹੋਰ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿੰਦੂਵਾਦੀ ਕੱਟੜਵਾਦ ਦੇ ਉਭਾਰ ਨੂੰ ਰੋਕਣ........
ਵਾਸ਼ਿੰਗਟਨ : ਅਮਰੀਕਾ ਵਿਚ ਧਾਰਮਕ ਆਜ਼ਾਦੀ ਕਾਰਕੁਨਾਂ ਅਤੇ ਕਈ ਹੋਰ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿੰਦੂਵਾਦੀ ਕੱਟੜਵਾਦ ਦੇ ਉਭਾਰ ਨੂੰ ਰੋਕਣ ਅਤੇ ਦੇਸ਼ ਵਿਚ ਧਾਰਮਕ ਘੱਟ-ਗਿਣਤੀਆਂ ਵਿਰੁਧ ਹਿੰਸਾ ਵਿਚ ਸ਼ਾਮਲ ਸਮੂਹਾਂ ਨੂੰ ਸਜ਼ਾ ਦੇਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਇਹ ਬੇਨਤੀ ਇਥੇ ਭਾਰਤੀ-ਅਮਰੀਕੀ ਮੁਸਲਿਮ ਪਰਿਸ਼ਦ ਦੁਆਰਾ ਕਰਵਾਏ ਗਏ 'ਭਾਰਤ ਵਿਚ ਧਾਰਮਕ ਆਜ਼ਾਦੀ' ਨਾਮਕ ਸੈਮੀਨਾਰ ਦੌਰਾਨ ਕੀਤੀ ਗਈ।
ਸਮਾਗਮ ਵਿਚ ਕਾਰਕੁਨਾਂ, ਸੰਸਦ ਮੁਲਾਜ਼ਮਾਂ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਇਸ ਤੋਂ ਇਲਾਵਾ ਇਸ ਵਿਚ ਅਮਰੀਕੀ ਅੰਤਰਰਾਸ਼ਟਰੀ ਧਾਰਮਕ ਆਜ਼ਾਦੀ ਕਮਿਸ਼ਨ ਅਤੇ ਨਾਗਰਿਕ ਸਮਾਜ ਦੇ ਲੋਕਾਂ ਨੇ ਹਿੱਸਾ ਲਿਆ। ਕਮਿਸ਼ਨ ਦੀ ਸਾਬਕਾ ਪ੍ਰਧਾਨ ਕੈਟਰੀਨਾ ਲਾਨਟੋਸ ਸਵੇਟ ਨੇ ਕਿਹਾ, 'ਅਪਣੀ ਪਾਰਟੀ ਦੇ ਕੱਟੜਵਾਦੀ ਅਨਸਰਾਂ ਦੀ ਨਿੰਦਾ ਕਰਨ ਅਤੇ ਉਨ੍ਹਾਂ ਤੋਂ ਦੂਰੀ ਬਣਾਉਣ 'ਚ ਮੋਦੀ ਦੀ ਨਾਕਾਮੀ ਨੇ ਅੱਜ ਦੇ ਹਾਲਾਤ ਵਿਚ ਕਾਫ਼ੀ ਅਹਿਮ ਭੂਮਿਕਾ ਨਿਭਾਈ ਹੈ।' ਭਾਰਤ ਦਾ ਕਹਿਣਾ ਹੈ ਕਿ ਉਸ ਦਾ ਸੰਵਿਧਾਨ ਧਰਮ ਦੀ ਆਜ਼ਾਦੀ ਦੇ ਅਧਿਕਾਰ ਸਮੇਤ ਅਪਣੇ ਸਾਰੇ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ
ਅਤੇ ਕਮਿਸ਼ਨ ਕੋਲ ਭਾਰਤੀ ਨਾਗਰਿਕਾਂ ਦੇ ਸੰਵਿਧਾਨਕ ਰੂਪ ਤੋਂ ਸੁਰੱਖਿਅਤ ਅਧਿਕਾਰਾਂ ਬਾਰੇ ਟਿਪਣੀ ਕਰਨ ਦਾ ਕੋਈ ਅਧਿਕਾਰ ਨਹੀਂ। ਬੁਲਾਰਿਆਂ ਨੇ ਮੋਦੀ ਨੂੰ ਧਾਰਮਕ ਘੱਟਗਿਣਤੀਆਂ ਵਿਰੁਧ ਅਜਿਹੀ ਹਿੰਸਾ ਦੀ ਨਿੰਦਾ ਕਰਨ ਦੇ ਨਾਲ-ਨਾਲ ਹਿੰਦੂਤਵਵਾਦੀ ਅਤਿਵਾਦ ਦੇ ਉਭਾਰ ਨੂੰ ਰੋਕਣ ਅਤੇ ਹਿੰਸਾ ਵਿਚ ਸ਼ਾਮਲ ਹਿੰਦੂਤਵਵਾਦੀ ਗਰੁਪਾ ਨੂੰ ਸਜ਼ਾ ਦੇਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ।
ਕਾਂਗਰਸ ਦੀ ਮਨੁੱਖੀ ਅਧਿਕਾਰ ਸ਼ਾਖਾ ਦੀ ਬਾਨੀ ਅਤੇ ਹੋਲੋਕਾਸਟ ਦੇ ਇਕ-ਇਕੋ ਜਿਊਂਦੇ ਬਚੇ ਟਾਮ ਲੈਂਟੋਸ ਦੀ ਪੁਤਰੀ ਸਵੇਟ ਨੇ ਕਿਹਾ ਕਿ ਮੁਸਲਿਮ ਅਤੇ ਈਸਾਈ ਮੁਢਲੇ ਰੂਪ ਵਿਚ ਪੀੜਤ ਹਨ। ਸਵੇਟ ਨੇ ਦੋਸ਼ ਲਾਇਆ, 'ਉਕਸਾਉਣ ਵਾਲੀਆਂ ਆਡੰਬਰ ਭਰੀਆਂ ਗੱਲਾਂ ਅਤੇ ਤੇਜ਼ੀ ਨਾਲ ਉਭਰ ਰਹੀ ਧਰਮ ਆਧਾਰਤ ਭਾਰਤ ਦੀ ਰਾਸ਼ਟਰੀ ਪਛਾਣ ਦੀ ਧਾਰਨਾ ਨੇ ਗ਼ੈਰ-ਹਿੰਦੂਆਂ ਨੂੰ ਡਰਾਉਣ, ਧਮਕਾਉਣ ਅਤੇ ਇਥੇ ਤਕ ਕਿ ਹਿੰਸਾ ਦਾ ਮਾਹੌਲ ਬਣਾਉਣ ਵਿਚ ਯੋਗਦਾਨ ਦਿਤਾ ਹੈ।' (ਏਜੰਸੀ)