
ਵੈਦਿਕ ਸ਼ਬਦਾਵਲੀ ਅਨੁਸਾਰ ਦੀਵਾਲੀ ਜਾਂ ਦੀਪਮਾਲਾ ਦਾ ਅਰਥ ਹੈ- ਦੀਵਿਆਂ ਦੀ ਕਤਾਰ।
ਭਾਰਤ ਵਿਚ ਧਰਮ, ਇਤਿਹਾਸ ਅਤੇ ਮੌਸਮ ਨਾਲ ਸੰਬੰਧਿਤ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਵਿਸ਼ਵ ਭਰ ਵਿਚ ਭਾਰਤ ਹੀ ਇਕ ਅਜਿਹਾ ਮੁਲਕ ਹੈ ਜਿਸਨੂੰ ਮੁੱਢ-ਕਦੀਮੋਂ ਹੀ ਤਿਉਹਾਰਾਂ ਦਾ ਦੇਸ਼ ਹੋਣ ਦਾ ਮਾਣ ਹਾਸਲ ਹੈ। ਸਾਡੇ ਦੇਸ਼ ਵਿਚ ਪੀਰਾਂ-ਫਕੀਰਾਂ, ਰਿਸ਼ੀਆਂ-ਮੁਨੀਆਂ, ਦੇਵੀ-ਦੇਵਤਿਆਂ, ਅਵਤਾਰਾਂ, ਗੁਰੂਆਂ, ਸੂਰਬੀਰ-ਯੋਧਿਆਂ, ਮਨੁੱਖਤਾ ਦੇ ਮੁਦੱਈਆਂ ਅਤੇ ਸ਼ਹੀਦੀ ਪ੍ਰਵਾਨਿਆਂ ਨਾਲ ਸਬੰਧਤ ਵੱਖ-ਵੱਖ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ।
ਇਹ ਪਵਿੱਤਰ ਤਿਉਹਾਰ ਮਨਾਉਣ ਦਾ ਮੰਤਵ ਭਾਰਤੀ ਸੱਭਿਆਚਾਰ ਅਤੇ ਵਿਰਸੇ ਵਿਚ ਵਾਪਰੀਆਂ ਗੌਰਵਮਈ ਘਟਨਾਵਾਂ ਦੇ ਬਿਰਤਾਂਤ ਤੋਂ ਆਮ ਲੋਕਾਂ ਨੂੰ ਜਾਣੂ ਤੇ ਦ੍ਰਿੜ ਕਰਵਾਉਣਾ ਹੁੰਦਾ ਹੈ। ਇਨ੍ਹਾਂ ਤਿਉਹਾਰਾਂ ਵਿੱਚੋਂ ਦੀਵਾਲੀ ਵੀ ਇਕ ਅਜਿਹਾ ਹੀ ਪਾਵਨ ਪੁਰਬ ਹੈ ਜਿਸ ਨੂੰ ਹਿੰਦੋਸਤਾਨੀ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ।
ਹਿੰਦੂ ਤੇ ਸਿੱਖ ਧਰਮ ਦਾ ਦੀਵਾਲੀ ਨਾਲ ਕਿਉਂ ਹੈ ਗੂੜਾ ਸਬੰਧ ?
ਹਿੰਦੂ ਧਰਮ ਦੀ ਗੱਲ ਕਰੀਏ ਤਾਂ ਹਿੰਦੂ ਧਰਮ ਦੇ ਲੋਕ ਇਸ ਤਿਉਹਾਰ ਨੂੰ ਰਾਮ ਚੰਦਰ ਜੀ ਦੇ ਬਨਵਾਸ ਕੱਟਣ ਤੋਂ ਬਾਅਦ ਅਯੁੱਧਿਆ ਵਾਪਸ ਪਰਤਣ ਦੀ ਖ਼ੁਸ਼ੀ ਵਿੱਚ ਮਨਾਉਂਦੇ ਹਨ। ਸਿੱਖ ਭਾਈਚਾਰੇ ਵਿਚ ਇਸ ਤਿਉਹਾਰ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਲਿਆਉਣ ਦੀ ਖ਼ੁਸ਼ੀ ਵਿੱਚ ਦੀਪਮਾਲਾ ਕਰ ਕੇ ਮਨਾਇਆ ਜਾਂਦਾ ਹੈ। ਗੁਰੂ ਮਹਾਰਾਜ ਜੀ ਦੀ ਵਾਪਸੀ ’ਤੇ ਖੁਸ਼ੀਆਂ ਮਨਾਈਆਂ ਤਦ ਤੋਂ ਦੀਵਾਲੀ ਦੇ ਤਿਉਹਾਰ ਨੂੰ ਸਿੱਖਾਂ ਵੱਲੋਂ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਦੀਵਾਲੀ ਦਾ ਅਰਥ
ਵੈਦਿਕ ਸ਼ਬਦਾਵਲੀ ਅਨੁਸਾਰ ਦੀਵਾਲੀ ਜਾਂ ਦੀਪਮਾਲਾ ਦਾ ਅਰਥ ਹੈ- ਦੀਵਿਆਂ ਦੀ ਕਤਾਰ। ਪ੍ਰਮਾਣਿਕ ਤੌਰ ’ਤੇ ਦੀਵੇ ਜਗਾਉਣ ਦੀ ਪ੍ਰਥਾ ਦੇ ਆਰੰਭ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਮਿਥਿਹਾਸਕ ਪ੍ਰਸੰਗਾਂ, ਸੀਨਾ-ਬਸੀਨਾ ਚੱਲੀਆਂ ਆ ਰਹੀਆਂ ਕਥਾ-ਕਹਾਣੀਆਂ, ਪ੍ਰਾਚੀਨ ਗ੍ਰੰਥਾਂ ਦੀਆਂ ਇਬਾਰਤਾਂ, ਇਤਿਹਾਸਕ ਅਤੇ ਧਾਰਮਿਕ ਵਿਰਸੇ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ਤੇ ਦਸਤਾਵੇਜ਼ਾਂ ਅਨੁਸਾਰ ਦੀਵਾਲੀ ਦਾ ਤਿਉਹਾਰ ਭਾਰਤੀ ਸੱਭਿਆਚਾਰ ਤੇ ਲੋਕਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਚੁੱਕਿਆ ਹੈ। ਦੀਵਾਲੀ ਆਪਸੀ ਸਾਂਝ ,ਖੁਸ਼ੀ ਤੇ ਮੋਹ ਪਿਆਰ ਦਾ ਪ੍ਰਤੀਕ ਹੈ।
ਕਿਸ ਮਹੀਨੇ ਮਨਾਇਆ ਜਾਣਦਾ ਹੈਂ ਇਹ ਤਿਉਹਾਰ
ਭਾਰਤ ਵਿਚ ਧਰਮ, ਇਤਿਹਾਸ ਅਤੇ ਮੌਸਮ ਨਾਲ ਸੰਬੰਧਿਤ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਅਕਤੂਬਰ ਅਤੇ ਨਵੰਬਰ ਮਹੀਨਿਆਂ ਦੌਰਾਨ ਠੰਢ ਦੀ ਦਸਤਕ ਦੇ ਨਾਲ ਹੀ ਤਿਉਹਾਰਾਂ ਦੀਆਂ ਰੌਣਕਾਂ ਵੀ ਸ਼ੁਰੂ ਹੀ ਜਾਂਦੀਆਂ ਹਨ। ਇਹਨਾਂ ਹੀ ਮਹੀਨਿਆਂ ਦੌਰਾਨ ਸਮੁੱਚੇ ਉੱਤਰ ਭਾਰਤ ਵਿੱਚ ਮਨਾਇਆ ਜਾਂਦਾ ਹੈ ਦਿਵਾਲੀ ਦਾ ਤਿਉਹਾਰ। ਕੀ ਪਿੰਡ ਅਤੇ ਕੀ ਸ਼ਹਿਰ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਹੁੰਦੀਆਂ ਹਨ। ਦੀਵਾਲੀ ਭਾਰਤ ਦਾ ਕੌਮੀ ਤਿਉਹਾਰ ਹੈ ਜੋ ਪੂਰੇ ਭਾਰਤ ਵਿਚ ਬੜੀ ਸ਼ਰਧਾ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ।
ਕਿਹੜਾ ਹਿੰਦੂ, ਮੁਸਲਮਾਨ, ਸਿੱਖ, ਇਸਾਈ? ਇਸ ਦਿਨ ਸਾਰੇ ਲੋਕ ਆਪਣੇ ਘਰਾਂ ਨੂੰ ਦੀਵੇ ਅਤੇ ਮੋਮਬੱਤੀਆਂ ਨਾਲ ਜਗਾ ਕੇ ਰੌਸ਼ਨ ਕਰਦੇ ਹਨ। ਦੀਵਾਲੀ ਵਾਲੇ ਦਿਨ ਸਾਰੀਆਂ ਜਾਤੀਆਂ ਅਤੇ ਧਰਮਾਂ ਦੇ ਲੋਕ ਘਰਾਂ ਵਿਚ ਦੀਵੇ ਜਗਾ ਕੇ ਆਪਸੀ ਭਾਈਚਾਰੇ ਦਾ ਪ੍ਰਤੀਕ ਬਣਦੇ ਹਨ।
ਲੋਕਾਂ ਨੂੰ ਦੀਵਾਲੀ ਮਨਾਉਣ ਪ੍ਰਤੀ ਜਾਗਰੂਕ
ਵੱਖ-ਵੱਖ ਸੰਸਥਾਵਾਂ ਵੱਲੋਂ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਇਸ ਦੀ ਅੱਜ ਲੋੜ ਵੀ ਹੈ। ਇਸ ਮੌਕੇ ਕਾਲਜਾਂ ਸਕੂਲਾਂ ਦੇ ਵਿਦਿਆਰਥੀਆਂ ਵਿਚ ਰੰਗੋਲੀ, ਚਾਰਟ ਮੇਕਿੰਗ ਤੇ ਹੋਰ ਕਈ ਪ੍ਰਕਾਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਵਿਦਿਆਰਥੀ ਬਹੁਤ ਹੀ ਸੁੰਦਰ ਤਰੀਕੇ ਨਾਲ ਆਪਣੇ ਹੁਨਰ ਦਾ ਪ੍ਰਗਟਾਵਾ ਕਰਦੇ ਹਨ। ਇਸ ਸਾਲ ਕੋਰੋਨਾ ਕਰਕੇ ਸਰਕਾਰ ਨੇ ਈਕੋ ਫਰੈਂਡਲੀ ਦੀਵਾਲੀ ਮਨਾਉਣ ਦੇ ਆਦੇਸ਼ ਦਿੱਤੇ ਹਨ।
ਈਕੋ ਫਰੈਂਡਲੀ ਦੀਵਾਲੀ ਦਾ ਮਕਸਦ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਉਣਾ ਹੈ। ਇਸ ਤਰਾਂ ਅਸੀਂ ਕਿਹ ਸਕਦੇ ਹਾਂ ਕਿ ਦੀਵਾਲੀ ਦਾ ਤਿਉਹਾਰ ਰੰਗਾਂ, ਰੌਸ਼ਨੀਆਂ, ਖ਼ੁਸ਼ੀਆਂ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਇਸ ਮੌਕੇ ਸਾਨੂੰ ਆਪਸੀ ਭਾਈਚਾਰੇ ਅਤੇ ਸਾਂਝ ਦੀਆਂ ਤੰਦਾਂ ਨੂੰ ਮਜਬੂਤ ਕਰਨ ਦੀ ਲੋੜ ਹੈ।