
ਜਥੇਦਾਰ ਵੱਲੋਂ ਦਰਬਾਰ ਸਾਹਿਬ ਤੋਂ ਕੀਤੀ ਕਥਾ 'ਤੇ ਉਠਾਏ ਸਵਾਲ
ਪਟਿਆਲਾ: ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਕ ਵਾਰ ਫਿਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਉਨ੍ਹਾਂ ਵੱਲੋਂ ਕੀਤੀ ਗਈ ਇਕ ਕਥਾ 'ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਨੇ ਸਵਾਲ ਕੀਤਾ ਕਿ ਜਥੇਦਾਰ ਦੀ ਪੀਐਚਡੀ ਕਿੱਥੇ ਗਈ ਜੋ ਦਰਬਾਰ ਸਾਹਿਬ ਤੋਂ ਕਥਾ ਕਰਕੇ ਇਹ ਆਖਦੇ ਹਨ ਕਿ ਧਰਤੀ ਰਾਖਸ਼ਾਂ ਦੀ ਮਿੱਝ ਤੋਂ ਬਣੀ ਸੀ।
Bhai Ranjit Singh Dhadrinwala
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੋ ਮਰਜ਼ੀ ਬੋਲੀ ਜਾਣ ਕਿਸੇ ਦੀ ਜ਼ੁਬਾਨ ਨਹੀਂ ਖੁੱਲ਼੍ਹਦੀ। ਉਹਨਾਂ ਕਿਹਾ ਕਿ ‘ਜਥੇਦਾਰ ਨੇ ਮੂੰਹ ‘ਚ ਘੁੰਗਣੀਆਂ ਪਾ ਲਈਆਂ ਹਨ। ਜੇਕਰ ਉਹਨਾਂ ਨੇ ਕਿਹਾ ਕਿ ਇਕਬਾਲ ਸਿੰਘ ਨੇ ਗਲਤ ਕਿਹਾ ਹੈ ਤਾਂ ਇਕਬਾਲ ਸਿੰਘ ਉਹਨਾਂ ਅੱਗੇ ਗ੍ਰੰਥ ਖੋਲ੍ਹ ਕੇ ਰੱਖ ਦੇਣਗੇ ਤੇ ਫਿਰ ਢੱਡਰੀਆਂ ਵਾਲਾ ਸੱਚਾ ਹੋ ਜਾਵੇਗਾ, ਕਿਉਂਕਿ ਉਹ ਤਾਂ ਪਹਿਲਾਂ ਤੋਂ ਹੀ ਕਹਿ ਰਿਹਾ ਹੈ ਕਿ ਗ੍ਰੰਥਾਂ ਵਿਚ ਗਲਤ ਲਿਖਿਆ ਹੈ ਤੇ ਮਿਲਾਵਟ ਹੈ, ਇਸ ਲਈ ਉਹ ਚੁੱਪ ਹੀ ਕਰ ਗਏ’।
Giani Harpreet Singh
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਤੋਂ ਜਥੇਦਾਰ ਦੀ ਕਥਾ ਸੁਣੀ ਤਾਂ ਉਹ ਹੈਰਾਨ ਹੋ ਗਏ। ਉਹਨਾਂ ਨੇ ਕਥਾ ਦੌਰਾਨ ਕਿਹਾ ਕਿ ਧਰਤੀ ਰਾਖਸ਼ਾਂ ਦੀ ਮਿੱਝ ਤੋਂ ਬਣੀ ਹੈ। ਭਾਈ ਢੱਡਰੀਆਂਵਾਲੇ ਨੇ ਕਿਹਾ ਕਿ ਜਦੋਂ ਸਾਡੇ ਬੱਚੇ ਵਿਦੇਸ਼ਾਂ ਵਿਚ ਜਾਣਗੇ ਤਾਂ ਜੇਕਰ ਉਹ ਉੱਥੇ ਦੱਸਣਗੇ ਧਰਤੀ ਰਾਖਸ਼ਾਂ ਦੀ ਮਿੱਝ ਤੋਂ ਬਣੀ ਹੈ ਤਾਂ ਲੋਕ ਹੱਸਣਗੇ ਤੇ ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਨੇ ਪੀਐਚਡੀ ਕੀਤੀ ਹੈ।
Bhai Ranjit Singh Ji Dhadrianwale and Giani Harpreet Singh
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਗਿਆਨੀ ਹਰਪ੍ਰੀਤ ਸਿੰਘ 'ਤੇ ਕਈ ਵਾਰ ਨਿਸ਼ਾਨਾ ਸਾਧ ਚੁੱਕੇ ਹਨ। ਉਹਨਾਂ ਨੇ ਮੋਦੀ ਅਤੇ ਇਕਬਾਲ ਸਿੰਘ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਦਿੱਤੇ ਗਏ ਬਿਆਨ ਨੂੰ ਲੈ ਕੇ ਜਥੇਦਾਰ ਦੀ ਚੁੱਪੀ 'ਤੇ ਵੀ ਸਵਾਲ ਉਠਾਏ ਸਨ।