ਧਾਰਮਿਕ ਫਿਰਕੂ ਨਫ਼ਰਤ ਤੋਂ ਲੈ ਕੇ ਕਿਸਾਨਾਂ 'ਤੇ ਸਰਕਾਰੀ ਹਮਲੇ ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
No. 1- Fact Check: ਹੁਣ UP 'ਚ ਸਿੱਖ ਨਾਲ Mob Lynching? ਨਹੀਂ, ਜਾਣੋ ਅਸਲ ਸੱਚ
ਪਿਛਲੇ ਦਿਨਾਂ ਮਹਾਰਾਸ਼ਟਰ ਤੋਂ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸਨੇ ਸਾਰਿਆਂ ਦੇ ਮਨਾਂ ਨੂੰ ਸਹਿਮਾ ਕੇ ਰੱਖ ਦਿੱਤਾ ਸੀ। ਮਾਮਲਾ ਸੀ ਸਿੱਖ ਬੱਚਿਆਂ ਨਾਲ ਬੇਹਰਿਹਮੀ ਨਾਲ ਕੀਤੀ ਗਈ ਭੀੜ ਵੱਲੋਂ ਕੁੱਟਮਾਰ ਦਾ ਜਿਸਦੇ ਵਿਚ ਇੱਕ ਬੱਚੇ ਦੀ ਮੌਤ ਹੁੰਦੀ ਹੈ। ਸੋਸ਼ਲ ਮੀਡੀਆ 'ਤੇ ਇਸਦੇ ਨਾਲ ਇੱਕ ਹੋਰ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਇੱਕ ਵਿਅਕਤੀ ਨੂੰ ਪੁਲਿਸ ਦੀ ਹਾਜ਼ਰੀ 'ਚ ਬੇਹਰਿਹਮੀ ਨਾਲ ਕੁੱਟਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਵੀਡੀਓ ਉੱਤਰ ਪ੍ਰਦੇਸ਼ ਦਾ ਹੈ ਜਿਥੇ ਸਿੱਖ ਨੌਜਵਾਨ ਨੂੰ ਬੇਹਰਿਹਮੀ ਨਾਲ ਮਾਰ ਦਿੱਤਾ ਗਿਆ। ਦਾਅਵੇ ਅਨੁਸਾਰ ਵੀਡੀਓ ਵਿਚ ਜਿਸ ਵਿਅਕਤੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਉਹ ਅਸਲ ਵਿਚ ਲਖੀਮਪੁਰ ਖੇੜੀ ਮਾਮਲੇ ਦਾ ਗਵਾਹ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਬਿਹਾਰ ਦਾ ਇੱਕ ਪੁਰਾਣਾ ਮਾਮਲਾ ਸੀ। ਇਸ ਵੀਡੀਓ ਵਿਚ ਕੋਈ ਉੱਤਰ ਪ੍ਰਦੇਸ਼ ਦਾ ਸਿੱਖ ਨਹੀਂ ਸੀ ਅਤੇ ਇਸਦੇ ਵਿਚ ਕੋਈ ਫਿਰਕੂ ਐਂਗਲ ਵੀ ਨਹੀਂ ਸੀ। ਬਿਹਾਰ ਦੇ ਪੁਰਾਣੇ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਗਿਆ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No. 2- Fact Check: IT ਸੈੱਲ ਤੇ ਉਸਦਾ ਫਰਜ਼ੀ ਰੰਗ, ਦੇਖੋ ਕਿਵੇਂ ਐਡੀਟੇਡ ਤਸਵੀਰ ਬਣਾ ਕੇ ਕੀਤਾ ਦੇਸ਼ ਦੇ ਪਹਿਲਵਾਨਾਂ ਨੂੰ ਬਦਨਾਮ
ਜੰਤਰ ਮੰਤਰ 'ਤੇ ਧਰਨਾ ਦੇ ਰਹੇ ਪਹਿਲਵਾਨਾਂ ਨੂੰ 28 ਮਈ 2023 ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕਰਲਿਆ ਗਿਆ ਅਤੇ ਉਨ੍ਹਾਂ ਦੇ ਟੇਂਟ ਅਤੇ ਸਮਾਨ ਜੰਤਰ ਮੰਤਰ ਤੋਂ ਹਟਾ ਦਿੱਤੇ ਗਏ। ਸੋਸ਼ਲ ਮੀਡੀਆ 'ਤੇ ਇਸ ਮਾਮਲੇ ਨੂੰ ਲੈ ਕੇ ਕਈ ਵੀਡੀਓ ਤਸਵੀਰਾਂ ਵਾਇਰਲ ਹੋਈਆਂ ਜਿਨ੍ਹਾਂ ਵਿਚ ਪਹਿਲਵਾਨਾਂ ਨਾਲ ਪੁਲਿਸ ਦਾ ਕਥਿਤ ਮਾੜਾ ਸਲੂਕ ਵੇਖਿਆ ਜਾ ਸਕਦਾ ਸੀ। ਇਸੇ ਤਰ੍ਹਾਂ ਪਹਿਲਵਾਨਾਂ ਨੂੰ ਬਦਨਾਮ ਕਰਨ ਲਈ IT ਸੈੱਲ ਦੁਆਰਾ ਵੀ ਕੋਸ਼ਿਸ਼ ਕੀਤੀ ਗਈ। ਇਸ ਸੈੱਲ ਨੇ ਪਹਿਲਵਾਨਾਂ ਦੀ ਇੱਕ ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਕਿ ਪਹਿਲਵਾਨ ਸਿਰਫ ਟੀਵੀ ਮੀਡੀਆ ਸਾਹਮਣੇ ਦੁਖੀ ਹੋਣ ਦਾ ਬਹਾਨਾ ਕਰ ਰਹੇ ਹਨ ਜਦਕਿ ਉਹ ਅੰਦਰ ਖਾਤੇ ਖੁਸ਼ ਹਨ। ਆਈਟੀ ਸੈੱਲ ਨੇ ਇੱਕ ਤਸਵੀਰ ਵਾਇਰਲ ਕੀਤੀ ਜਿਸਦੇ ਵਿਚ ਪਹਿਲਵਾਨਾਂ ਨੂੰ ਪੁਲਿਸ ਦੀ ਗ੍ਰਿਫਤ 'ਚ ਬਸ ਅੰਦਰ ਬੈਠ ਕੇ ਹਸਦਿਆਂ ਦੀ ਸੈਲਫੀ ਖਿੱਚਦੇ ਵੇਖਿਆ ਜਾ ਸਕਦਾ ਸੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਇੱਕ ਐਡੀਟੇਡ ਟੂਲ ਦੀ ਮਦਦ ਨਾਲ ਬਣਾਈ ਗਈ ਸੀ। ਐਡੀਟੇਡ ਤਸਵੀਰ ਬਣਾ ਕੇ ਪਹਿਲਵਾਨਾਂ 'ਤੇ ਨਿਸ਼ਾਨੇ ਸਾਧੇ ਗਏ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No. 3- ਦਰਬਾਰ ਸਾਹਿਬ ਸਾਹਮਣੇ ਨਸ਼ਿਆਂ ਖਿਲਾਫ ਕੀਤਾ ਗਿਆ Protest? ਨਹੀਂ, ਪੜ੍ਹੋ Fact Check ਰਿਪੋਰਟ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰਲੇ ਪਰਿਸਰ 'ਚ ਚਿੱਟੀ ਸਾੜੀਆਂ ਪਾਏ ਔਰਤਾਂ ਨੂੰ ਹੱਥ 'ਚ ਨਸ਼ਿਆਂ ਖਿਲਾਫ ਬੈਨਰ ਫੜੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਦਰਬਾਰ ਸਾਹਿਬ ਵਿਖੇ ਲੋਕਾਂ ਨੇ ਨਸ਼ਿਆਂ ਖਿਲਾਫ ਧਰਨਾ ਲਾਇਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਰਬਾਰ ਸਾਹਿਬ ਸਾਹਮਣੇ ਲਾਏ ਕਿਸੇ ਧਰਨੇ ਦਾ ਨਹੀਂ ਸੀ। ਇਹ ਵੀਡੀਓ ਬ੍ਰਹਮਕੁਮਾਰੀ ਸੰਸਥਾ ਦੇ ਲੋਕਾਂ ਦਾ ਸੀ ਜਿਨ੍ਹਾਂ ਨੇ ਨਸ਼ਿਆਂ ਖਿਲਾਫ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਦੁਰਗਿਆਣਾ ਮੰਦਿਰ ਤੱਕ ਜਾਗਰੂਕਤਾ ਰੈਲੀ ਕੱਢੀ ਸੀ। ਇਹ ਕਿਸੇ ਧਰਨੇ ਦਾ ਵੀਡੀਓ ਨਹੀਂ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No. 4- Fact Check: ਰੇਲ ਦੀ ਪੱਟੜੀ 'ਤੇ ਸੁੱਟੇ ਗਏ ਸਿਲੰਡਰ ਦੀ ਇਸ ਵੀਡੀਓ ਦਾ ਪੜ੍ਹੋ ਅਸਲ ਸੱਚ
ਕੁਝ ਦਿਨਾਂ ਪਹਿਲਾਂ ਹੋਏ ਉੜੀਸਾ 'ਚ ਰੇਲ ਹਾਦਸੇ ਨੇ ਪੂਰੀ ਦੁਨੀਆ ਨੂੰ ਝਕਝੋਰ ਕੇ ਰੱਖ ਦਿੱਤਾ। ਇਸ ਹਾਦਸੇ ਵਿਚ ਵਿਛੜੀਆਂ ਰੂਹਾਂ ਲਈ ਦੁਨੀਆ ਦੇ ਤਮਾਮ ਵੱਡੇ ਆਗੂਆਂ ਨੇ ਅਰਦਾਸ ਕੀਤੀ। ਇਸੇ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਫਟੇ ਸਿਲੰਡਰ ਨੂੰ ਟ੍ਰੇਨ ਹੇਠਾਂ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਕਈ ਸਵਾਲ ਚੁੱਕੇ ਗਏ। ਯੂਜ਼ਰਸ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਰੇਲ ਹਾਦਸੇ ਸਾਜਿਸ਼ਾਂ ਤਹਿਤ ਹੋ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਆਪਣੀ ਸਰਚ ਦੌਰਾਨ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 1 ਸਾਲ ਪੁਰਾਣਾ ਸੀ ਜਦੋਂ ਗੰਗਾਰਾਮ ਨਾਂਅ ਦੇ ਵਿਅਕਤੀ ਵੱਲੋਂ ਖਾਲੀ ਸਿਲੰਡਰ ਰੇਲ ਦੀ ਪੱਟੜੀ 'ਤੇ ਸੁੱਟ ਦਿੱਤਾ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No. 5- Fact Check: MSP ਵਾਧੇ ਨੂੰ ਲੈ ਕੇ ਹਰਿਆਣਾ 'ਚ ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈ ਝੜਪ ਨਾਲ ਇਸ ਤਸਵੀਰ ਦਾ ਕੋਈ ਸਬੰਧ ਨਹੀਂ ਹੈ
ਬੀਤੇ ਦੀਨਾਂ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨ ਆਗੂ ਗੁਰਨਾਮ ਸਿੰਘ ਚੜੁਣੀ ਦੀ ਅਗੁਆਈ 'ਚ ਸੂਰਜਮੁਖੀ ਫਸਲ ਦੇ MSP ਵਾਧੇ ਨੂੰ ਲੈ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਹਿੰਸਕ ਝੜਪ ਵੇਖਣ ਨੂੰ ਮਿਲੀ ਜਿਸਦੇ ਵਿਚ ਪੁਲਿਸ ਦੁਆਰਾ ਕਿਸਾਨਾਂ 'ਤੇ ਲਾਠੀਚਾਰਜ ਵੀ ਕੀਤਾ ਗਿਆ। ਇਸ ਘਟਨਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਅਜਿਹਾ ਹੀ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਜਿਸਦੇ ਵਿਚ ਜ਼ਖਮੀ ਲੋਕਾਂ ਦੀਆਂ ਤਸਵੀਰਾਂ ਸਨ। ਦਾਅਵਾ ਕੀਤਾ ਗਿਆ ਕਿ ਇਹ ਤਸਵੀਰਾਂ ਇਸ ਪ੍ਰਦਰਸ਼ਨ ਦੌਰਾਨ ਜ਼ਖਮੀ ਹੋਏ ਕਿਸਾਨਾਂ ਦੀਆਂ ਸਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਕਿਸੇ ਕਿਸਾਨ ਦੀ ਨਹੀਂ ਸੀ। ਵਾਇਰਲ ਹੋ ਰਹੀ ਤਸਵੀਰ ਜੁਲਾਈ 2019 ਦੀ ਸੀ ਜਦੋਂ ਦਿੱਲੀ ਦੇ ਮੁਖਰਜੀ ਨਗਰ ਵਿਖੇ ਸਿੱਖ ਡਰਾਈਵਰ ਅਤੇ ਪੁਲਿਸ ਵਾਲਿਆਂ ਵਿਚਕਾਰ ਝੜਪ ਹੋ ਗਈ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।