ਖਾਟੂ ਸ਼ਿਆਮ ਦੀ ਯਾਤਰਾ ਤੋਂ ਲੈ ਕੇ ਸੁਨਾਮ 'ਚ ਹੋਈ ਕੁੱਟਮਾਰ ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
1. ਕੀ ਜੈਪੁਰ 'ਚ ਨਮਾਜ਼ੀਆਂ ਲਈ ਰੋਕੀ ਗਈ ਖਾਟੂ ਸ਼ਿਆਮ ਦੀ ਯਾਤਰਾ? ਸੋਸ਼ਲ ਮੀਡੀਆ 'ਤੇ ਵਾਇਰਲ ਦਾਅਵੇ ਦਾ ਪੜ੍ਹੋ ਪੂਰਾ ਸੱਚ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਨਮਾਜ਼ ਪੜ੍ਹ ਰਹੇ ਲੋਕਾਂ ਦੇ ਸਾਹਮਣੇ ਇੱਕ ਰੈਲੀ ਨੂੰ ਖੜ੍ਹਾ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਮਾਮਲਾ ਰਾਜਸਥਾਨ ਦੇ ਜੈਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਜੁੰਮੇ ਦੀ ਨਮਾਜ਼ ਪੜ੍ਹ ਰਹੇ ਲੋਕਾਂ ਲਈ ਖਾਟੂ ਸ਼ਿਆਮ ਦੀ ਯਾਤਰਾ ਨੂੰ ਰੋਕਣਾ ਪਿਆ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਮੁਸਲਿਮ ਸਮਾਜ ਅਤੇ ਭਾਜਪਾ ਸਰਕਾਰ 'ਤੇ ਨਿਸ਼ਾਨੇ ਸਾਧ ਧਾਰਮਿਕ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਅਧੂਰਾ ਸੀ। ਇਹ ਸ਼ੋਭਾ ਯਾਤਰਾ ਜੈਪੁਰ ਦੇ ਜੋਹਰੀ ਬਾਜ਼ਾਰ ਵਿਖੇ 15 ਮਾਰਚ 2024 ਨੂੰ ਕੱਢੀ ਗਈ ਸੀ ਅਤੇ ਯਾਤਰਾ ਵਿਚ ਸ਼ਾਮਲ ਲੋਕ ਨਮਾਜ਼ ਨੂੰ ਦੇਖਦੇ ਸਾਰ ਆਪ ਰੁਕੇ ਅਤੇ ਉਨ੍ਹਾਂ ਨੇ ਭਾਈਚਾਰਕ ਸਾਂਝ ਪੇਸ਼ ਕਰਦਿਆਂ ਆਪਣੇ DJ ਬੰਦ ਕਰ ਨਮਾਜ਼ ਦਾ ਸਤਿਕਾਰ ਕੀਤਾ ਸੀ। ਇਸ ਸਾਂਝ ਦਾ ਸਮਰਥਨ ਕਰਦਿਆਂ ਨਮਾਜ਼ ਪੂਰੀ ਹੁੰਦੇ ਸਾਰ ਨਮਾਜ਼ੀਆਂ ਵੱਲੋਂ ਬਾਬਾ ਖਾਟੂ ਸ਼ਿਆਮ ਦੀ ਯਾਤਰਾ 'ਤੇ ਫੁੱਲਾਂ ਦੀ ਵਰਖਾ ਕਰ ਯਾਤਰਾ ਦਾ ਸਵਾਗਤ ਕੀਤਾ ਗਿਆ ਸੀ। ਸੋਸ਼ਲ ਮੀਡੀਆ 'ਤੇ ਪੂਰੇ ਮਾਮਲੇ ਦਾ ਅਧੂਰਾ ਪੱਖ ਸਾਂਝਾ ਕਰਦਿਆਂ ਮੁਸਲਿਮ ਸਮਾਜ ਅਤੇ ਰਾਜਸਥਾਨ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
2. AAP ਵਿਧਾਇਕ ਗੁਰਦੇਵ ਮਾਨ ਦਾ ਗਉ ਮਾਤਾ ਨੂੰ ਲੈ ਕੇ ਦਿੱਤਾ ਬਿਆਨ ਗੁੰਮਰਾਹਕੁਨ ਦਾਅਵਿਆਂ ਨਾਲ ਵਾਇਰਲ, Fact Check ਰਿਪੋਰਟ
ਸੋਸ਼ਲ ਮੀਡੀਆ 'ਤੇ ਆਮ ਆਦਮੀ ਪਾਰਟੀ ਦੇ ਨਾਭਾ ਤੋਂ ਵਿਧਾਇਕ ਗੁਰਦੇਵ ਮਾਨ ਦਾ ਇੱਕ ਵੀਡੀਓ ਕਲਿਪ ਵਾਇਰਲ ਹੋਇਆ। ਇਸ ਵੀਡੀਓ ਕਲਿਪ ਵਿਚ ਉਨ੍ਹਾਂ ਨੂੰ ਪੱਤਰਕਾਰ ਨੂੰ ਬੋਲਦੇ ਸੁਣਿਆ ਜਾ ਸਕਦਾ ਸੀ ਕਿ ਗਉ ਮਾਤਾ ਨੂੰ ਰਾਸ਼ਟਰੀ ਪੰਛੀ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਸੀ। ਅਸਲ ਇੰਟਰਵਿਊ ਦੇ ਕਲਿੱਪ ਵਿਚ ਆਗੂ ਦੇਵ ਮਾਨ ਆਪਣੀ ਗੱਲ ਨੂੰ ਨਾਲ ਦੀ ਨਾਲ ਸਹੀ ਕਰਦੇ ਹਨ। ਅਸਲ ਇੰਟਰਵਿਊ ਦੇ ਸਹੀ ਭਾਗ ਨੂੰ ਵੱਖ ਕਰਕੇ ਗੁੰਮਰਾਹਕੁਨ ਵੀਡੀਓ ਸਾਂਝਾ ਕੀਤਾ ਗਿਆ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
3. AAP ਆਗੂ ਮਨਜੀਤ ਸਿੰਘ ਬਿਲਾਸਪੁਰ ਦੇ ਵਿਰੋਧ ਦਾ ਇਹ ਵੀਡੀਓ ਹਾਲੀਆ ਨਹੀਂ 2021 ਦਾ ਹੈ, Fact Check ਰਿਪੋਰਟ
ਸੋਸ਼ਲ ਮੀਡਿਆ 'ਤੇ ਆਮ ਆਦਮੀ ਪਾਰਟੀ ਦੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਲੋਕਾਂ ਨੂੰ ਉਨ੍ਹਾਂ ਨਾਲ ਬਹਿਸ ਕਰਦਿਆਂ ਅਤੇ ਵਿਧਾਇਕ ਨੂੰ ਵਾਪਿਸ ਭੇਜਦਿਆਂ ਦੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਵੀਡੀਓ ਹਾਲੀਆ ਹੈ ਅਤੇ ਇਸ ਵੀਡੀਓ ਨੂੰ ਆਗਾਮੀ ਲੋਕ ਸਭਾ ਚੋਣਾਂ 2024 ਨਾਲ ਜੋੜਕੇ ਵਾਇਰਲ ਕੀਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਸੀ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਸੀ ਅਤੇ ਇਸਦਾ ਆਗਾਮੀ ਲੋਕ ਸਭਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
4. ਸੁਨਾਮ ਦੇ ਪਿੰਡ ਜਗਤਪੁਰਾ ਵਿਖੇ ਹੋਈ ਕੁੱਟਮਾਰ ਦਾ ਵੀਡੀਓ UP ਦੇ ਨਾਂਅ ਤੋਂ ਵਾਇਰਲ, Fact Check ਰਿਪੋਰਟ
ਸੋਸ਼ਲ ਮੀਡੀਆ 'ਤੇ ਕੁੱਟਮਾਰ ਦਾ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਉੱਤਰ ਪ੍ਰਦੇਸ਼ ਤੋਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਈਸਾਈ ਭਾਈਚਾਰੇ ਦੇ ਵਿਅਕਤੀ ਨੂੰ ਕੁੱਟਿਆ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਸੀ ਅਤੇ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਪੰਜਾਬ ਦੇ ਸੁਨਾਮ ਅਧੀਨ ਪੈਂਦੇ ਪਿੰਡ ਜਗਤਪੁਰਾ ਦਾ ਸੀ ਜਿੱਥੇ ਸ਼ਰੇਆਮ ਗੁੰਡਾਗਰਦੀ ਦਾ ਦ੍ਰਿਸ਼ ਵੇਖਿਆ ਗਿਆ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
5. Fact Check: ਸੁਨਾਮੀ ਦਾ ਵਾਇਰਲ ਇਹ ਵੀਡੀਓ ਹਾਲੀਆ ਨਹੀਂ ਹੈ
ਸੋਸ਼ਲ ਮੀਡਿਆ 'ਤੇ ਸੁਨਾਮੀ ਦੇ ਦ੍ਰਿਸ਼ ਦਾ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਗੱਡੀਆਂ ਨੂੰ ਪਾਣੀ 'ਚ ਰੁੜਦਿਆਂ ਦੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਜਾਪਾਨ ਤੋਂ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਵਾਤਾਵਰਨ ਬਦਲਾਅ 2024 ਜਿਹੇ ਹੈਸ਼ਟੈਗ ਵਰਤ ਕੇ ਸਾਂਝਾ ਕੀਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਸੀ। ਵਾਇਰਲ ਵੀਡੀਓ ਹਾਲੀਆ ਨਹੀਂ ਸੀ ਅਤੇ ਇਹ ਵੀਡੀਓ 2016 ਤੋਂ ਇੰਟਰਨੈੱਟ 'ਤੇ ਮੌਜੂਦ ਹੈ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।