ਕੋਤਵਾਲੀ ਸਾਹਿਬ ਬੇਅਦਬੀ ਤੋਂ ਲੈ ਕੇ ਨੇਤਾ ਦੇ ਭੜਕਾਊ ਭਾਸ਼ਣ ਤੱਕ, ਸਪੋਕਸਮੈਨ ਦੇ Top 5 Fact Checks 

ਸਪੋਕਸਮੈਨ ਸਮਾਚਾਰ ਸੇਵਾ

Fact Check

ਇਸ ਹਫਤੇ ਦੇ Top 5 Fact Checks

From Sacrilege at Kotwali Sahib to Hate Speeches Read Top 5 Fact Checks

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No. 1- ਕਿਸੇ ਹਿੰਦੂ ਲੀਡਰ ਨੇ ਨਹੀਂ ਕਹੀ ਸਿੱਖ ਕੁੜੀ ਫਸਾਉਣ 'ਤੇ ਦਿੱਤੇ ਜਾਣਗੇ 7 ਲੱਖ ਰੁਪਏ, ਪੜ੍ਹੋ ਸਪੋਕਸਮੈਨ ਦੀ Fact Check ਰਿਪੋਰਟ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਵਿਅਕਤੀ ਨੂੰ ਸੰਬੋਧਨ ਕਰਦਿਆਂ ਬੋਲਦੇ ਸੁਣਿਆ ਜਾ ਸਕਦਾ ਸੀ ਕਿ ਸਿੱਖ ਕੁੜੀ ਫਸਾਉਣ 'ਤੇ 7 ਲੱਖ ਰੁਪਏ ਦਿੱਤੇ ਜਾਣਗੇ। ਇਸ ਵੀਡੀਓ ਵਿਚ ਸੰਬੋਧਨਕਰਤਾ ਹੋਰ ਸਮਾਜ ਦੀਆਂ ਕੁੜੀਆਂ ਬਾਰੇ ਬੋਲਦਾ ਵੀ ਦਿੱਸ ਰਿਹਾ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਇੱਕ ਹਿੰਦੂ ਲੀਡਰ ਦਾ ਹੈ ਜਿਹੜਾ ਆਪਣੇ ਸਮਰਥਕਾਂ ਨੂੰ ਹੋਰ ਧਰਮ ਦੀਆਂ ਕੁੜੀਆਂ ਨੂੰ ਫਸਾਉਣ ਦੀ ਗੱਲ ਕਰ ਰਿਹਾ ਹੈ ਅਤੇ ਉਨ੍ਹਾਂ ਨਾਲ ਵਿਆਹ ਕਰਨ 'ਤੇ ਪੈਸੇ ਵੀ ਆਫਰ ਕਰ ਰਿਹਾ ਹੈ।

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਸੀ। ਵਾਇਰਲ ਹੋ ਰਿਹਾ ਵੀਡੀਓ ਮਹਾਰਾਸ਼ਟਰ ਦਾ ਸੀ ਜਦੋਂ 29 ਜਨਵਰੀ 2023 ਨੂੰ ਹਿੰਦੂ ਜਨਆਕ੍ਰੋਸ਼ ਰੈਲੀ ਦਾ ਸੰਬੋਧਨ ਕਰਦਿਆਂ ਹਿੰਦੂ ਆਗੂ ਰਾਜਾ ਸਿੰਘ ਨੇ ਲਵ ਜਿਹਾਦ ਦੇ ਖਿਲਾਫ ਬਿਆਨ ਦਿੰਦਿਆਂ ਕਿਹਾ ਸੀ ਕਿ NRI ਫੰਡਿੰਗ ਰਾਹੀਂ ਵਿਸ਼ੇਸ਼ ਸਮੁਦਾਏ ਦੇ ਲੋਕਾਂ ਨੂੰ ਹਿੰਦੂ-ਸਿੱਖ ਕੁੜੀਆਂ ਨਾਲ ਵਿਆਹ ਕਰਵਾਉਣ ਲਈ ਲਾਲਚ ਦਿੱਤਾ ਜਾਂਦਾ ਹੈ ਅਤੇ ਖੂਬ ਪੈਸੇ ਵੀ ਦਿੱਤੇ ਜਾਂਦੇ ਹਨ। ਦੱਸ ਦਈਏ ਆਗੂ ਵੱਲੋਂ ਕੀਤੇ ਜਾ ਰਹੇ ਦਾਅਵੇ ਦੀ ਵੀ ਅਸੀਂ ਜਾਂਚ ਕੀਤੀ ਅਤੇ ਪਾਇਆ ਕਿ ਅਜਿਹੀ ਕੋਈ ਵੀ ਰੇਟ ਲਿਸਟ ਮੁਸਲਿਮ ਸਮੁਦਾਏ ਵੱਲੋਂ ਜਾਰੀ ਨਹੀਂ ਕੀਤੀ ਗਈ ਅਤੇ ਇਸ ਲਿਸਟ ਨੂੰ ਲੈ ਕੇ ਕਈ ਸਾਰੇ Fact Check ਮੌਜੂਦ ਸਨ।"

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 2- BJP ਨੂੰ ਵੋਟ ਨਾ ਦੇਣ ਦੀ ਅਪੀਲ ਕਰਦਾ ਇਹ ਪ੍ਰਚਾਰ ਵੀਡੀਓ ਬੰਗਾਲ ਚੋਣਾਂ 2021 ਲਈ ਬਣਾਇਆ ਗਿਆ ਸੀ

10 ਮਈ 2023 ਨੂੰ ਹੋਣ ਵਾਲੀਆਂ ਕਰਨਾਟਕ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਾਫੀ ਜ਼ੋਰ ਲਾਇਆ ਹੋਇਆ ਹੈ। ਕਾਂਗਰਸ ਹੋਵੇ ਜਾਂ ਭਾਜਪਾ, ਹਰ ਪਾਰਟੀ ਨੇ ਕਰਨਾਟਕ ਦੇ ਲੋਕਾਂ ਦਾ ਦਿਲ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਹੁਣ ਇਨ੍ਹਾਂ ਚੋਣਾਂ ਦੇ ਸਬੰਧ ਵਿਚ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਲੋਕਾਂ ਨੂੰ “ਨੋ ਵੋਟ ਟੂ ਬੀਜੇਪੀ”,ਲਿਖੀ ਤਖ਼ਤੀ ਫੜ੍ਹੇ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਦੇ ਹੋਏ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਕਰਨਾਟਕ ਚੋਣਾਂ ਵਿਚ ਬੀਜੇਪੀ ਨੂੰ ਵੋਟ ਨਾ ਪਾਉਣ ਲਈ ਇੱਕ ਪ੍ਰਚਾਰ ਵੀਡੀਓ ਸੀ।

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ 'ਚ ਪਾਇਆ ਕਿ ਇਹ ਵੀਡੀਓ ਬੰਗਾਲ 2021 'ਚ ਭਾਜਪਾ ਨੂੰ ਵੋਟ ਨਾ ਪਾਉਣ ਦੀ ਮੁਹਿੰਮ ਨਾਲ ਜੁੜਿਆ ਵੀਡੀਓ ਸੀ ਜਿਸਨੂੰ ਹੁਣ ਕਰਨਾਟਕ ਦੀਆਂ ਹਾਲੀਆ ਚੋਣਾਂ ਨਾਲ ਜੋੜਿਆ ਗਿਆ।"

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 3- Fact Check: ਮਸਜਿਦ ਅੰਦਰ ਹੰਗਾਮਾ ਕਰ ਰਹੀ ਇਹ ਮਹਿਲਾ ਹਿੰਦੂ ਨਹੀਂ ਹੈ

ਇੱਕ ਇਮਾਰਤ ਦੇ ਅੰਦਰ ਹੰਗਾਮਾ ਕਰਦੀ ਮਹਿਲਾ ਦਾ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਮਾਮਲਾ ਅਮਰੀਕਾ ਦੇ ਵਰਜੀਨੀਆ ਸਥਿਤ ਇੱਕ ਮਸਜਿਦ ਦਾ ਸੀ ਜਿਥੇ ਇੱਕ ਹਿੰਦੂ ਔਰਤ ਵੱਲੋਂ ਈਦ ਦੇ ਮੌਕੇ ਹੰਗਾਮਾ ਕੀਤਾ ਗਿਆ।

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਸੀ। ਵੀਡੀਓ ਵਿਚ ਦਿੱਸ ਰਹੀ ਮਹਿਲਾ ਮੁਸਲਿਮ ਸਮੁਦਾਏ ਤੋਂ ਵਾਸਤਾ ਰੱਖਦੀ ਹੈ ਅਤੇ ਇਹ ਮਹਿਲਾ ਹਿੰਦੂ ਨਹੀਂ ਹੈ।"

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 4- Fact Check: ਕੋਤਵਾਲੀ ਸਾਹਿਬ ਬੇਅਦਬੀ ਕਾਂਗਰਸ ਆਗੂ ਨੇ ਨਹੀਂ ਕੀਤੀ ਹੈ

24 ਅਪ੍ਰੈਲ 2023 ਨੂੰ ਪੰਜਾਬ ਦੇ ਮੋਰਿੰਡਾ ਤੋਂ ਕੋਤਵਾਲੀ ਸਾਹਿਬ ਵਿਖੇ ਹੋਈ ਗੁਰੂ ਸਾਹਿਬ ਦੀ ਬੇਅਦਬੀ ਦੀ ਮੰਦਭਾਗੀ ਖਬਰ ਸਾਹਮਣੇ ਆਈ ਜਿਸਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ। ਇਸ ਮਾਮਲੇ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਸਾਹਮਣੇ ਆਈਆਂ। ਹੁਣ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਕਰਦੇ ਹੋਇਆ ਦਾਅਵਾ ਕੀਤਾ ਗਿਆ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਖਾਸ ਲੋਕਲ ਕਾਂਗਰਸ ਆਗੂ ਹੈ।

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਤਸਵੀਰ ਵਿਚ ਦਿੱਸ ਰਿਹਾ ਕਾਂਗਰਸ ਆਗੂ ਨਹੀਂ ਸੀ। ਬੇਅਦਬੀ ਕਰਨ ਵਾਲੇ ਵਿਅਕਤੀ ਦਾ ਨਾਂ ਜਸਵੀਰ ਸਿੰਘ ਹੈ ਜਦਕਿ ਵਾਇਰਲ ਕਾਂਗਰਸ ਆਗੂ ਧਮੋਲੀ ਪਿੰਡ ਤੋਂ ਸਾਬਕਾ ਸਰਪੰਚ ਕਰਮਜੀਤ ਸਿੰਘ ਹਨ।"

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 5- ਕੀ ਨਵਜੋਤ ਸਿੱਧੂ ਨੇ 8 ਲੱਖ 67 ਹਜ਼ਾਰ 540 ਰੁਪਏ ਦਾ ਬਿਜਲੀ ਬਿੱਲ ਨਹੀਂ ਭਰਿਆ? ਪੜ੍ਹੋ Fact Check 

ਸੋਸ਼ਲ ਮੀਡੀਆ 'ਤੇ ਇੱਕ ਮੀਡੀਆ ਅਦਾਰੇ ਦਾ ਗ੍ਰਾਫਿਕ ਪਲੇਟ ਵਾਇਰਲ ਹੋਇਆ ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਹਾਲੀਆ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਏ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਹਾਲੇ ਤੱਕ ਆਪਣਾ 8 ਲੱਖ 67 ਹਜ਼ਾਰ 540 ਰੁਪਏ ਦਾ ਬਿਜਲੀ ਬਿੱਲ ਨਹੀਂ ਭਰਿਆ ਹੈ। 

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਮਾਮਲਾ ਹਾਲੀਆ ਨਹੀਂ ਬਲਕਿ ਕਾਫੀ ਪੁਰਾਣਾ ਸੀ ਅਤੇ ਆਗੂ ਨੇ ਜੁਰਮਾਨੇ ਸਣੇ ਆਪਣਾ ਬਿੱਲ ਭਰ ਦਿੱਤਾ ਸੀ।"

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।