ਖ਼ੂਨ ਦਾਨ ਕਰਨ ਦੀ ਲੋੜ ਕਿਉਂ ਹੈ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਖ਼ੂਨ ਇਕੋ ਇਕ ਅਜਿਹਾ ਤਰਲ ਹੈ ਜੋ ਸਿਰਫ਼ ਤੇ ਸਿਰਫਫ਼ ਇਨਸਾਨੀ ਸ੍ਰੀਰ ਅੰਦਰ ਹੀ ਬਣਦਾ ਹੈ, ਕਿਸੇ ਫ਼ੈਕਟਰੀ ਜਾਂ ਕਾਰਖ਼ਾਨੇ ਵਿਚ ਨਹੀਂ। ਕਿਸੇ ਇਨਸਾਨ ਦੀ ਜਾਨ ਬਚਾਉਣ ਲਈ ...

Blood Donate

ਖ਼ੂਨ ਇਕੋ ਇਕ ਅਜਿਹਾ ਤਰਲ ਹੈ ਜੋ ਸਿਰਫ਼ ਤੇ ਸਿਰਫਫ਼ ਇਨਸਾਨੀ ਸ੍ਰੀਰ ਅੰਦਰ ਹੀ ਬਣਦਾ ਹੈ, ਕਿਸੇ ਫ਼ੈਕਟਰੀ ਜਾਂ ਕਾਰਖ਼ਾਨੇ ਵਿਚ ਨਹੀਂ। ਕਿਸੇ ਇਨਸਾਨ ਦੀ ਜਾਨ ਬਚਾਉਣ ਲਈ ਸਿਰਫ਼ ਇਨਸਾਨੀ ਖ਼ੂਨ ਦੀ ਲੋੜ ਹੀ ਹੁੰਦੀ ਹੈ ਜੋ ਸਿਰਫ਼ ਇਨਸਾਨੀ ਸ੍ਰੀਰ ਅੰਦਰੋਂ ਹੀ ਹਾਸਲ ਕੀਤਾ ਜਾ ਸਕਦਾ ਹੈ, ਪਰ ਦਾਨੀ ਦੀ ਅਪਣੀ ਇੱਛਾ ਨਾਲ। ਇਸ ਦਾਨ ਲਈ ਕਿਸੇ ਨਾਲ ਜ਼ਬਰਦਸਤੀ ਜਾਂ ਕਿਸੇ ਕਿਸਮ ਦਾ ਧੱਕਾ ਨਹੀਂ ਕੀਤਾ ਜਾ ਸਕਦਾ।

 ਖ਼ੂਨ ਦਾਨ ਕਰ ਕੇ ਕਿਸੇ ਇਨਸਾਨ ਦੀ ਜਾਨ ਬਚਾਉਣੀ ਪੂਰੇ ਪ੍ਰਵਾਰ ਦੀ ਜਾਨ ਬਚਾਉਣ ਦੇ ਬਰਾਬਰ ਹੈ। ਇਹ ਵਿਚਾਰ ਹੁਣ ਕੰਧ 'ਤੇ ਲਿਖੀ ਇਬਾਰਤ ਵਾਂਗੂੰ ਹੈ ਕਿ ਕਿਸੇ ਵੀ ਮਰੀਜ਼ ਨੂੰ ਖ਼ੂਨ ਦਾ ਇੰਤਜ਼ਾਰ ਨਾ ਕਰਨਾ ਪਵੇ ਸਗੋਂ ਮਰੀਜ਼ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਬਲੱਡ ਬੈਂਕ ਵਿਚ ਉਸ ਗਰੁੱਪ ਦਾ ਖ਼ੂਨ ਹੋਣਾ ਚਾਹੀਦਾ ਹੈ ਤਾਂ ਜੋ ਮਰੀਜ਼ ਦੀ ਜਾਨ ਬਚਾਉਣ ਦੇ ਨਾਲ ਨਾਲ ਮਰੀਜ਼ ਦੇ ਸਬੰਧੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਲਾਜ ਕਰਵਾਉਣ ਲਈ ਸਾਰੀ ਕਾਰਵਾਈ ਸੌਖਿਆਂ ਸੰਪੂਰਨ ਹੋ ਸਕੇ।

ਖ਼ੂਨ ਦੀ ਲੋੜ ਕਿਨ੍ਹਾਂ ਹਾਲਤਾਂ ਵਿਚ ਪੈਂਦੀ ਹੈ? ਨਿਤ ਦਿਨ ਹੋ ਰਹੇ ਸੜਕ ਹਾਦਸੇ ਜਾਂ ਲੜਾਈ ਦੌਰਾਨ ਮਰੀਜ਼ਾਂ ਦੇ ਵਿਅਰਥ ਹੋਏ ਖ਼ੂਨ ਦੀ ਪੂਰਤੀ ਲਈ, ਬਲੱਡ ਕੈਂਸਰ, ਹੀਮੋਫ਼ੀਲੀਆ ਤੇ ਥੈਲਾਸੀਮੀਆ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਪੀੜਤਾਂ ਲਈ, ਲਗਾਤਾਰ ਬੀਮਾਰੀ ਕਾਰਨ ਸ੍ਰੀਰ ਵਿਚ ਹੋਈ ਖ਼ੂਨ ਦੀ ਕਮੀ ਤੇ ਅਨੀਮੀਆ ਦੇ ਇਲਾਜ ਲਈ, ਬੱਚੇ ਦੀ ਪੈਦਾਇਸ਼ ਸਮੇਂ ਮਾਂ ਦੇ ਆਪਰੇਸ਼ਨ ਦੌਰਾਨ ਜਾਂ ਕਿਸੇ ਹੋਰ ਵੱਡੇ ਆਪਰੇਸ਼ਨ ਲਈ, ਪੀਲੀਏ ਤੋਂ ਪੀੜਤ ਨਵਜੰਮੇ ਬੱਚੇ ਦਾ ਖ਼ੂਨ ਬਦਲਣ ਲਈ ਆਦਿ। 

ਖ਼ੂਨ ਦਾਨ ਕੌਣ ਕਰ ਸਕਦਾ ਹੈ, ਕਿਥੇ ਅਤੇ ਕਿਵੇਂ ? ਹਰ ਤੰਦਰੁਸਤ ਇਨਸਾਨ (ਮਰਦ ਜਾਂ ਔਰਤ) ਹਰ ਤਿੰਨ ਮਹੀਨਿਆਂ ਬਾਅਦ ਖ਼ੂਨ ਦਾਨ ਕਰ ਸਕਦਾ ਹੈ। ਖ਼ੂਨ ਦਾਨ ਕਰਨ ਸਮੇਂ ਖਾਣਾ ਖਾਧਾ ਹੋਵੇ, ਉਮਰ 19 ਸਾਲ ਤੋਂ 65 ਸਾਲ ਦੇ ਵਿਚਕਾਰ ਹੋਵੇ, ਸ੍ਰੀਰ ਦਾ ਵਜਨ 45 ਕਿੱਲੋ ਤੋਂ ਵੱਧ, ਕਿਸੇ ਪ੍ਰਕਾਰ ਦੀ ਬੀਮਾਰੀ ਨਾ ਹੋਵੇ, ਹੋਮਿਉਗਲੋਬਿਨ ਦੀ ਮਾਤਾਰਾ 12.5 ਜਾਂ ਵੱਧ ਹੋਣੀ ਚਾਹੀਦੀ ਹੈ। 

ਖ਼ੂਨ ਦਾਨ ਕਰਨ ਲਈ ਸਾਡੀ ਸੰਸਥਾ ਯੂਨੀਵਰਸਲ ਵੈਲਫ਼ੇਅਰ ਕਲੱਬ ਪੰਜਾਬ ਮਿਸ਼ਨ ਲਾਲੀ ਤੇ ਹਰਿਆਲੀ ਵਲੋਂ ਹਰ ਮਹੀਨੇ ਦੀ 5 ਅਤੇ 20 ਤਰੀਕ ਨੂੰ ਬਲੱਡ ਬੈਂਕ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਖ਼ੂਨ ਦਾਨ ਕੈਂਪ ਲਗਾਇਆ ਜਾਂਦਾ ਹੈ ਜਿਸ ਵਿਚ ਸਵੇਰੇ 9 ਤੋਂ ਦੁਪਹਿਰ 1 ਵਜੇ ਤਕ ਪਹੁੰਚ ਕੇ ਖ਼ੂਨ ਦਾਨ ਕੀਤਾ ਜਾ ਸਕਦਾ ਹੈ, ਇਸ ਤੋਂ ਇਲਾਵਾ ਕਿਸੇ ਵੀ ਲਾਈਸੈਂਸਸ਼ੁਦਾ ਬਲੱਡ ਬੈਂਕ ਵਿਚ ਜਾਂ ਸ੍ਵੈ ਇੱਛਕ ਖ਼ੂਨ ਦਾਨ ਕੈਂਪ ਵਿਚ ਜਾ ਕੇ ਖ਼ੂਨ ਦਾਨ ਕੀਤਾ ਜਾ ਸਕਦਾ ਹੈ। 

ਖ਼ੂਨ ਦਾਨ ਕਰਨ ਦੀ ਪ੍ਰਕ੍ਰਿਆ ਤੇ ਸਮਾਂ -ਖ਼ੂਨ ਦਾਨ ਕਰਨ ਦੀ ਪ੍ਰਕ੍ਰਿਆ ਨੂੰ ਸਿਰਫ਼ 3 ਤੋਂ 5 ਮਿੰਟ ਲਗਦੇ ਹਨ ਪਰ ਹਾਂ, ਇਸ ਤੋਂ ਪਹਿਲਾਂ ਰਜਿਸਟਰੇਸ਼ਨ ਫ਼ਾਰਮ ਭਰਨਾ ਹੁੰਦਾ ਹੈ ਜਿਸ ਵਿਚ ਕੁੱਝ ਜ਼ਰੂਰੀ ਸਵਾਲਾਂ ਦਾ ਜਵਾਬ ਈਮਾਨਦਾਰੀ ਨਾਲ ਦੇਣਾ ਹੁੰਦਾ ਹੈ ਜਿਸ ਉਪਰੰਤ ਡਾਕਟਰ ਦਾਨੀ ਸੱਜਣ ਦੀ ਸ੍ਰੀਰਕ ਤੰਦਰੁਸਤੀ ਨੂੰ ਵਾਚਦੇ ਹੋਏ ਖ਼ੂਨ ਦਾਨ ਕਰਨ ਲਈ ਇਜਾਜ਼ਤ ਦਿੰਦੇ ਹਨ

ਅਤੇ ਖ਼ੂਨ ਇਕੱਤਰ ਕਰਨ ਵਾਲਾ ਬੈਗ਼ (ਥੈਲੀ) 'ਤੇ ਨਾਮ ਅਤੇ ਨੰਬਰ ਲਿਖ ਕੇ ਜਾਰੀ ਕਰਦੇ ਹਨ ਤੇ ਸਟਾਫ਼ ਨਰਸ ਖ਼ੂਨ ਵਾਲੀ ਨਾੜੀ ਦੀ ਨਿਸ਼ਾਨਦੇਹੀ ਕਰ ਕੇ ਸੂਈ ਲਾ ਦਿੰਦੀ ਹੈ ਤੇ ਵੇਖਦੇ ਹੀ ਵੇਖਦੇ ਉਹ ਥੈਲੀ ਭਰ ਜਾਂਦੀ ਹੈ। ਇਸ ਤੋਂ ਬਾਅਦ 15 ਕੁ ਮਿੰਟ ਲੇਟ ਕੇ ਖ਼ੂਨ ਦਾਨ ਕੀਤੀ ਬਾਂਹ ਨੂੰ ਮੋੜ ਕੇ ਆਰਾਮ ਕਰਨਾ ਹੁੰਦਾ ਹੈ ਤੇ ਫਿਰ ਦੁੱਧ ਤੇ ਕੇਲੇ ਜਾਂ ਕੌਫ਼ੀ ਤੇ ਬਿਸਕੁਟ ਆਦਿ ਲੈ ਕੇ 10 ਕੁ ਮਿੰਟ ਆਰਾਮ ਕਰਨਾ ਹੁੰਦਾ ਹੈ। ਉਪ੍ਰੰਤ ਸਰਟੀਫ਼ੀਕੇਟ ਦੇ ਕੇ ਦਾਨੀ ਸੱਜਣ ਦਾ ਧਨਵਾਦ ਕੀਤਾ ਜਾਂਦਾ ਹੈ। 

ਸਾਵਧਾਨੀਆਂ - ਖ਼ੂਨ ਦਾਨ ਕਰਨ ਉਪ੍ਰੰਤ ਕੁੱਝ ਘੰਟੇ ਤਰਲ ਪਦਾਰਥਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਜ਼ਿਆਦਾ ਸਮਾਂ ਖ਼ਾਲੀ ਪੇਟ ਨਹੀਂ ਰਹਿਣਾ ਚਾਹੀਦਾ। ਉਸ ਦਿਨ ਕੋਈ ਵੀ ਨਸ਼ਾ ਨਹੀਂ ਕਰਨਾ ਚਾਹੀਦਾ। ਉਸ ਦਿਨ ਜ਼ਿਆਦਾ ਭਾਰਾ ਕੰਮ ਨਹੀਂ ਕਰਨਾ ਚਾਹੀਦਾ। ਉਸ ਦਿਨ ਨਹਿਰ ਜਾਂ ਸਰੋਵਰ ਵਿਚ ਇਸ਼ਨਾਨ ਨਹੀਂ ਕਰਨਾ ਚਾਹੀਦਾ। ਕਿਸੇ ਕਿਸਮ ਦੀ ਘਬਰਾਹਟ ਜਾਂ ਚੱਕਰ ਆਉਣ 'ਤੇ ਸਿੱਧੇ ਲੇਟ ਕੇ ਪੈਰ ਉੱਚੀ ਥਾਂ 'ਤੇ ਰੱਖੋ ਅਤੇ ਡਾਕਟਰ ਨੂੰ ਦਸਣਾ ਚਾਹੀਦਾ ਹੈ। 

ਖ਼ਾਸ ਗੱਲ - ਵੈਸੇ ਆਪਾਂ ਰੋਜ਼ਾਨਾ ਜੀਵਨ ਵਿਚ ਕਿਸੇ ਵੀ ਤੰਦਰੁਸਤ ਇਨਸਾਨ ਨੂੰ ਅਪਣੇ ਖ਼ੂਨ ਦੀ ਜਾਂਚ ਕਰਵਾਉਂਦੇ ਨਹੀਂ ਵੇਖਿਆ। ਖ਼ੂਨ ਦਾਨ ਕਰਨ ਉਪ੍ਰੰਤ ਖ਼ੂਨ ਦੇ ਗਰੁੱਪ ਦਾ ਅਤੇ ਨਿਯਤ ਟੈਸਟਾਂ ਰਾਹੀਂ ਜੇਕਰ ਬੀਮਾਰੀ ਵਾਲੇ ਵਿਸ਼ਾਣੂੰ ਪਾਏ ਜਾਂਦੇ ਹਨ ਤਾਂ ਇਸ ਦੀ ਜਾਣਕਾਰੀ ਬਲੱਡ ਬੈਂਕ ਵਲੋਂ ਉਸ ਦਾਨੀ ਨੂੰ ਦਿਤੀ ਜਾਂਦੀ ਹੈ ਤਾਂ ਜੋ ਉਹ ਸਮੇਂ ਸਿਰ ਯੋਗ ਇਲਾਜ ਕਰਵਾ ਕੇ ਰੋਗ ਮੁਕਤ ਹੋ ਸਕੇ। ਖ਼ੂਨ ਦਾਨ ਕਰ ਕੇ ਜਿਥੇ ਅਸੀ ਪਰਉਪਕਾਰ ਦਾ ਕੰਮ ਕਰਦੇ ਹਾਂ ਉਥੇ ਅਸੀ ਖ਼ੁਦ ਨੂੰ ਸੁਰੱਖਿਅਤ ਰੱਖਣ ਵਿਚ ਅਪਣੀ ਸਹਾਇਤਾ ਆਪ ਕਰ ਰਹੇ ਹੁੰਦੇ ਹਾਂ।

ਖ਼ੂਨ ਦਾਨ ਕਰ ਕੇ ਜੋ ਖ਼ੁਸ਼ੀ ਮਿਲਦੀ ਹੈ ਉਹ ਸਿਰਫ਼ ਖ਼ੂਨ ਦਾਨ ਕਰਨ ਵਾਲਾ ਹੀ ਮਹਿਸੂਸ ਕਰ ਸਕਦਾ ਹੈ। ਖ਼ੂਨ ਮੁੱਲ ਖ਼ਰੀਦਣਾ ਜਾਂ ਵੇਚਣਾ ਕਾਨੂੰਨਨ ਜੁਰਮ ਹੈ। ਖ਼ੂਨ ਲੈਣ ਸਮੇਂ ਬਲੱਡ ਬੈਂਕ ਵਲੋਂ ਸਿਰਫ਼ ਟੈਸਟਾਂ ਦੀ ਫ਼ੀਸ ਹੀ ਵਸੂਲ ਕੇ ਰਸੀਦ ਜਾਰੀ ਕੀਤੀ ਜਾਂਦੀ ਹੈ, ਰਸੀਦ ਤੋਂ ਵੱਧ ਪੈਸੇ ਅਦਾ ਨਹੀਂ ਕਰਨੇ ਚਾਹੀਦੇ। ਖ਼ੂਨ ਦਾਨ ਦੀ ਸੇਵਾ ਅਸਲ ਵਿਚ ਹੀ ਜ਼ਰੂਰੀ ਸੇਵਾ ਹੈ ਜੋ ਹਰ ਤੰਦਰੁਸਤ ਇਨਸਾਨ ਨੂੰ ਅਪਣੀ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ। ਸਾਡੀ ਜ਼ਿੰਦਗੀ ਵਿਚ ਹਰ ਪਲ ਕੀਮਤੀ ਹੈ ਪਰ ਫਿਰ ਵੀ ਸਮਾਂ ਕੱਢ ਕੇ ਸਾਨੂੰ ਖ਼ੂਨ ਦਾਨ ਵਰਗੀ ਮਹਾਨ ਸੇਵਾ ਵਿਚ ਅਪਣਾ ਯੋਗਦਾਨ ਪਾਉਣਾ ਚਾਹੀਦਾ ਹੈ। (ਹਰਦੀਪ ਸਿੰਘ ਸਨੌਰ)