ਸੁੱਕੇ ਮੇਵਿਆਂ ਦੇ ਫ਼ਾਇਦੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸੁੱਕੇ ਮੇਵੇ ਪ੍ਰੋਟੀਨ ਦਾ ਚੰਗਾ ਸਰੋਤ ਹੁੰਦੇ ਹਨ। ਸੁੱਕੇ ਮੇਵੇ ਭਾਰ ਵਧਾਉਣ ਅਤੇ ਘਟਾਉਣ ਦੋਨੋਂ ਸਥਿਤੀਆਂ ਵਿਚ ਫ਼ਾਇਦੇਮੰਦ ਹੁੰਦੇ ਹਨ। ਸੁੱਕੇ ਮੇਵੇ ਰੋਗ ਨਿਰੋਧਕ ...

Dry Fruits

ਸੁੱਕੇ ਮੇਵੇ ਪ੍ਰੋਟੀਨ ਦਾ ਚੰਗਾ ਸਰੋਤ ਹੁੰਦੇ ਹਨ। ਸੁੱਕੇ ਮੇਵੇ ਭਾਰ ਵਧਾਉਣ ਅਤੇ ਘਟਾਉਣ ਦੋਨੋਂ ਸਥਿਤੀਆਂ ਵਿਚ ਫ਼ਾਇਦੇਮੰਦ ਹੁੰਦੇ ਹਨ। ਸੁੱਕੇ ਮੇਵੇ ਰੋਗ ਨਿਰੋਧਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਸੁੱਕੇ ਮੇਵੇ ਭੋਜਨ ਦਾ ਹੀ ਅੰਗ ਹਨ। ਬਦਾਮ, ਕਾਜੂ, ਅੰਜੀਰ, ਖਜੂਰ, ਛੁਹਾਰਾ, ਕੇਸਰ, ਮੂੰਗਫਲੀ, ਤਿਲ, ਕਿਸ਼ਮਿਸ਼ ਅਤੇ ਮੁਨੱਕਾ ਆਦਿ। ਇਹ ਪ੍ਰਕਿਰਤਕ ਤੌਰ ’ਤੇ ਇਹ ਤਰ ਅਤੇ ਗਰਮ ਹੁੰਦੇ ਹਨ। ਸੁੱਕੇ ਮੇਵਿਆਂ ਦਾ ਇਸਤੇਮਾਲ ਕਈ ਰੋਗਾਂ ਲਈ ਕੀਤਾ ਜਾਂਦਾ ਹੈ। ਇਹਨਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਅਪਣੇ ਸਰੀਰ ਦੀ ਪ੍ਰਾਕਿਰਤੀ ਬਾਰੇ ਜਾਣ ਲੈਣਾ ਜ਼ਰੂਰੀ ਹੈ।

ਨਹੀਂ ਤਾਂ ਫ਼ਾਇਦਾ ਹੋਣ ਦੀ ਬਜਾਏ ਨੁਕਸਾਨ ਵੀ ਹੋ ਸਕਦਾ ਹੈ। ਖ਼ਾਸ ਕਰਕੇ ਗਰਮ ਪ੍ਰਕਿਰਤੀ ਵਾਲੇ ਵਿਅਕਤੀਆਂ ਨੂੰ ਇਨ੍ਹਾਂ ਦਾ ਇਸਤੇਮਾਲ ਕਾਫ਼ੀ ਸੋਚ-ਸਮਝ ਕੇ ਕਰਨਾ ਚਾਹੀਦਾ ਹੈ। ਰੋਗ ਦੇ ਇਲਾਜ ਲਈ ਇਨ੍ਹਾਂ ਦਾ ਇਸਤੇਮਾਲ ਡਾਕਟਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ। ਇਨ੍ਹਾਂ ਦਾ ਜ਼ਿਆਦਾ ਇਸਤੇਮਾਲ ਸਰਦੀ ਦੇ ਮੌਸਮ ਵਿਚ ਕੀਤਾ ਜਾਂਦਾ ਹੈ। ਜੇ ਸਹੀ ਮਾਤਰਾ 25 ਤੋਂ 50 ਗ੍ਰਾਮ ਸੁੱਕੇ ਮੇਵੇ (ਪਿਸਤਾ, ਕਾਜੂ, ਬਦਾਮ, ਮੂੰਗਫਲੀ, ਅਖ਼ਰੋਟ, ਆਦਿ) ਰੋਜ਼ ਖਾਣੇ ਵਿਚ ਸ਼ਾਮਲ ਕਰ ਲਏ ਜਾਣ ਤਾਂ ਇਹ ਦਿਲ ਦੀਆਂ ਬਿਮਾਰੀਆਂ ਤੇ ਸ਼ੱਕਰ ਰੋਗ ਘਟਾਉਣ ਵਿਚ ਮੱਦਦ ਕਰਦੇ ਹਨ।

ਇੰਨੀ ਮਾਤਰਾ ਵਿਚ ਭਾਰ ਵਧਣ ਦਾ ਬਿਲਕੁਲ ਹੀ ਡਰ ਨਹੀਂ ਰਹਿੰਦਾ ਕਿਉਂਕਿ ਇਹ ਖਾਣ ਨਾਲ ਢਿੱਡ ਬਹੁਤੀ ਦੇਰ ਭਰਿਆ ਮਹਿਸੂਸ ਹੁੰਦਾ ਰਹਿੰਦਾ ਹੈ ਤੇ ਫ਼ਾਲਤੂ ਖਾਣ ਨੂੰ ਦਿਲ ਨਹੀਂ ਕਰਦਾ। ਪ੍ਰੋਟੀਨ ਤੇ ਥਿੰਦਾਈ ਨਾਲ ਇਹ ਭਰਪੂਰ ਹੁੰਦੇ ਹਨ। ਇਨ੍ਹਾਂ ਵਿਚਲੀ ਥੰਦਿਆਈ ਮੋਨੋਅਨਸੈਚੂਰੇਟਿਡ ਜਾਂ ਪੌਲੀ ਅਨਸੈਚੂਰੇਟਿਡ ਹੀ ਹੁੰਦੀ ਹੈ ਜਿਹੜੀ ਦਿਲ ਵਾਸਤੇ ਬਹੁਤ ਵਧੀਆ ਹੈ। ਦਿਲ ਵਾਸਤੇ ਤਾਂ ਇਹ ਏਨੇ ਵਧੀਆ ਹਨ ਕਿ ਇਨ੍ਹਾਂ ਵਿਚਲਾ ਆਰਜੀਨੀਨ ਕੋਲੈਸਟਰੋਲ ਨੂੰ ਘਟਾ ਦਿੰਦਾ ਹੈ।

ਇਹੀ ਆਰਜੀਨੀਨ ਥਿੰਦੇ ਨੂੰ ਸਰੀਰ ਵਿਚ ਜ਼ਬਤ ਨਹੀਂ ਹੋਣ ਦਿੰਦਾ ਸੋ ਆਸਾਨੀ ਨਾਲ ਭਾਰ ’ਤੇ ਕਾਬੂ ਪਾਇਆ ਜਾ ਸਕਦਾ ਹੈ। ਸੁੱਕੇ ਮੇਵਿਆਂ ਵਿਚ ਫ਼ਾਈਬਰ ਸ਼ੱਕਰ ਰੋਗ ਤੋਂ ਵੀ ਬਚਾਉਂਦਾ ਹੈ। ਸੁੱਕੇ ਮੇਵਿਆਂ ਵਿਚਲਾ ਸੀਲੀਨੀਅਮ ਸਰੀਰ ਅੰਦਰ ਪਏ ਪੈਨਕਰੀਆਜ਼ ਨੂੰ ਠੀਕ ਕੰਮ ਕਰਨ ਵਿਚ ਮੱਦਦ ਕਰਦਾ ਹੈ।

ਜਿਹੜੀਆਂ ਔਰਤਾਂ ਹਫ਼ਤੇ ਵਿਚ ਪੰਜ ਦਿਨ ਤੀਹ ਗ੍ਰਾਮ ਸੁੱਕੇ ਮੇਵੇ ਖਾਂਦੀਆਂ ਰਹਿਣ ਉਨ੍ਹਾਂ ਵਿਚ ਸ਼ੱਕਰ ਰੋਗ ਹੋਣ ਦਾ ਖ਼ਤਰਾ ਬਾਕੀਆਂ ਨਾਲੋਂ ਤੀਹ ਪ੍ਰਤੀਸ਼ਤ ਘਟ ਜਾਂਦਾ ਹੈ। ਸੁੱਕੇ ਮੇਵਿਆਂ ਵਿਚਲਾ ਪੌਲੀ ਅਤੇ ਮੋਨੋ ਅਨਸੈਚੂਰੇਟਿਡ ਥਿੰਦਾ ਇਨਸੂਲਿਨ ਦਾ ਅਸਰ ਸਰੀਰ ਵਿਚ ਵਧਾ ਦਿੰਦਾ ਹੈ।