ਬਨਵਾਸ (ਭਾਗ 7)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਉਸ ਦਿਨ ਮਗਰੋਂ ਉਸ ਨੇ ਮੈਲੇ ਕਪੜੇ ਵੀ ਮੈਨੂੰ ਨਾ ਫੜਾਏ। ਪਤਾ ਨਹੀਂ ਕਿੱਥੋਂ ਧੁਆ ਕੇ ਲਿਆਉਂਦਾ ਸੀ। ਮੈਂ ਰੋਟੀ ਪਾ ਕੇ ਫੜਾ ਦਿੰਦੀ। ਕਦੇ ਖਾ ਲੈਂਦਾ, ਕਦੇ ਛੱਡ ਕੇ ਤੁਰ...

Love

ਉਸ ਦਿਨ ਮਗਰੋਂ ਉਸ ਨੇ ਮੈਲੇ ਕਪੜੇ ਵੀ ਮੈਨੂੰ ਨਾ ਫੜਾਏ। ਪਤਾ ਨਹੀਂ ਕਿੱਥੋਂ ਧੁਆ ਕੇ ਲਿਆਉਂਦਾ ਸੀ। ਮੈਂ ਰੋਟੀ ਪਾ ਕੇ ਫੜਾ ਦਿੰਦੀ। ਕਦੇ ਖਾ ਲੈਂਦਾ, ਕਦੇ ਛੱਡ ਕੇ ਤੁਰ ਜਾਂਦਾ। ਮੈਂ ਵੀ ਉਸ ਦੀ ਬਦਲੀ ਤੋਰ ਨੂੰ ਸਮਝ ਲਿਆ ਸੀ। ਕਾਕੂ ਨੂੰ ਤਿਆਰ ਕਰ ਕੇ ਘਰ ਕੋਲ ਆਉਂਦੀ ਵੈਨ ਉਤੇ ਚਾੜ੍ਹ ਆਉਂਦੀ। ਮਨ 'ਚੋਂ ਆਵਾਜ਼ ਆਉਂਦੀ, ਇਹ ਭਾਰ ਹੁਣ ਮੈਨੂੰ ਹੀ ਚੁਕਣੇ ਪੈਣੇ ਸਨ। ਰਸੋਈ ਉਤੇ ਪਏ ਟੀਨਾਂ ਉਤੇ ਮੀਂਹ ਦਾ ਖੜਕਾ ਹੁੰਦਾ ਹੈ। ਮੋਟੀਆਂ ਕਣੀਆਂ ਡਿਗਦਿਆਂ ਹੀ ਬੇਆਰਾਮੀ ਵੱਧ ਗਈ ਹੈ। ਮੱਝ ਆਥਣ ਦਾ ਡੰਗ ਭੰਨ ਗਈ ਹੈ। ਮੇਰੇ ਬਾਹਰ ਨਿਕਲਦਿਆਂ ਫਿਰ ਰੀਂਗਦੀ ਹੈ।

ਇਕ ਵਾਰੀ ਮਨ 'ਚ ਆਇਆ ਧਾਰ ਕੱਢ ਲਵਾਂ। ਬਾਲਟੀ ਨੂੰ ਹੱਥ ਪਾਉਂਦਿਆਂ ਮਨ ਫਿਰ ਟੁੱਟ ਜਾਂਦਾ ਹੈ। ਕਿਤੇ ਧੁਰੋਂ ਧੁਰ ਬਣੀ ਖੁਰਲੀ ਤੇ ਸੱਤ ਮੱਝਾਂ ਬੰਨ੍ਹੀਆਂ ਹੁੰਦੀਆਂ ਸਨ। ਜਸਵੀਰ ਅਤੇ ਮੈਂ ਧਾਰਾਂ ਕਢਦੇ ਤਾਂ ਅੰਦਰੋਂ ਜੋਸ਼ ਉਬਾਲੇ ਮਾਰਦਾ। ਇਕ ਇਕ ਕਰ ਕੇ ਸੱਭ ਵਿਕ ਗਈਆਂ। ਘਰ ਦੀ ਅਗਵਾਈ ਕਰਨ ਵਾਲਾ ਤੁਰ ਗਿਆ। ਰਹਿੰਦੇ ਆਪਸ 'ਚ ਰੁੱਸ ਗਏ। ਕਿਸ ਨੇ ਸਾਂਭਣਾ ਸੀ ਮੱਝਾਂ ਨੂੰ? ਮੋਟੀਆਂ ਕਣੀਆਂ ਡਿੱਗੀ ਪਈਆਂ। ਰੁੱਖ ਧਰਤੀ ਨਾਲ ਲੱਗ ਕੇ ਮੁੜਦੇ ਨੇ। ਹਵਾ ਦੀ ਸਾਂ ਸਾਂ ਹੋਰ ਵੀ ਸੋਗਮਈ ਹੋ ਗਈ ਹੈ। ਬੀਹੀ ਹਾਲੇ ਵੀ ਸੁੰਨੀ ਹੈ, ਜੀਅ ਪਰਿੰਦਾ ਵੀ ਨਹੀਂ। ਹੰਭ ਕੇ, ਦੀਵਾ ਜਗਦਾ ਛੱਡ ਕਾਕੂ ਨਾਲ ਲੱਗ ਪੈ ਜਾਂਦੀ ਹਾਂ।

ਅੱਖ ਝਪਕੀ ਮਗਰੋਂ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਬੈੱਡ ਦੇ ਲਾਗਿਉਂ ਇਹੋ ਜਹੇ ਪਰਫ਼ਿਊਮ ਦੀ ਸੁਗੰਧ ਆਉਂਦੀ ਹੈ ਜਿਹੋ ਜਿਹਾ ਮੈਂ ਵਿਆਹ ਮਗਰੋਂ ਲਾਇਆ ਕਰਦੀ ਸੀ। ਚੂੜੀਆਂ ਛਣਕੀਆਂ ਨੇ। ਅੱਭੜਵਾਹੇ ਉੱਠ ਬੈਠੀ। ਬੈੱਡ ਦੀ ਬਾਹੀ ਉਤੇ ਕੋਈ ਮੁਟਿਆਰ ਬੈਠੀ ਹੈ। ਦੀਵੇ ਦੀ ਲੋਅ 'ਚ ਉਸ ਦੇ ਤਿੱਖੇ ਨਕਸ਼ ਦਿਸਦੇ ਹਨ। ਮੇਰੇ ਬੋਲਣ ਤੋਂ ਪਹਿਲਾਂ ਉਹ ਬੋਲਦੀ ਹੈ, ''ਦੀਦੀ, ਮੈਂ ਬਲਕਾਰ ਨਾਲ ਆਈ ਹਾਂ।'' ਮੈਂ ਸੱਭ ਸਮਝ ਗਈ। ਅੱਖਾਂ ਅੱਗੇ ਆਏ ਭੰਬੂ ਤਾਰੇ ਪਰੇ ਕਰਨ ਦੀ ਕੋਸ਼ਿਸ਼ ਕਰਦੀ ਹਾਂ। ''ਮੇਰੇ ਕਪੜੇ ਭਿੱਜ ਗਏ, ਸੂਟ ਲੈਣੈ।''

ਉਠਦੀ ਹਾਂ, ਕਿੱਲੀ ਟੰਗਿਆ ਸੂਟ ਅਤੇ ਪ੍ਰੈੱਸ ਕਰ ਕੇ ਤਹਿ ਮਾਰੀ ਚੁੰਨੀ ਦਿੰਦੀ ਹਾਂ। ਸੂਟ ਪਾ ਕੇ ਉਸ ਨੇ ਚੁੰਨੀ ਦੀਆਂ ਤਹਿਆਂ ਖੋਲ੍ਹੀਆਂ। ਚੁੰਨੀ ਝਾੜਨ ਨਾਲ ਦੀਵੇ ਦੀ ਲੋਅ ਪਹਿਲਾਂ ਡੋਲਦੀ ਹੈ, ਫਿਰ ਲਾਟ ਬੁੱਝ ਜਾਂਦੀ ਹੈ। ਚੁਬਾਰੇ ਚੜ੍ਹਦੀ ਦੀ ਉਸ ਦੀ ਪੈੜ-ਚਾਲ ਸੁਣਾਈ ਦੇਂਦੀ ਹੈ। ਮੇਰਾ ਕਮਰਾ ਹਨੇਰੇ ਨਾਲ ਭਰ ਜਾਂਦਾ ਹੈ।  (ਸੁਖਦੇਵ ਸਿੰਘ ਮਾਨ)  ਸੰਪਰਕ : 94170-59142