ਦੇਸ਼ ਵਿਚ 16 ਕਰੋੜ ਲੋਕ ਪੀਂਦੇ ਹਨ ਸ਼ਰਾਬ : ਸਰਕਾਰ

ਏਜੰਸੀ

ਖ਼ਬਰਾਂ, ਵਪਾਰ

3.1 ਕਰੋੜ ਲੋਕ ਭੰਗ ਉਤਪਾਦਾਂ ਦਾ ਸੇਵਨ ਕਰਦੇ ਹਨ

16 crore people in India consume alcohol

ਨਵੀਂ ਦਿੱਲੀ : ਰਾਜ ਸਭਾ ਵਿਚ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਵਲੋਂ ਬੱਚਿਆਂ ਵਿਚ ਨਸ਼ੇ ਦੀ ਵਧ ਰਹੀ ਆਦਤ 'ਤੇ ਡੂੰਘੀ ਚਿੰਤਾ ਜਤਾਏ ਜਾਣ ਦੌਰਾਨਸਰਕਾਰ ਨੇ ਇਕ ਸਰਵੇਖਣ ਦੇ ਹਵਾਲੇ ਤੋਂ ਦਸਿਆ ਕਿ ਭਾਰਤ ਵਿਚ 16 ਕਰੋੜ ਲੋਕ ਸ਼ਰਾਬ ਅਤੇ 3.1 ਕਰੋੜ ਲੋਕ ਭੰਗ ਉਤਪਾਦਾਂ ਦਾ ਸੇਵਨ ਕਰਦੇ ਹਨ। ਸਰਕਾਰ ਦੇਸ਼ ਦੇ ਮੁੱਖ 10 ਸ਼ਹਿਰਾਂ ਦੇ ਸਕੂਲ ਅਤੇ ਕਾਲਜਾਂ ਵਿਚ ਵਿਦਿਆਰਥੀਆਂ 'ਚ ਨਸ਼ੇ ਦੀ ਆਦਤ 'ਤੇ ਵੀ ਇਕ ਸਰਵੇਖਣ ਕਰਵਾ ਰਹੀ ਹੈ।

ਸਮਾਜਕ ਨਿਆਂ ਅਤੇ ਅਧਿਕਾਰ ਮੰਤਰੀ ਥਾਵਰਚੰਦ ਗਹਿਲੋਤ ਨੇ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਸਕੂਲੀ ਵਿਦਿਆਰਥੀਆਂ 'ਚ ਨਸ਼ੇ ਦੀ ਵਧ ਰਹੀ ਆਦਤ ਸਬੰਧੀ ਵੱਖ ਵੱਖ ਪਾਰਅੀਆਂ ਦੇ ਮੈਂਬਰਾਂ ਵਲੋਂ ਮੰਗੇ ਗਏ ਸਪੱਸ਼ਟੀਕਰਨ ਦੇ ਜਵਾਬ ਵਿਚ ਸਦਨ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਮੰਤਰਾਲੇ ਨੇ ਸਾਲ 2018 ਵਿਚ ਦੇਸ਼ 'ਚ ਅਪਣੀ ਤਰ੍ਹਾਂ ਦਾ ਇਹ ਪਹਿਲਾ ਸਰਵੇਖਣ ਕਰਵਾਇਆ ਸੀ। ਇਸ ਦੀ ਜ਼ਿੰਮੇਵਾਰੀ ਨੈਸ਼ਨਲ ਡਰੱਗ ਡਿਪੈਂਡੈਂਸ ਸੈਂਟਰ (ਐਨਡੀਡੀਟੀਸੀ), ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਨਵੀਂ ਦਿੱਲੀ ਨੂੰ ਦਿਤੀ ਗਈ ਸੀ।

ਉਨ੍ਹਾਂ ਦਸਿਆ ਕਿ ਦੇਸ਼ ਦੇ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਤ ਇਲਾਕਿਆਂ ਵਿਚ ਕੀਤੇ ਗਏ ਸਰਵੇਖਣ ਵਿਚ 2 ਲੱਖ 111 ਪਰਵਾਰਾਂ ਨਾਲ ਮਿਲ ਕੇ ਨਸ਼ੀਲੇ ਪਦਾਰਥਾ ਦੇ ਵਰਤੋਂ ਅਤੇ ਵਿਧੀ ਬਾਰੇ 4 ਲੱਖ 73 ਹਜ਼ਾਰ 569 ਲੋਕਾਂ ਤੋਂ ਸਵਾਲ ਪੁੱਛੇ ਗਏ। ਇਸ ਤੋਂ ਬਿਨਾਂ ਰਿਸਪਾਂਡੈਂਟ ਡ੍ਰਿਵਨ ਸੈਮਪਲਿੰਗ (ਆਰਡੀਐਸ) ਵੀ ਕੀਤਾ ਗਿਆ ਜਿਸ ਵਿਚ 135 ਜ਼ਿਲ੍ਹਿਆਂ ਵਿਚ ਗ਼ੈਰ -ਕਾਨੂੰਨੀ ਨਸ਼ੀਲੀਆਂ ਦਵਾਈਆਂ 'ਤੇ ਨਿਰਭਰ 72,642 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਗਹਿਲੋਤ ਨੇ ਦਸਿਆ ਕਿ ਇਸ ਸਰਵੇਖਣ ਜ਼ਰੀਏ ਇਹ ਗੱਲ ਸਾਹਮਣੇ ਆਈ ਹੈ ਕਿ 16 ਕਰੋੜ ਵਿਅਕਤੀ ਸ਼ਰਾਬ ਦਾ ਸੇਵਨ ਕਰਦੇ ਹਨ। 3.1 ਕਰੋੜ ਲੋਕ ਭੰਗ ਉਤਪਾਦਾਂ ਦਾ ਸੇਵਨ ਕਰਦੇ ਹਨ। ਨਾਲ ਹੀ 2.26 ਕਰੋੜ ਵਿਅਕਤੀ ਅਫ਼ੀਮ ਦਾ ਸੇਵਨ ਕਰਦੇ ਹਨ। ਉਨ੍ਹਾਂ ਨੇ ਦਸਿਆ ਕਿ ਇਸ ਸਮੇਂ 10 ਤੋਂ 75 ਉਮਰ ਵਰਗ ਦੌਰਾਨ ਲਗਭਗ 1.18 ਕਰੋੜ ਲੋਕ ਅਜਿਹੇ ਉਤਪਾਦਾਂ ਦਾ ਸੇਵਨ ਕਰਦੇ ਹਨ ਜੋ ਡਾਕਟਰਾਂ ਵਲੋਂ ਮਾਨਤਾ ਪ੍ਰਾਪਤ ਨਹੀਂ ਹੁੰਦੇ ਜਦਕਿ 77 ਲੱਖ ਲੋਕ (51 ਲੱਖ ਵਿਅਕਤੀ ਅਤੇ 26 ਲੱਖ ਬੱਚੇ) ਸੁੰਘਣ ਵਾਲੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹਨ। 

ਗਹਿਲੋਤ ਨੇ ਕਿਹਾ, ''ਮੈਂ ਇਹ ਵੀ ਦੱਸਣ ਚਾਹਾਂਗਾ ਕਿ ਦੇਸ਼ ਦੇ 10 ਸ਼ਹਿਰਾਂ  ਜਿਵੇਂ ਸ੍ਰੀਨਗਰ, ਚੰਡੀਗੜ੍ਹ, ਲਖਨਊ, ਰਾਂਚੀ, ਮੁੰਬਈ, ਬੈਂਗਲੂਰੂ, ਹੈਦਰਾਬਾਦ, ਇੰਫ਼ਾਲ, ਡਿਬਰੂਗੜ੍ਹ ਅਤੇ ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ  'ਚ ਨਸ਼ੀਲੇ ਪਦਾਰਥਾਂ ਦੇ ਸੇਵਨ ਸਬੰਧੀ ਸਰਵੇਖਣ ਕੀਤਾ ਜਾ ਰਿਹਾ ਹੈ। ਇਸ 'ਚ ਸਕੂਲਾਂ ਦੇ 6 ਹਜ਼ਾਰ ਅਤੇ ਕਾਲਕਾਂ ਦੇ 2 ਹਜ਼ਾਰ ਬੱਚਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।''