ਡਾਲਰ ਦੇ ਮੁਕਾਬਲੇ ਰੁਪਈਆ 43 ਪੈਸੇ ਡਿਗ ਕੇ 70.32 ਹੇਠਲੇ ਪੱਧਰ 'ਤੇ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਡਾਲਰ ਦੇ ਮੁਕਾਬਲੇ ਰੁਪਈਆ ਲਗਾਤਾਰ ਡਿਗਦਾ ਜਾ ਰਿਹਾ ਹੈ। ਵੀਰਵਾਰ ਨੂੰ ਰੁਪਏ ਵਿਚ ਫਿਰ ਇਤਿਹਾਸਕ ਗਿਰਾਵਟ ਆਈ ਹੈ। ਇਕ ਡਾਲਰ ਦੀ ਕੀਮਤ 70.32 ਰੁਪਏ ਪਹੁੰਚ ਗਈ ...

Rupee Low Dollar up

ਨਵੀਂ ਦਿੱਲੀ : ਡਾਲਰ ਦੇ ਮੁਕਾਬਲੇ ਰੁਪਈਆ ਲਗਾਤਾਰ ਡਿਗਦਾ ਜਾ ਰਿਹਾ ਹੈ। ਵੀਰਵਾਰ ਨੂੰ ਰੁਪਏ ਵਿਚ ਫਿਰ ਇਤਿਹਾਸਕ ਗਿਰਾਵਟ ਆਈ ਹੈ। ਇਕ ਡਾਲਰ ਦੀ ਕੀਮਤ 70.32 ਰੁਪਏ ਪਹੁੰਚ ਗਈ ਹੈ। ਵੀਰਵਾਰ ਨੂੰ ਰੁਪਈਆ 43 ਪੈਸੇ ਡਿਗਿਆ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਅਪਣੇ ਸਭ ਤੋਂ ਹੇਠਲੇ ਪੱਧਰ 'ਤੇ ਹੈ। ਰੁਪਏ ਦੀ ਇਹ ਗਿਰਾਵਟ ਜੋ ਇਸ ਸਾਲ 8 ਫ਼ੀਸਦੀ ਤੋਂ ਜ਼ਿਆਦਾ ਰਹੀ ਹੈ, ਮੁਦਰਾ ਬਾਜ਼ਾਰ ਵਿਚ ਰੁਪਈਆ ਡਾਲਰ ਦੇ ਮੁਕਾਬਲੇ ਰਿਕਾਰਡ ਪੱਧਰ 70.25 'ਤੇ ਖੁੱਲ੍ਹਿਆ ਅਤੇ ਜਲਦ ਹੀ ਕੁੱਲ 43 ਪੈਸੇ ਟੁੱਟ ਕੇ 70.32 'ਤੇ ਪਹੁੰਚ ਗਿਆ। 

ਪਿਛਲੇ ਸੈਸ਼ਨ ਦੇ ਕਾਰੋਬਾਰ ਵਿਚ ਡਾਲਰ ਦੇ ਮੁਕਾਬਲੇ ਰੁਪਈਆ 69.89 ਦੇ ਹੇਠਲੇ ਪੱਧਰ 'ਤੇ ਬੰਦ ਹੋਇਆ ਸੀ। ਮੁਦਰਾ ਕਾਰੋਬਾਰੀਆਂ ਅਨੁਸਾਰ ਆਯਾਤਕਾਂ ਵਲੋਂ ਅਮਰੀਕੀ ਮੁਦਰਾ ਦੀ ਜ਼ਬਰਦਸਤ ਮੰਗ ਅਤੇ ਵਿਦੇਸ਼ੀ ਪੂੰਜੀ ਦੀ ਨਿਕਾਸੀ ਨਾਲ ਘਰੇਲੂ ਮੁਦਰਾ ਵਿਚ ਕਮਜ਼ੋਰ ਰੁਖ਼ ਦੇਖਿਆ ਗਿਆ। ਇਸ ਤੋਂ ਇਲਾਵਾ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਵਪਾਰ ਘਾਟੇ ਵਿਚ ਜ਼ਿਆਦਾ ਵਾਧੇ ਦਾ ਵੀ ਰੁਪਏ 'ਤੇ ਨਕਰਾਤਮਕ ਪ੍ਰਭਾਵ ਪਿਆ। ਵਣਜ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਦੇਸ਼ ਦਾ ਵਪਾਰ ਘਾਟਾ ਪੰਜ ਸਾਲ ਦੇ ਉਚ ਪੱਧਰ ਭਾਵ 18 ਅਰਬ ਡਾਲਰ 'ਤੇ ਪਹੁੰਚ ਗਿਆ ਹੈ।

ਬੁਧਵਾਰ ਨੂੰ ਆਜ਼ਾਦੀ ਦਿਵਸ ਦੇ ਮੌਕੇ 'ਤੇ ਮੁਦਰਾ ਬਾਜ਼ਾਰ ਬੰਦ ਰਹੇ ਸਨ। ਜੇਕਰ ਰੁਪਏ ਵਿਚ ਇਸੇ ਤਰ੍ਹਾਂ ਗਿਰਾਵਟ ਜਾਰੀ ਰਹੀ ਤਾਂ ਯਕੀਨਨ ਤੌਰ 'ਤੇ ਇਸ ਨਾਲ ਮਹਿੰਗਾਈ ਵਧੇਗੀ। ਰੁਪਈਆ ਕਮਜ਼ੋਰ ਹੋਣ ਨਾਲ ਆਯਾਤ ਮਹਿੰਗੇ ਹੋ ਜਾਣਗੇ। ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋ ਜਾਵੇਗਾ। ਜੇਕਰ ਤੇਲ ਮਹਿੰਗਾ ਹੋ ਗਿਆ ਤਾਂ ਸਮਝੋ ਸਬਜ਼ੀਆਂ, ਖਾਣ ਪੀਣ ਦਾ ਸਮਾਨ ਮਹਿੰਗਾ ਹੋ ਜਾਵੇਗਾ। ਇਸ ਤੋਂ ਇਲਾਵਾ ਰੁਪਏ ਦੇ ਕਮਜ਼ੋਰ ਹੋਣ ਨਾਲ ਵਿਦੇਸ਼ਾਂ ਵਿਚ ਪੜ੍ਹਾਈ ਅਤੇ ਛੁੱਟੀਆਂ ਮਨਾਉਣਾ ਮਹਿੰਗਾ ਹੋ ਜਾਵੇਗਾ।

ਕੰਪਿਊਟਰ, ਸਮਾਰਟ ਫੋਨ ਅਤੇ ਕਾਰ, ਆਯਾਤ ਹੋਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ। ਹਾਲਾਂਕਿ ਉਦਯੋਗਾਂ ਦੇ ਕਈ ਜਾਣਕਾਰਾਂ ਦਾ ਮੰਨਣਾ ਹੈ ਕਿ ਰੁਪਏ ਦਾ ਡਿਗਣਾ ਪੱਕੇ ਤੌਰ 'ਤੇ ਬੁਰਾ ਨਹੀਂ ਹੈ। ਇਹ ਭਾਰਤੀ ਨਿਰਯਾਤਕਾਂ ਦੇ ਲਈ ਚੰਗੀ ਖ਼ਬਰ ਹੈ ਅਤੇ ਖ਼ਾਸ ਕਰਕੇ ਮੇਡ ਇਨ ਇੰਡੀਆ ਦੇ ਲਈ ਇਹ ਜ਼ਰੂਰੀ ਹੈ। ਬਜਾਏ ਡਿਗਣ 'ਤੇ ਮਾਤਮ ਮਨਾਉਣ ਦੇ ਕੀ ਅਸੀਂ ਇਸ ਨੂੰ ਮੇਕ ਇਨ ਇੰਡੀਆ ਦੇ ਲਈ ਇਕ ਮੌਕੇ ਦੇ ਤੌਰ 'ਤੇ ਦੇਖੀਏ? ਇਸ ਨਾਲ ਕੌਮਾਂਤਰੀ ਬਾਜ਼ਾਰ ਵਿਚ ਭਾਰਤੀ ਨਿਰਯਾਤ ਬਿਹਤਰ ਮੁਕਾਬਲਾ ਕਰ ਸਕੇਗਾ ਅਤੇ ਕੀ ਅਸੀਂ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿਚ ਵਿਸ਼ਵ ਪੱਧਰੀ ਅਤੇ ਨਿਰਯਾਤ ਮੁਖੀ ਨਿਰਮਾਣ ਦਾ ਭਰੋਸਾ ਦਿਵਾ ਸਕਦੇ ਹਨ?

19 ਸਾਲ ਦੇ ਤ੍ਰਿਸ਼ਾਂਕ ਹੰਸਰਜਾਨੀ ਕਾਰੋਬਾਰ ਵਿਚ ਬੈਚਲਰ ਡਿਗਰੀ ਲਈ ਯੂਨੀਵਰਸਿਟੀ ਆਫ਼ ਸਾਊਦਰਨ ਕੈਲੀਫੋਰਨੀਆ ਜਾ ਰਹੇ ਹਨ ਪਰ ਡਿਗਦੇ ਹੋਏ ਰੁਪਏ ਦੇ ਨਾਲ ਉਨ੍ਹਾਂ ਦੀ ਪਹਿਲਾਂ ਤੋਂ ਹੀ ਮਹਿੰਗੀ ਫ਼ੀਸ ਕੁੱਝ ਲੱਖ ਹੋਰ ਵਧ ਗਈ। ਪਿਛਲੇ ਸਾਲ ਇਕ ਡਾਲਰ ਦੇ ਬਰਾਬਰ 62 ਰੁਪਏ ਸਨ ਅਤੇ ਹੁਣ ਇਹ 70 ਹੋ ਚੁੱਕਾ ਹੈ। Îਇਸ ਹਿਸਾਬ ਨਾਲ ਇਹ 6 ਤੋਂ 7 ਲੱਖ ਰੁਪਏ ਸਾਲਾਨਾ ਜ਼ਿਆਦਾ ਦਾ ਖ਼ਰਚ ਬੈਠਦਾ ਹੈ। ਹਾਲਾਂਕਿ ਗਵਰਨਰ ਦੇ ਮੁਤਾਬਕ ਇਸ ਵਿਚ ਚਿੰਤਾ ਦੀ ਕੋਈ ਗੱਲ ਨਹੀਂ ਹੈ। ਆਰਥਿਕ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਸੁਭਾਸ਼ ਗਰਗ ਦਾ ਕਹਿਣਾ ਹੈ ਕਿ ਇਹ ਇਕ ਕੌਮਾਂਤਰੀ ਘਟਨਾਕ੍ਰਮ ਹੈ।

ਆਰਬੀਆਈ ਦੇ ਕੋਲ ਲੋੜੀਂਦੀ ਮਾਤਰਾ ਵਿਚ ਮੁਦਰਾ ਭੰਡਾਰ ਹੈ ਅਤੇ 2013 ਵਿਚ ਡਾਲਰ ਦੇ ਮੁਕਾਬਲੇ 69 ਰੁਪਏ ਸੀ। ਉਨ੍ਹਾਂ ਆਖਿਆ ਕਿ ਇਹ ਅਸਥਾਈ ਦੌਰ ਹੈ, ਸਥਿਰ ਹੋ ਜਾਵੇਗਾ। ਜੇਕਰ ਰੁਪਈਆ 80 ਤਕ ਵੀ ਡਿਗੇ ਤਾਂ ਕੋਈ ਗੱਲ ਨਹੀਂ ਹੈ। ਦੂਜੀਆਂ ਕਰੰਸੀਆਂ ਵੀ ਇਸ ਤਰ੍ਹਾਂ ਨਾਲ ਡਿਗਦੀਆਂ ਹਨ। ਦੂਜੀਆਂ ਮੁਦਰਾਵਾਂ ਵੀ ਕਮਜ਼ੋਰ ਹੋਈਆਂ ਹਨ ਜਿਵੇਂ ਦੱਖਣੀ ਅਫ਼ਰੀਕੀ ਰੈਂਡ 2 ਫ਼ੀਸਦੀ ਡਿਗਿਆ ਹੈ, ਰੂਸ ਦੇ ਰੂਬਲ ਵਿਚ 1.4 ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ ਮੈਕਸੀਕਨ ਪੇਸੋ 0.8 ਫ਼ੀਸਦੀ ਹੇਠਾਂ ਆਇਆ ਹੈ।