ਵਿਦੇਸ਼ਾਂ 'ਚ ਕਈ ਭਾਰਤੀ ਬੈਂਕਾਂ ਨੂੰ ਲੱਗਣਗੇ ਤਾਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਸਾਲ ਦੇ ਅੰਤ ਤਕ ਭਾਰਤ ਦੇ ਸਰਕਾਰੀ ਬੈਂਕਾਂ ਦੀਆਂ ਵਿਦੇਸ਼ਾਂ 'ਚ ਮੌਜੂਦ ਕੁਲ 216 ਬਰਾਂਚਾਂ 'ਚੋਂ 70 ਬਰਾਂਚਾਂ ਬੰਦ ਹੋਣ ਜਾ ਰਹੀਆਂ ਹਨ.............

Bank

ਨਵੀਂ ਦਿੱਲੀ : ਇਸ ਸਾਲ ਦੇ ਅੰਤ ਤਕ ਭਾਰਤ ਦੇ ਸਰਕਾਰੀ ਬੈਂਕਾਂ ਦੀਆਂ ਵਿਦੇਸ਼ਾਂ 'ਚ ਮੌਜੂਦ ਕੁਲ 216 ਬਰਾਂਚਾਂ 'ਚੋਂ 70 ਬਰਾਂਚਾਂ ਬੰਦ ਹੋਣ ਜਾ ਰਹੀਆਂ ਹਨ। ਯਾਨੀ ਕਿ ਵਿਦੇਸ਼ਾਂ 'ਚ ਭਾਰਤੀ ਬੈਂਕਾਂ ਨੂੰ ਤਾਲੇ ਲੱਗ ਜਾਣਗੇ। ਇਹੀ ਨਹੀਂ ਇਨ੍ਹਾਂ 70 ਬਰਾਂਚਾਂ ਤੋਂ ਇਲਾਵਾ ਵਿਦੇਸ਼ਾਂ 'ਚ ਇਨ੍ਹਾਂ ਬੈਂਕਾਂ ਦੀਆਂ ਦੂਜੀਆਂ ਸੇਵਾਵਾਂ ਵੀ ਬੰਦ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਹੈ।  ਵਿੱਤ ਮੰਤਰਾਲਾ ਦੇ ਉੱਚ ਅਧਿਕਾਰੀਆਂ ਨੇ ਦਸਿਆ ਕਿ ਵਿਦੇਸ਼ਾਂ 'ਚ ਬੰਦ ਕੀਤੀਆਂ ਜਾ ਰਹੀਆਂ ਬਰਾਂਚਾਂ 'ਚ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਆਈ. ਡੀ. ਬੀ. ਆਈ. ਬੈਂਕ ਤੇ ਬੈਂਕ ਆਫ ਇੰਡੀਆ ਵਿਦੇਸ਼ਾਂ ਦੀਆਂ ਅਪਣੀਆਂ ਬਰਾਂਚਾਂ 'ਚ ਵੀ ਭਾਰੀ

ਕਟੌਤੀ ਕਰਨ ਦੀ ਯੋਜਨਾ ਬਣਾ ਰਹੇ ਹਨ। ਬੈਂਕ ਇਹ ਕਦਮ ਖਰਚਿਆਂ ਨੂੰ ਘੱਟ ਕਰਨ ਅਤੇ ਪੂੰਜੀ ਬਚਾਉਣ ਲਈ ਕਰ ਰਹੇ ਹਨ। ਖਾੜੀ ਦੇ ਦੇਸ਼ਾਂ 'ਚ ਵੀ ਇਹ ਬੈਂਕ ਉਨ੍ਹਾਂ ਬਰਾਂਚਾਂ ਨੂੰ ਬੰਦ ਕਰਨਗੇ ਜਿਨ੍ਹਾਂ ਤੋਂ ਲੋੜੀਂਦਾ ਮਾਲੀਆ ਹਾਸਲ ਨਹੀਂ ਹੋ ਰਿਹਾ ਹੈ। ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਬੈਂਕਾਂ ਦੀਆਂ ਬਰਾਂਚਾਂ ਨੇ ਅਪਣੀਆਂ ਗੈਰ-ਮੂਲ ਜਾਇਦਾਦਾਂ ਵੇਚਣੀਆਂ ਸ਼ੁਰੂ ਕਰ ਦਿਤੀਆਂ ਹਨ।  ਇਸ ਦੇ ਨਾਲ ਹੀ ਇਨ੍ਹਾਂ ਬਰਾਂਚਾਂ ਨੂੰ ਕਿਹਾ ਗਿਆ ਹੈ ਕਿ ਅਪਣੇ ਖਰਚਿਆਂ ਨੂੰ ਘੱਟ ਕਰਨ। ਅਧਿਕਾਰੀ ਨੇ ਦਸਿਆ ਕਿ ਬੰਦ ਕੀਤੀਆਂ ਜਾ ਰਹੀਆਂ ਬਰਾਂਚਾਂ ਪੂਰੀ ਤਰ੍ਹਾਂ ਨਾਲ ਕੰਮ ਕਰ ਰਹੀਆਂ ਸਨ। ਇਨ੍ਹਾਂ ਬਰਾਂਚਾਂ 'ਚ ਬੈਂਕ, ਰਿਪ੍ਰੈਜ਼ੈਂਟੇਟਿਵ ਆਫਿਸ ਅਤੇ ਰੈਮੀਟੈਂਸ ਆਫਿਸ

ਵੀ ਹਨ।  (ਏਜੰਸੀ) ਐੱਸ. ਬੀ. ਆਈ. ਨੇ 6 ਵਿਦੇਸ਼ੀ ਬਰਾਂਚਾਂ ਬੰਦ ਕਰ ਦਿੱਤੀਆਂ ਹਨ ਜਦੋਂ ਕਿ ਸ਼੍ਰੀਲੰਕਾ ਅਤੇ ਫ਼ਰਾਂਸ 'ਚ ਕੁਝ ਬਰਾਂਚਾਂ ਨੂੰ ਪ੍ਰਤੀਨਿਧੀ ਦਫਤਰਾਂ 'ਚ ਤਬਦੀਲ ਕੀਤਾ ਜਾ ਰਿਹਾ ਹੈ। ਦੇਸ਼ ਦਾ ਸਭ ਤੋਂ ਵੱਡਾ ਕਰਜ਼ਦਾਤਾ 9 ਹੋਰ ਸੰਚਾਲਨਾਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੁੱਝ ਬੈਂਕ ਦੁਬਈ, ਸ਼ੰਘਾਈ, ਜੇੱਦਾਹ ਤੇ ਹਾਂਗਕਾਂਗ 'ਚ ਆਪਣੇ ਸੰਚਾਲਨ ਬੰਦ ਕਰ ਚੁੱਕੇ ਹਨ। ਬੈਂਕ ਛੋਟੀਆਂ ਬਰਾਂਚਾਂ 'ਚ ਵੱਡੇ ਪੱਧਰ 'ਤੇ ਰਲੇਵੇਂ ਕਰ ਰਹੇ ਹਨ ਅਤੇ ਵਿਦੇਸ਼ੀ ਸਾਂਝੇ ਉਦਮ 'ਚ ਇਕਵਿਟੀ ਹਿੱਸੇਦਾਰੀ ਨੂੰ ਮਜ਼ਬੂਤ ਕਰ ਰਹੇ ਹਨ। ਪਿਛਲੇ ਸਾਲ ਐਲਾਨੇ ਬੈਂਕਾਂ 'ਚ 2.11 ਲੱਖ ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਦੇ ਹਿੱਸੇ ਦੇ ਰੂਪ 'ਚ ਸਰਕਾਰ ਨੇ ਉਨ੍ਹਾਂ ਨੂੰ ਹੋਰ ਉਪਰਾਲਿਆਂ ਦੀ ਲੜੀ ਵਿਚਾਲੇ ਵਿਦੇਸ਼ੀ ਬਰਾਂਚ ਸੰਚਾਲਨ ਨੂੰ ਤਰਕਸੰਗਤ ਬਣਾਉਣ ਲਈ ਕਿਹਾ ਸੀ।