ਘਾਟੀ 'ਚ ਅਤਿਵਾਦੀਆਂ ਨੇ ਪੁਲਿਸ ਮੁਲਾਜ਼ਮਾਂ ਦੇ ਸਾਰੇ 11 ਪਰਵਾਰਕ ਮੈਂਬਰ ਰਿਹਾਅ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿਚ ਪਿਛਲੇ ਦੋ ਦਿਨਾਂ ਤੋਂ ਅਗਵਾ ਕੀਤੇ ਗਏ ਪੁਲਿਸ ਮੁਲਾਜ਼ਮਾਂ ਦੇ ਸਾਰੇ 11 ਪਰਵਾਰਕ ਮੈਂਬਰਾਂ ਨੂੰ ਅਤਿਵਾਦੀਆਂ ਨੇ ਰਿਹਾਅ ਕਰ ਦਿਤਾ ਹੈ। ਦਸ ਦਈਏ ਕਿ...

Kashmir Peoples

ਸ਼੍ਰੀਨਗਰ : ਜੰਮੂ-ਕਸ਼ਮੀਰ ਵਿਚ ਪਿਛਲੇ ਦੋ ਦਿਨਾਂ ਤੋਂ ਅਗਵਾ ਕੀਤੇ ਗਏ ਪੁਲਿਸ ਮੁਲਾਜ਼ਮਾਂ ਦੇ ਸਾਰੇ 11 ਪਰਵਾਰਕ ਮੈਂਬਰਾਂ ਨੂੰ ਅਤਿਵਾਦੀਆਂ ਨੇ ਰਿਹਾਅ ਕਰ ਦਿਤਾ ਹੈ। ਦਸ ਦਈਏ ਕਿ ਇਨ੍ਹਾਂ ਲੋਕਾਂ ਨੂੰ ਛੱਡੇ ਜਾਣ ਦੇ ਬਾਦਲੇ ਵਿਚ ਅਤਿਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਵਲੋਂ ਅਪਣੇ ਰਿਸ਼ਤੇਦਾਰਾਂ ਨੂੰ ਛੱਡਣ ਦੀ ਮੰਗ ਕੀਤੀ ਗਈ ਹੈ। ਹਿਜ਼ਬੁਲ ਸੰਗਠਨ ਨੇ ਇਕ ਆਡੀਓ ਜਾਰੀ ਰਾਹੀਂ ਧਮਕੀ ਦਿੰਦੇ ਹੋਏ ਕਿਹਾ ਕਿ ਅਗਲੇ 3 ਦਿਨਾਂ ਵਿਚ ਉਨ੍ਹਾਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਛੱਡਿਆ ਜਾਵੇ, ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। 

ਦਸ ਦਈਏ ਕਿ ਜਿਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਅਗਵਾ ਕੀਤਾ ਗਿਆ ਸੀ, ਉਨ੍ਹਾਂ ਵਿਚ ਪੁਲਿਸ ਡੀਜੀਪੀ ਅਤੇ ਪੁਲਿਸ ਐੱਸਐੱਸਪੀ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਸਨ। ਪੁਲਿਸ ਸੂਤਰਾਂ ਨੇ ਦਸਿਆ ਕਿ ਦਖਣੀ ਕਸ਼ਮੀਰ ਤੋਂ ਹਿਜ਼ਬੁਲ ਦੇ 2 ਕਮਾਂਡਰਾਂ ਰਿਆਜ਼ ਨਾਈਕ ਅਤੇ ਲਤੀਫ਼ ਟਾਈਗਰ ਦੇ ਪਿਤਾ ਅਤੇ ਹੋਰ ਲੋਕਾਂ ਦੀ ਪੁਲਿਸ ਗ੍ਰਿਫਤਾਰੀ ਤੋਂ  ਬਾਅਦ ਅਤਿਵਾਦੀਆਂ ਨੇ ਪੁਲਿਸ ਮੁਲਾਜ਼ਮਾਂ ਦੇ ਪਰਵਾਰਕ ਮੈਂਬਰਾਂ ਨੂੰ ਅਗਵਾ ਕਰਨ ਦੀ ਘਟਨਾ ਨੂੰ ਅੰਜ਼ਾਮ ਦਿਤਾ ਸੀ। ਪੁਲਿਸ ਨੇ ਇਨ੍ਹਾਂ ਲੋਕਾਂ ਨੂੰ 2 ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਸੀ।

ਅਧਿਕਾਰਕ ਸੂਤਰਾਂ ਨੇ ਦਸਿਆ ਕਿ ਅਤਿਵਾਦੀਆਂ ਨੇ ਵੀਰਵਾਰ ਨੂੰ ਰਾਤ 5 ਅਜਿਹੇ ਲੋਕਾਂ ਨੂੰ ਕੁਲਗਾਮ ਤੋਂ ਅਗਵਾ ਕਰ ਲਿਆ ਸੀ, ਜਿਨ੍ਹਾਂ ਦੇ ਪਰਵਾਰਕ ਮੈਂਬਰ ਪੁਲਿਸ ਵਿਭਾਗ ਵਿਚ ਕੰਮ ਕਰਦੇ ਹਨ। ਸੂਤਰਾਂ ਅਨੁਸਾਰ ਪੁਲਵਾਮਾ ਵਿਚ ਇਕ ਪੁਲਿਸ ਮੁਲਾਜ਼ਮ ਦੇ ਘਰ ਤੋਂ ਅਤਿਵਾਦੀਆਂ ਨੇ ਚਾਰ ਲੋਕਾਂ ਅਤੇ ਸ਼ੋਪੀਆਂ ਵਿਚ ਇਕ ਪੁਲਿਸ ਮੁਲਾਜ਼ਮ ਦੇ ਪਰਵਾਰਕ ਮੈਂਬਰ ਨੂੰ ਅਗਵਾ ਕਰ ਲਿਆ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤ੍ਰਾਲ ਖੇਤਰ ਵਿਚ ਇਕ ਪੁਲਿਸ ਮੁਲਾਜ਼ਮ ਦੇ ਲੜਕੇ ਨੂੰ ਵੀ ਅਗਵਾ ਕੀਤਾ ਗਿਆ ਸੀ।

ਇਹ ਵੀ ਦਸਿਆ ਜਾ ਰਿਹਾ ਹੈ ਕਿ ਸ਼ੋਪੀਆਂ ਵਿਚ ਇਕ ਅਤਿਵਾਦੀ ਹਮਲੇ ਵਿਚ ਚਾਰ ਪੁਲਿਸ ਮੁਲਾਜ਼ਮਾਂ ਦੇ ਸ਼ਹੀਦ ਹੋਣ ਤੋਂ ਬਾਅਦ ਬੁੱਧਵਾਰ ਰਾਤ ਪੁਲਿਸ ਨੇ ਅਤਿਵਾਦੀਆਂ ਦੇ ਲਗਭਗ 30 ਤੋਂ ਵੱਧ ਰਿਸ਼ਤੇਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸੇ ਤਰ੍ਹਾਂ ਉੱਤਰੀ ਕਸ਼ਮੀਰ ਵਿਚ ਬਾਂਦੀਪੁਰਾ ਜ਼ਿਲ੍ਹੇ ਦੇ ਜੰਗਲਾਂ ਵਿਚ ਅਤਿਵਾਦੀਆਂ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਅੱਜ ਤਿੰਨ ਫ਼ੌਜੀ ਜ਼ਖ਼ਮੀ ਹੋ ਗਏ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਫ਼ੌਜ, ਸੁਰੱਖਿਆ ਬਲਾਂ ਅਤੇ ਸੂਬਾ ਪੁਲਿਸ ਦੀ ਵਿਸ਼ੇਸ਼ ਮੁਹਿੰਮ ਸਮੂਹ ਨੇ ਬਾਂਦੀਪੁਰਾ ਜ਼ਿਲ੍ਹੇ ਦੇ ਚਨਾਦਾਜਨ ਦੇ ਜੰਗਲਾਂ ਵਿਚ ਇਕ ਸਾਂਝੀ ਮੁਹਿੰਮ ਚਲਾਈ ਸੀ। ਉਕਤ ਇਲਾਕੇ ਵਿਚ ਗੋਲੀ ਚੱਲਣ ਦੀ ਆਵਾਜ਼ ਆਈ, ਜਿਸ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ।