ਗੁਜਰਾਤ ‘ਚ ਕਾਂਗਰਸ ਨੂੰ ਵੱਡਾ ਝਟਕਾ, ਵਿਧਾਇਕ ਆਸ਼ਾ ਪਟੇਲ ਨੇ ਦਿਤਾ ਅਸਤੀਫ਼ਾ
ਗੁਜਰਾਤ ਵਿਚ ਕਾਂਗਰਸ ਦੀ ਵਿਧਾਇਕ ਆਸ਼ਾ ਪਟੇਲ ਨੇ ਸ਼ਨਿਚਰਵਾਰ ਨੂੰ ‘‘ਅੰਦਰੂਨੀ ਕਲਹ’’ ਦਾ ਹਵਾਲਾ ਦਿੰਦੇ ਹੋਏ ਵਿਧਾਨ ਸਭਾ ਅਤੇ ਪਾਰਟੀ ਦੀ ਮੈਂਬਰੀ...
ਅਹਿਮਦਾਬਾਦ : ਗੁਜਰਾਤ ਵਿਚ ਕਾਂਗਰਸ ਦੀ ਵਿਧਾਇਕ ਆਸ਼ਾ ਪਟੇਲ ਨੇ ਸ਼ਨਿਚਰਵਾਰ ਨੂੰ ‘‘ਅੰਦਰੂਨੀ ਕਲਹ’’ ਦਾ ਹਵਾਲਾ ਦਿੰਦੇ ਹੋਏ ਵਿਧਾਨ ਸਭਾ ਅਤੇ ਪਾਰਟੀ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ। ਮੇਹਸਾਣਾ ਜ਼ਿਲ੍ਹੇ ਦੇ ਊਂਝਾ ਨਿਰਵਾਚਨ ਖੇਤਰ ਤੋਂ ਵਿਧਾਇਕ ਆਸ਼ਾ ਪਟੇਲ ਨੇ ਗਾਂਧੀਨਗਰ ਵਿਚ ਗੁਜਰਾਤ ਵਿਧਾਨ ਸਭਾ ਪ੍ਰਧਾਨ ਰਾਜੇਂਦਰ ਤ੍ਰਿਵੇਦੀ ਨੂੰ ਅੱਜ ਸਵੇਰੇ ਅਪਣਾ ਅਸਤੀਫ਼ਾ ਸੌਂਪਿਆ। ਵਿਧਾਨ ਸਭਾ ਪ੍ਰਧਾਨ ਨੇ ਅਸਤੀਫ਼ਾ ਸਵੀਕਾਰ ਕਰ ਲਿਆ ਹੈ।
ਪਟੇਲ ਦੇ ਅਸਤੀਫ਼ੇ ਨੂੰ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਟੇਲ ਨੇ ਭਾਜਪਾ ਤੋਂ ਊਂਝਾ ਸੀਟ ਕਾਂਗਰਸ ਨੂੰ ਦਵਾਈ ਸੀ। ਊਂਝਾ, ਮੇਹਸਾਣਾ ਲੋਕਸਭਾ ਸੀਟ ਵਿਚ ਆਉਣ ਵਾਲੇ ਸੱਤ ਵਿਧਾਨ ਸਭਾ ਖੇਤਰਾਂ ਵਿਚੋਂ ਇਕ ਹੈ। ਸੱਤ ਵਿਧਾਨ ਸਭਾ ਖੇਤਰਾਂ ਵਿਚੋਂ ਚਾਰ ਭਾਜਪਾ ਅਤੇ ਤਿੰਨ ਕਾਂਗਰਸ ਦੇ ਕੋਲ ਹਨ। ਮੇਹਸਾਣਾ ਲੋਕਸਭਾ ਸੀਟ ਭਾਜਪਾ ਦੇ ਕੋਲ ਹੈ। ਆਸ਼ਾ ਪਟੇਲ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਅਪਣੇ ਅਸਤੀਫ਼ੇ ਦਾ ਐਲਾਨ ਕੀਤਾ।
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਅੰਦਰੂਨੀ ਕਲਹ ਅਤੇ ਪਾਰਟੀ ਅਗਵਾਈ ਵਲੋਂ ਮੈਨੂੰ ਨਜ਼ਰਅੰਦਾਜ਼ ਕਰਨ ਦੇ ਚਲਦੇ ਅਸਤੀਫ਼ਾ ਦਿਤਾ ਹੈ।’’ ਪਟੇਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਿਛਲੇ ਇਕ ਸਾਲ ਵਿਚ ਰਾਜ ਦੇ ਮੁੱਦਿਆਂ ਉਤੇ ਦਿਤੀ ਗਈ ਉਨ੍ਹਾਂ ਦੀ ਕਿਸੇ ਵੀ ਰਾਏ ਉਤੇ ਗੌਰ ਨਹੀਂ ਕੀਤਾ ਗਿਆ। ਭਾਜਪਾ ਵਿਚ ਸ਼ਾਮਲ ਹੋਣ ਦੇ ਸਵਾਲ ਉਤੇ ਉਨ੍ਹਾਂ ਨੇ ਕਿਹਾ ਕਿ ਉਹ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਨਿਰਵਾਚਨ ਖੇਤਰ ਦੇ ਲੋਕਾਂ ਨਾਲ ਸਲਾਹ ਮਸ਼ਵਰਾ ਕਰਨਗੇ।
ਕਾਂਗਰਸ ਰਾਜ ਇਕਾਈ ਦੇ ਪ੍ਰਧਾਨ ਅਮਿਤ ਚਾਵੜਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਆਸ਼ਾ ਪਟੇਲ ਨੇ ਅਪਣੇ ਨਿਜੀ ਸਵਾਰਥ ਦੇ ਚਲਦੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ, ‘‘ਕੱਲ ਤੱਕ, ਉਨ੍ਹਾਂ ਨੇ ਇਸ ਬਾਰੇ ਕੁੱਝ ਨਹੀਂ ਕਿਹਾ ਸੀ।’’ ਇਸ ਤੋਂ ਪਹਿਲਾਂ ਕਾਂਗਰਸ ਵਿਧਾਇਕ ਕੁੰਵਰ ਜੀ ਬਾਵਲਿਆ ਨੇ ਵੀ ਕਾਂਗਰਸ ਛੱਡ ਭਾਜਪਾ ਦਾ ਹੱਥ ਫੜ੍ਹ ਲਿਆ ਸੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 182 ਸੀਟਾਂ ਵਿਚੋਂ ਭਾਜਪਾ ਨੇ 99 ਅਤੇ ਕਾਂਗਰਸ ਨੇ 77 ਸੀਟਾਂ ਉਤੇ ਜਿੱਤ ਹਾਸਲ ਕੀਤੀ ਸੀ।