ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਸਮਰਥਨ ਦੇਣ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ: ਇਨਸਾਫ਼ ਦੀ ਇਸ ਲੜਾਈ ’ਚ ਅਪਣੇ ਬੱਚਿਆਂ ਨਾਲ ਆਖ਼ਰੀ ਸਾਹ ਤਕ ਸੰਘਰਸ਼ ਕਰਾਂਗੇ

Rakesh Tikait Joins Wrestlers Protest

 


ਨਵੀਂ ਦਿੱਲੀ: ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਲੋਕ ਸਭਾ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਦਿੱਲੀ ਦੇ ਜੰਤਰ-ਮੰਤਰ ’ਤੇ ਪਹਿਲਵਾਨਾਂ ਦਾ ਪ੍ਰਦਰਸ਼ਨ ਮੰਗਲਵਾਰ ਨੂੰ 10ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਪਹਿਲਵਾਨਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਸਹਿਯੋਗ ਲਗਾਤਾਰ ਮਿਲ ਰਿਹਾ ਹੈ। ਇਸ ਦੇ ਚਲਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਪਹਿਲਵਾਨਾਂ ਨੂੰ ਸਮਰਥਨ ਦੇਣ ਪਹੁੰਚੇ। ਉਨ੍ਹਾਂ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਅਸੀਂ ਇਨਸਾਫ਼ ਦੀ ਇਸ ਲੜਾਈ ’ਚ ਅਪਣੇ ਬੱਚਿਆਂ ਨਾਲ ਆਖ਼ਰੀ ਸਾਹ ਤਕ ਸੰਘਰਸ਼ ਕਰਾਂਗੇ। ਜੇਕਰ ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ ਦੇਸ਼ ਭਰ 'ਚ ਹੋਵੇਗਾ ਅੰਦੋਲਨ।

ਇਹ ਵੀ ਪੜ੍ਹੋ: 'ਮੋਦੀ ਸਰਨੇਮ' ਮਾਮਲਾ: ਗੁਜਰਾਤ ਹਾਈ ਕੋਰਟ ਨੇ ਰਾਹੁਲ ਗਾਂਧੀ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ

ਕਿਸਾਨ ਆਗੂ ਨੇ ਕਿਹਾ ਕਿ ਉਹ ਸ਼ੁਰੂ ਤੋਂ ਪਹਿਲਵਾਨਾਂ ਦੇ ਨਾਲ ਹਨ। 2 ਮਹੀਨੇ ਪਹਿਲਾਂ ਵੀ ਉਨ੍ਹਾਂ ਨੇ ਇਨ੍ਹਾਂ ਨੂੰ ਸਮਰਥਨ ਦਿਤਾ ਸੀ। ਟਿਕੈਤ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਇਨ੍ਹਾਂ ਨੂੰ ਇਹੀ ਹੌਸਲਾ ਦਿੰਦੇ ਹਨ ਕਿ ਨਿਰਾਸ਼ ਨਹੀਂ ਹੋਣਾ ਕਿਉਂਕਿ ਪੂਰਾ ਦੇਸ਼ ਅਤੇ ਦੁਨੀਆਂ ਪਹਿਲਵਾਨਾਂ ਦੇ ਨਾਲ ਹੈ, ਇਸ ਲਈ ਇਹ ਨਿਰਾਸ਼ ਹੋਣ ਦਾ ਸਮਾਂ ਨਹੀਂ ਹੈ।

ਇਹ ਵੀ ਪੜ੍ਹੋ: ਸ਼ਰਦ ਪਵਾਰ ਨੇ NCP ਮੁਖੀ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ, ਪੜ੍ਹੋ ਕੀ ਕਿਹਾ

ਉਨ੍ਹਾਂ ਕਿਹਾ, “ਪਿਛਲੇ ਕਈ ਦਿਨਾਂ ਤੋਂ ਦੇਸ਼-ਵਿਦੇਸ਼ 'ਚ ਨਾਮਣਾ ਖੱਟਣ ਵਾਲੇ ਪਹਿਲਵਾਨਾਂ ਦੀ ਬਿਜਲੀ ਅਤੇ ਪਾਣੀ ਕਟਿਆ ਹੋਇਆ ਹੈ। ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਧਰਨੇ ਨੂੰ ਬਿਜਲੀ-ਪਾਣੀ ਮੁਹਈਆ ਕਰਵਾਇਆ ਜਾਵੇ। ਅੰਦੋਲਨਕਾਰੀਆਂ ਨਾਲ ਅਜਿਹਾ ਵਤੀਰਾ ਉਨ੍ਹਾਂ ਦਾ ਮਨੋਬਲ ਨਹੀਂ ਤੋੜ ਸਕਦਾ, ਇਹ ਸਭ ਉਨ੍ਹਾਂ ਨੂੰ ਇਸ ਲੜਾਈ ਵਿਚ ਹੋਰ ਮਜ਼ਬੂਤ ​​ਕਰੇਗਾ”।

ਇਹ ਵੀ ਪੜ੍ਹੋ: ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ‘ਗੌਡਫ਼ਾਦਰ' ਜੈਫ਼ਰੀ ਹਿੰਟਨ ਨੇ ਗੂਗਲ ਤੋਂ ਦਿਤਾ ਅਸਤੀਫ਼ਾ 

ਕਿਸਾਨ ਆਗੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਥੇ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਲੋਕਾਂ ਲਈ ਕਾਨੂੰਨ ਵੱਖ-ਵੱਖ ਹੈ। ਉਨ੍ਹਾਂ ਕਿਹਾ ਕਿ ਪਹਿਲਵਾਨ ਦੇ ਸਮਰਥਨ ਵਿਚ ਸਿਰਫ਼ ਇਕ ਸੰਗਠਨ ਦੇ ਲੋਕ ਨਹੀਂ ਆ ਰਹੇ ਸਗੋਂ ਪੂਰਾ ਦੇਸ਼ ਸਮਰਥਨ ਕਰ ਰਿਹਾ ਹੈ। ਇਹ ਕਿਸੇ ਇਕ ਧਰਮ, ਜਾਤੀ, ਜਥੇਬੰਦੀ ਦਾ ਅੰਦੋਲਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਕਿਸਾਨਾਂ ਦੀ ਗੱਲ ਨਹੀਂ ਸੁਣੀ, ਹੁਣ ਪਹਿਲਵਾਨਾਂ ਦੀ ਗੱਲ ਨਹੀਂ ਸੁਣ ਰਹੀ।

ਇਹ ਵੀ ਪੜ੍ਹੋ: ਤੁਰਕੀ ਨੇ ਆਈਐਸ ਦੇ ਮੁਖੀ ਅਬੂ ਹਸਨ ਨੂੰ ਕੀਤਾ ਢੇਰ

ਕੀ ਹੈ ਪੂਰਾ ਮਾਮਲਾ?

ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਵਿਰੁਧ ਭਾਰਤੀ ਪਹਿਲਵਾਨ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨੇ ’ਤੇ ਬੈਠੇ ਹਨ। ਇਸ ਪ੍ਰਦਰਸ਼ਨ ਵਿਚ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਵਰਗੇ ਵੱਡੇ ਪਹਿਲਵਾਨ ਸ਼ਾਮਲ ਹਨ। ਇਨ੍ਹਾਂ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਵਿਰੁਧ ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ। ਦਿੱਲੀ ਪੁਲਿਸ ਨੇ ਸ਼ੁਕਰਵਾਰ ਨੂੰ ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤ ’ਤੇ ਦੋ ਐਫ.ਆਈ.ਆਰਜ਼. ਦਰਜ ਕੀਤੀਆਂ ਹਨ। ਹਾਲਾਂਕਿ ਬ੍ਰਿਜ ਭੂਸ਼ਣ ਦਾ ਕਹਿਣਾ ਹੈ ਕਿ ਸਿਰਫ਼ ਇਕ ਹੀ ਪ੍ਰਵਾਰ ਅਤੇ ਸਿਰਫ਼ ਇਕ ਹੀ ਅਖਾੜਾ ਉਨ੍ਹਾਂ ਵਿਰੁਧ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ। ਇਨ੍ਹਾਂ ਪਹਿਲਵਾਨਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਵੀ ਸਮਰਥਨ ਦਿਤਾ ਹੈ।