ਪਟਰੌਲ 91 ਤੋਂ ਪਾਰ, ਰਸੋਈ ਗੈਸ ਪਹਿਲੀ ਵਾਰ 500 ਤੋਂ ਉਪਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਟਰੌਲ 24 ਪੈਸੇ ਅਤੇ ਡੀਜ਼ਲ 30 ਪੈਸੇ ਪ੍ਰਤੀ ਲਿਟਰ ਵਧਿਆ........

Petrol Pump

ਨਵੀਂ ਦਿੱਲੀ  : ਦੇਸ਼ ਵਿਚ ਤੇਲ ਦੀਆਂ ਕੀਮਤਾਂ ਵਿਚ ਵਾਧਾ ਜਾਰੀ ਹੈ। ਪਟਰੌਲ ਸੋਮਵਾਰ ਨੂੰ ਮੁੰਬਈ ਵਿਚ 91 ਰੁਪਏ ਲਿਟਰ ਤੋਂ ਉਪਰ ਚਲਾ ਗਿਆ। ਘਰੇਲੂ ਰਸੋਈ ਗੈਸ ਐਲਪੀਜੀ ਪਹਿਲੀ ਵਾਰ 500 ਰੁਪਏ ਦੇ ਪੱਧਰ ਨੂੰ  ਪਾਰ ਕਰ ਗਈ। ਤੇਲ ਦੀ ਕੀਮਤ ਦੇ ਚਾਰ ਸਾਲ ਦੇ ਉੱਚ ਪੱਧਰ 'ਤੇ ਪਹੁੰਚਣ ਨਾਲ ਦੇਸ਼ ਭਰ ਵਿਚ ਤੇਲ ਦੀਆਂ ਕੀਮਤਾਂ ਨਵੀਂ ਉਚਾਈ 'ਤੇ ਪਹੁੰਚ ਗਈਆਂ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਦੀ ਅਧਿਸੂਚਨਾ ਅਨੁਸਾਰ ਪਟਰੌਲ ਦੀਆਂ ਕੀਮਤਾਂ 24 ਪੈਸੇ ਅਤੇ ਡੀਜ਼ਲ 30 ਪੈਸੇ ਪ੍ਰਤੀ ਲਿਟਰ ਵਧਾਈਆਂ ਗਈਆਂ ਹਨ।

ਇਸ ਵਾਧੇ ਮਗਰੋਂ ਦਿੱਲੀ ਵਿਚ ਪਟਰੌਲ ਦੀ ਕੀਮਤ ਰੀਕਾਰਡ ਉਚਾਈ 83.73 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 75.09 ਰੁਪਏ ਲਿਟਰ 'ਤੇ ਪਹੁੰਚ ਗਈ। ਮੁੰਬਈ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਪਟਰੌਲ ਪੰਪਾਂ 'ਤੇ ਹੁਣ ਪਟਰੌਲ 91.08 ਰੁਪਏ, ਭਾਰਤ ਪਟਰੌਲੀਅਮ ਕਾਰਪੋਰੇਸ਼ਨ ਦੇ ਪੰਪਾਂ 'ਤੇ 91.15 ਰੁਪਏ ਅਤੇ ਹਿੰਦੁਸਤਾਨ ਪਟਰੌਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਸਟੇਸ਼ਨ 'ਤੇ 91.15 ਰੁਪਏ ਵਿਕ ਰਿਹਾ ਹੈ। ਡੀਜ਼ਲ ਦੀ ਕੀਮਤ ਆਈਓਸੀ ਦੇ ਪਟਰੌਲ ਪੰਪਾਂ 'ਤੇ 79.72 ਰੁਪਏ ਲਿਟਰ ਚੱਲ ਰਹੀ ਹੈ। ਭਾਰਤ ਕੱਚੇ ਤੇਲ ਦਾ ਤੀਜਾ ਸੱਭ ਤੋਂ ਵੱਡਾ ਦਰਾਮਦਕਾਰ ਦੇਸ਼ ਹੈ।

ਅਗੱਸਤ ਦੇ ਮੱਧ ਤੋਂ ਪਟਰੌਲ ਜਿਥੇ 6.59 ਰੁਪਏ ਲਿਟਰ ਮਹਿੰਗਾ ਹੋਇਆ ਹੈ, ਉਥੇ ਡੀਜ਼ਲ 6.37 ਰੁਪਏ ਚੜ੍ਹਿਆ ਹੈ। ਤੇਲ ਕੰਪਨੀਆਂ ਮੁਤਾਬਕ ਸੋਮਵਾਰ ਤੋਂ ਘਰੇਲੂ ਰਸੋਈ ਗੈਸ ਦੇ 14.2 ਕਿਲੋ ਦੇ ਐਲਪੀਜੀ ਸਲੰਡਰ ਦੀ ਕੀਮਤ ਵੀ 2.89 ਰੁਪਏ ਚੜ੍ਹ ਕੇ 502.40 ਰੁਪਏ ਪਹੁੰਚ ਗਈ। ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦ ਸਬਸਿਡੀ ਵਾਲੀ ਐਲਪੀਜੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਸ ਦੀ ਕੀਮਤ ਮਈ ਵਿਚ 491.21 ਰੁਪਏ ਸੀ।      (ਏਜੰਸੀ)