ਪਰਾਲੀ ਸਾੜਨ ਕਾਰਨ ਭਾਰਤ ਨੂੰ ਸਾਲਾਨਾ 30 ਅਰਬ ਡਾਲਰ ਦਾ ਨੁਕਸਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਭਾਰਤ ਵਿਚ ਝੋਨੇ ਦੀ ਪਰਾਲੀ ਸਾੜਨ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਨਾਲ ਛਾਤੀ ਵਿਚ ਇਨਫ਼ੈਕਸ਼ਨ ਦਾ ਖ਼ਤਰਾ ਕਾਫ਼ੀ...

Stubble Burning

ਨਵੀਂ ਦਿੱਲੀ : ਉੱਤਰ ਭਾਰਤ ਵਿਚ ਝੋਨੇ ਦੀ ਪਰਾਲੀ ਸਾੜਨ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਨਾਲ ਛਾਤੀ ਵਿਚ ਇਨਫ਼ੈਕਸ਼ਨ ਦਾ ਖ਼ਤਰਾ ਕਾਫ਼ੀ ਵਧ ਰਿਹਾ ਹੈ ਅਤੇ ਸਾਲਾਨਾ 30 ਅਰਬ ਡਾਲਰ (2 ਲੱਖ ਕਰੋੜ ਰੁਪਏ) ਦਾ ਨੁਕਸਾਨ ਵੀ ਹੋ ਰਿਹਾ ਹੈ। ਅਮਰੀਕਾ ਦੇ ਇੰਟਰਨੈਸ਼ਨਲ ਫ਼ੂਡ ਪਾਲਿਸੀ ਰਿਸਰਚ ਇੰਸਟੀਚਿਊਟ ਅਤੇ ਸਹਿਯੋਗੀ ਸੰਸਥਾਵਾਂ ਦੇ ਵਿਗਿਆਨੀਆਂ ਮੁਤਾਬਕ ਪਰਾਲੀ ਨੂੰ ਅੱਗ ਲਾਉਣ ਮਗਰੋਂ ਹੋਣ ਵਾਲੀ ਹਵਾ ਪ੍ਰਦੂਸ਼ਣ ਰਾਹੀਂ ਉੱਤਰ ਭਾਰਤ ਦੇ ਲੋਕਾਂ ਵਿਚ ਐਕਿਊਟ ਰੈਸਪੀਰੇਟਰੀ ਇਨਫ਼ੈਕਸ਼ਨ (ਏ.ਆਰ.ਆਈ.) ਹੋਣ ਦਾ ਖ਼ਤਰਾ ਬਹੁਤ ਵਧ ਜਾਂਦਾ ਹੈ।

ਅਧਿਐਨ ਵਿਚ ਕਿਹਾ ਗਿਆ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਇਨਫ਼ੈਕਸ਼ਨ ਦਾ ਖ਼ਤਰਾ ਹੋਰ ਵੀ ਜ਼ਿਆਦਾ ਹੋ ਜਾਂਦਾ ਹੈ। ਤਾਜ਼ਾ ਅਧਿਐਨ ਰਾਹੀਂ ਪਹਿਲੀ ਵਾਰ ਉੱਤਰ ਭਾਰਤ ਵਿਚ ਪਰਾਲੀ ਸਾੜਨ ਕਾਰਨ ਸਿਹਤ ਅਤੇ ਆਰਥਕਤਾ ਉਪਰ ਪੈਣ ਵਾਲੇ ਅਸਰਾਂ 'ਤੇ ਚਾਨਣਾ ਪਾਇਆ ਗਿਆ ਹੈ। ਇੰਟਰਨੈਸ਼ਨਲ ਫ਼ੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਰਿਸਰਚ ਫ਼ੈਲੋ ਅਤੇ ਅਧਿਐਨ ਲੇਖਕਾਂ ਵਿਚੋਂ ਇਕ ਸੈਮੁਅਲ ਸਕਾਟ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੁਨੀਆਂ ਭਰ ਵਿਚ ਸਿਹਤ ਨਾਲ ਸਬੰਧਤ ਸੱਭ ਤੋਂ ਵੱਡੀ ਸਮੱਸਿਆ ਬਣ ਗਈ ਹੈ

ਅਤੇ ਦਿੱਲੀ ਵਿਚ ਤਾਂ ਹਵਾ ਵਿਚ ਪ੍ਰਦੂਸ਼ਤ ਕਣਾਂ ਦੀ ਮੌਜੂਦਗੀ ਕੌਮਾਂਤਰੀ ਮਿਆਰ ਤੋਂ 20 ਗੁਣਾ ਵਧ ਗਈ ਹੈ। ਸਕਾਟ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣ ਮਗਰੋਂ ਨਿਕਲਿਆ ਧੂੰਆਂ ਦਿੱਲੀ ਵਿਚ ਹਵਾ ਵਿਚ ਪ੍ਰਦੂਸ਼ਣ ਹੋਰ ਵਧਾ ਦਿੰਦਾ ਹੈ ਜਿਸ ਦੇ ਸਿੱਟੇ ਵਜੋਂ ਦਿੱਲੀ ਅਤੇ ਨਾਲ ਲਗਦੇ ਇਲਾਕਿਆਂ ਵਿਚ ਏ.ਆਰ.ਆਈ. ਦਾ ਖ਼ਤਰਾ ਤਿੰਨ ਗੁਣਾ ਵਧ ਜਾਂਦਾ ਹੈ। ਕੌਮਾਂਤਰੀ ਰਸਾਲੇ ਦੇ ਅਗਲੇ ਅੰਕ ਵਿਚ ਪ੍ਰਕਾਸ਼ਤ ਕੀਤੇ ਜਾਣ ਵਾਲਾ ਇਹ ਅਧਿਐਨ ਹਰ ਉਮਰ ਵਰਗ ਦੇ ਢਾਈ ਲੱਖ ਲੋਕਾਂ ਦੇ ਸਿਹਤ ਵੇਰਵਿਆਂ 'ਤੇ ਅਧਾਰਤ ਹੈ।

ਅਮਰੀਕਾ ਦੀ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਨਾਲ ਸਬੰਧਤ ਸੁਮਨ ਚੱਕਰਵਰਤੀ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਦੌਰਾਨ ਉੱਤਰ ਭਾਰਤ ਵਿਚ ਲੋਕਾਂ ਦੀ ਸਿਹਤ ਹੈਰਾਨਕੁਨ ਤਰੀਕੇ ਨਾਲ ਖ਼ਰਾਬ ਹੁੰਦੀ ਹੈ ਜਿਸ ਨਾਲ ਸਿਹਤ ਸੰਭਾਲ ਖ਼ਰਚੇ ਵਿਚ ਵਾਧਾ ਹੋਣ ਤੈਅ ਹੈ। ਇਸ ਰੁਝਾਨ ਦੇ ਲੰਮੇ ਸਮੇਂ ਦੌਰਾਨ ਨਜ਼ਰ ਆਉਣ ਵਾਲੇ ਅਸਰਾਂ ਵਿਚ ਬੱਚੇ ਪੈਦਾ ਕਰਨ ਦੀ ਸਮਰੱਥਾ ਵਿਚ ਕਮੀ ਪ੍ਰਮੁੱਖ ਮੰਨੀ ਜਾ ਰਹੀ ਹੈ।