ਹਥਿਆਰਬੰਦ ਅਣਪਛਾਤਿਆਂ ਵਲੋਂ ਹੁਰੀਅਤ ਵਰਕਰ ਦੀ ਗੋਲੀ ਮਾਰ ਕੇ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਸੋਪੋਰ ਵਿਚ ਸਨਿਚਰਵਾਰ ਨੂੰ ਹਥਿਆਰਬੰਦ ਵਿਅਕਤੀਆਂ  ਨੇ ਇਕ ਹੁਰੀਅਤ ਵਰਕਰ ਨੂੰ ਗੋਲੀ ਮਾਰ ਦਿਤੀ। ਇਹ ਜਾਣਕਾਰੀ ਹਸਪਤਾਲ ਦੇ ਅਧਿਕਾਰੀਆਂ...

Murder

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸੋਪੋਰ ਵਿਚ ਸਨਿਚਰਵਾਰ ਨੂੰ ਹਥਿਆਰਬੰਦ ਵਿਅਕਤੀਆਂ  ਨੇ ਇਕ ਹੁਰੀਅਤ ਵਰਕਰ ਨੂੰ ਗੋਲੀ ਮਾਰ ਦਿਤੀ। ਇਹ ਜਾਣਕਾਰੀ ਹਸਪਤਾਲ ਦੇ ਅਧਿਕਾਰੀਆਂ ਵਲੋਂ ਦਿਤੀ ਗਈ ਹੈ। ਹਕੀਮ ਰਹਿਮਾਨ ਨੂੰ ਬੋਮਈ ਇਲਾਕੇ ਵਿਚ ਉਨ੍ਹਾਂ ਦੇ ਘਰ ਬੇਹੱਦ ਨੇੜੇ ਤੋਂ ਗੋਲੀ ਮਾਰੀ ਗਈ। ਮ੍ਰਿਤਕ ਵਰਕਰ ਦੀ ਪਛਾਣ ਹਕੀਮ ਉਰ ਰਹਿਮਾਨ ਦੇ ਰੂਪ ਵਿਚ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਸਰਗਰਮੀ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। 

ਖ਼ਬਰ ਏਜੰਸੀ ਨੇ ਇਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਦਸਿਆ ਕਿ ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਤੁਰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਵਰਕਰ ਸੱਯਦ ਅਲੀ ਸ਼ਾਹ ਗਿਲਾਨੀ ਦੀ ਅਗਵਾਈ ਵਾਲੇ ਗੁੱਟ ਨਾਲ ਜੁੜਿਆ ਹੋਇਆ ਸੀ ਅਤੇ ਹਾਲ ਵਿਚ ਹੀ ਉਸ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿਖੇ ਅਤਿਵਾਦੀਆਂ ਨੇ ਬੁਜ਼ਦਿਲਾਨਾ ਕਾਰਵਾਈ ਕਰਦਿਆਂ ਬੁੱਧਵਾਰ ਨੂੰ ਫ਼ੌਜ ਦੀ ਇਕ ਟੁਕੜੀ 'ਤੇ ਹਮਲਾ ਕਰ ਦਿਤਾ ਸੀ, ਜਿਸ ਕਾਰਨ ਇਕ ਮਜ਼ਦੂਰ ਜ਼ਖ਼ਮੀ ਹੋ ਗਿਆ ਸੀ।

ਘਟਨਾ ਪਿੱਛੋਂ ਪੂਰੇ ਖੇਤਰ ਵਿਚ ਤਲਾਸ਼ੀਆਂ ਦੀ ਜ਼ੋਰਦਾਰ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿਚ ਫੌਜ ਦੇ ਨਾਲ-ਨਾਲ ਸੀਆਰਪੀਐੱਫ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨ ਸ਼ਾਮਲ ਸਨ। ਪੁਲਵਾਮਾ ਦੇ ਐੱਸਪੀ ਚੰਦਨ ਕੋਹਲੀ ਨੇ ਦੱਸਿਆ ਕਿ ਫੌਜ ਦੀ 55 ਆਰ.ਆਰ ਦੀ ਇਕ ਗਸ਼ਤ ਕਰ ਰਹੀ ਟੁਕੜੀ ਲੱਸੀਪੋਰਾ ਹਾਜੀਡਾਰ ਇਲਾਕੇ ਵਿਚੋਂ ਲੰਘ ਰਹੀ ਸੀ। ਰਾਹ ਵਿਚ ਇਕ ਥਾਂ 'ਤੇ ਅਤਿਵਾਦੀ ਘਾਤ ਲਾ ਕੇ ਬੈਠੇ ਹੋਏ ਸਨ। ਜਵਾਨਾਂ ਨੂੰ ਵੇਖਦਿਆਂ ਹੀ ਉਨ੍ਹਾਂ ਆਪਣੇ ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਸ਼ੁਰੂ ਕਰ ਦਿਤੀ।

ਜਵਾਨਾਂ ਨੇ ਕਿਸੇ ਤਰ੍ਹਾਂ ਅਪਣੇ-ਆਪ ਨੂੰ ਬਚਾਇਆ ਅਤੇ ਜਵਾਬੀ ਫਾਇਰ ਕੀਤੇ। 8 ਮਿੰਟ ਤੱਕ ਦੋਵਾਂ ਪਾਸਿਓਂ ਗੋਲੀਆਂ ਚੱਲੀਆਂ। ਮੁਕਾਬਲੇ ਦੌਰਾਨ ਸੁਰੱਖਿਆ ਫੋਰਸਾਂ ਜਾਂ ਅਤਿਵਾਦੀਆਂ ਵਿਚੋਂ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਪਰ ਦੋਪਾਸੜ ਗੋਲੀਬਾਰੀ ਦੀ ਲਪੇਟ ਵਿਚ ਆ ਕੇ ਇਕ ਮਜ਼ਦੂਰ ਅਰਜੁਨ ਕੁਮਾਰ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਸ਼੍ਰੀਨਗਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜੋ ਅਜੇ ਵ ਜੇਰੇ ਇਲਾਜ ਹੈ।