ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ ; ਹੁਣ ਕਿਸੇ ਵੀ ਥਾਣੇ 'ਚ ਦਰਜ ਹੋਵੇਗਾ ਸਹੁਰੇ ਪਰਿਵਾਰ ਵਿਰੁੱਧ ਮਾਮਲਾ
ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੀ ਰੂਪਾਲੀ ਦੇਵੀ ਦੀ ਪਟੀਸ਼ਨ 'ਤੇ ਸੁਣਾਇਆ ਫ਼ੈਸਲਾ
ਨਵੀਂ ਦਿੱਲੀ : ਸਹੁਰੇ ਪਰਿਵਾਰ 'ਚ ਔਰਤਾਂ ਨਾਲ ਹੋਣ ਵਾਲੀ ਤਸ਼ੱਦਦ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਇਕ ਅਹਿਮ ਫ਼ੈਸਲਾ ਸੁਣਾਇਆ ਹੈ। ਔਰਤਾਂ ਨਾਲ ਹੋਣ ਵਾਲੀ ਹਿੰਸਾ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਜਿਹੀ ਔਰਤਾਂ, ਜਿਨ੍ਹਾਂ ਨੂੰ ਸਹੁਰੇ ਪਰਿਵਾਰ 'ਚੋਂ ਕੱਢ ਦਿੱਤਾ ਜਾਂਦਾ ਹੈ ਜਾਂ ਉਥੇ ਹੋਣ ਵਾਲੀ ਤਸ਼ੱਦਦ ਤੋਂ ਪ੍ਰੇਸ਼ਾਨ ਹੋ ਕੇ ਖੁਦ ਹੀ ਘਰ ਛੱਡ ਦਿੰਦਿਆਂ ਹਨ, ਅਜਿਹੀ ਔਰਤਾਂ ਹੁਣ ਦੇਸ਼ ਦੇ ਕਿਸੇ ਥਾਣੇ 'ਚ ਮਾਮਲਾ ਦਰਜ ਕਰਵਾ ਸਕਦੀਆਂ ਹਨ, ਜਿੱਥੇ ਉਹ ਰਹਿ ਰਹੀਆਂ ਹਨ।
ਸੁਪਰੀਮ ਕੋਰਟ ਦੇ ਸੀਨੀਅਰ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਅਧਿਕਾਰ ਖੇਤਰ ਦੇ ਸਬੰਧ 'ਚ ਅਹਿਮ ਫ਼ੈਸਲਾ ਦਿੱਤਾ। ਫ਼ੈਸਲੇ ਮੁਤਾਬਕ ਦਹੇਜ ਅਤੇ ਤਸ਼ੱਦਦ ਦੇ ਮਾਮਲੇ 'ਚ ਸਹੁਰੇ ਪਰਿਵਾਰ ਤੋਂ ਵੱਖ ਰਹਿ ਰਹੀ ਔਰਤ ਆਪਣੇ ਪਤੀ ਤੇ ਸੁਹਰੇ ਪਰਿਵਾਰ ਵਿਰੁੱਧ ਕਿਸੇ ਵੀ ਥਾਂ ਮੁਕੱਦਮਾ ਦਰਜ ਕਰਵਾ ਸਕਦੀ ਹੈ। ਸੁਪਰੀਮ ਕੋਰਟ ਨੇ ਇਹ ਫ਼ੈਸਲਾ ਉੱਤਰ ਪ੍ਰਦੇਸ਼ ਦੀ ਰੂਪਾਲੀ ਦੇਵੀ ਦੀ ਪਟੀਸ਼ਨ 'ਤੇ ਸੁਣਾਇਆ ਹੈ।
ਜ਼ਿਕਰਯੋਗ ਹੈ ਕਿ ਸਹੁਰੇ ਪਰਿਵਾਰ ਤੋਂ ਪੀੜਤ ਔਰਤ ਨੂੰ ਉਸੇ ਇਲਾਕੇ ਦੇ ਥਾਣੇ 'ਚ ਮਾਮਲਾ ਦਰਜ ਕਰਵਾਉਣਾ ਪੈਂਦਾ ਹੈ, ਜਿੱਥੇ ਔਰਤ ਦਾ ਸਹੁਰਾ ਪਰਿਵਾਰ ਰਹਿੰਦਾ ਹੈ। ਇਸੇ ਕਾਰਨ ਕਈ ਔਰਤਾਂ ਮਾਮਲਾ ਦਰਜ ਨਹੀਂ ਕਰਵਾਉਂਦੀਆਂ ਸਨ।