ਪਖਾਨੇ 'ਚ ਖੜੇ ਲਾੜੇ ਦੀ 'Selfie' ਭੇਜੋ, ਫਿਰ ਮਿਲਣਗੇ 51000 ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਸਰਕਾਰ ਦੀ ਅਜੀਬੋ-ਗਰੀਬ ਸ਼ਰਤ

MP govt demand selfie of groom standing in the toilet and bride gets Rs 51,000

ਭੋਪਾਲ : ਮੱਧ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਕੰਨਿਆ ਵਿਆਹ/ਨਿਕਾਹ ਯੋਜਨਾ ਤਹਿਤ ਲਾੜੀ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਯੋਜਨਾ ਤਹਿਤ ਇਕ ਅਜੀਬੋ-ਗਰੀਬ ਸ਼ਰਤ ਵੀ ਰੱਖ ਦਿੱਤੀ ਹੈ। ਅਜਿਹੇ 'ਚ ਲਾੜੇ ਨੂੰ ਪਖਾਨੇ 'ਚ ਖੜੇ ਹੋ ਕੇ ਸੈਲਫ਼ੀ ਲੈਣੀ ਪਵੇਗੀ, ਜਿਸ ਨੂੰ ਐਪਲੀਕੇਸ਼ਨ ਫ਼ਾਰਮ 'ਚ ਲਗਾਉਣਾ ਜ਼ਰੂਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਰਕਾਰੀ ਯੋਜਨਾ ਦਾ ਲਾਭ ਲੈਣ ਵਾਲੇ ਮੱਧ ਪ੍ਰਦੇਸ਼ ਦੇ ਲਾੜਿਆਂ ਲਈ ਇਹ ਇਕ ਅਜਿਹਾ ਪ੍ਰੀ-ਵੈਡਿੰਗ ਸ਼ੂਟ ਸਾਬਤ ਹੋ ਰਿਹਾ ਹੈ, ਜਿਸ ਨੂੰ ਉਹ ਯਾਦ ਨਹੀਂ ਰੱਖਣਾ ਚਾਹੁੰਦੇ।

ਜਾਣਕਾਰੀ ਮੁਤਾਬਕ ਮੁੱਖ ਮੰਤਰੀ ਕੰਨਿਆ ਵਿਆਹ/ਨਿਕਾਹ ਯੋਜਨਾ ਦੇ ਐਪਲੀਕੇਸ਼ਨ ਫ਼ਾਰਮ 'ਚ ਸ਼ਰਤ ਹੈ ਕਿ ਲਾੜੇ ਦੇ ਘਰ 'ਚ ਪਖਾਨਾ ਹੋਣਾ ਜ਼ਰੂਰੀ ਹੈ। ਇਸ ਕਾਰਨ ਸਰਕਾਰੀ ਅਧਿਕਾਰੀ ਕਿਤੇ ਵੀ ਪਖਾਨੇ ਦੀ ਜਾਂਚ ਕਰਨ ਨਹੀਂ ਜਾ ਰਹੇ ਹਨ। ਉਹ ਲਾੜੇ ਤੋਂ ਮੰਗ ਕਰਦੇ ਹਨ ਕਿ ਉਹ ਪਖਾਨੇ 'ਚ ਖਿੱਚੀ ਗਈ ਇਕ ਸਟੈਂਡਿੰਗ ਸੈਲਫ਼ੀ ਉਨ੍ਹਾਂ ਨੂੰ ਭੇਜੇ। ਪਖਾਨੇ 'ਚ ਖੜੇ ਹੋ ਕੇ ਤਸਵੀਰ ਖਿਚਵਾਉਣ 'ਚ ਲਾੜਿਆਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸ਼ਰਤ ਸਿਰਫ਼ ਪੇਂਡੂ ਇਲਾਕਿਆਂ ਤਕ ਹੀ ਸੀਮਤ ਨਹੀਂ ਹੈ। ਸੂਬੇ ਦੀ ਰਾਜਧਾਨੀ ਭੋਪਾਲ ਦੇ ਨਗਰ ਨਿਗਮ ਅਧਿਕਾਰੀ ਵੀ ਲਾੜਿਆਂ ਤੋਂ ਇਹੀ ਮੰਗ ਕਰ ਰਹੇ ਹਨ।

ਭੋਪਾਲ ਦੇ ਜਹਾਂਗੀਰਾਬਾਦ ਇਲਾਕੇ 'ਚ ਰਹਿਣ ਵਾਲੇ ਇਕ ਨੌਜਵਾਨ ਨੇ ਦੱਸਿਆ, "ਸੋਚੋ ਮੈਰਿਜ਼ ਸਰਟੀਫ਼ਿਕੇਟ 'ਤੇ ਲਾੜੇ ਦੀ ਅਜਿਹੀ ਤਸਵੀਰ ਲੱਗੇਗੀ, ਜਿਸ 'ਚ ਉਹ ਪਖਾਨੇ ਅੰਦਰ ਖੜਾ ਹੈ। ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਕਾਜ਼ੀ ਉਦੋਂ ਤਕ ਨਿਕਾਹ ਨਹੀਂ ਪੜ੍ਹੇਗਾ, ਜਦੋਂ ਤਕ ਮੈਂ ਉਸ ਨੂੰ ਇਹ ਤਸਵੀਰ ਨਹੀਂ ਦਿਆਂਗਾ।" 
ਸਮਾਜਕ ਨਿਆਂ ਅਤੇ ਵਿਕਲਾਂਗ ਕਲਿਆਣ ਵਿਭਾਗ ਦੇ ਮੁੱਖ ਸਕੱਤਰ ਜੇ.ਐਨ. ਕਨਸੋਟਿਆ ਨੇ ਕਿਹਾ, "ਵਿਆਹ ਤੋਂ ਪਹਿਲਾਂ ਲਾੜਿਆਂ ਤੋਂ ਪਖਾਨੇ ਦੇ ਸਬੂਤ ਵਾਲੀ ਤਸਵੀਰ ਮੰਗਣਾ ਗ਼ਲਤ ਚੀਜ਼ ਨਹੀਂ ਹੈ। ਸਮਾਜਕ ਨਿਆਂ ਵਿਭਾਗ ਨੇ ਇਸ ਤਰ੍ਹਾਂ ਦਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਹੈ। ਹਾਲਾਂਕਿ ਇਸ ਪਾਲਿਸੀ ਨੂੰ ਹੋਰ ਵਧੀਆ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ।" ਦਸਿਆ ਜਾ ਰਿਹਾ ਹੈ ਕਿ ਸਕੀਮ 'ਚ ਪਖਾਨਾ ਹੋਣ ਦੀ ਸ਼ਰਤ ਸਾਲ 2003 ਤੋਂ ਲਾਗੂ ਹੈ ਪਰ ਤਸਵੀਰ ਨੂੰ ਕੁਝ ਸਮਾਂ ਪਹਿਲਾਂ ਹੀ ਜ਼ਰੂਰੀ ਕੀਤਾ ਹੈ।