13 ਜੂਨ ਨੂੰ ਗੁਜਰਾਤ ਪਹੁੰਚ ਸਕਦੈ 'ਵਾਯੂ' ਤੂਫ਼ਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੂਫ਼ਾਨ ਦੀ ਰਫ਼ਤਾਰ 115 ਤੋਂ 130 ਕਿਲੋਮੀਟਰ ਪ੍ਰਤੀ ਘੰਟਾ ਤਕ ਹੋ ਸਕਦੀ ਹੈ।

Gujarat on alert as cyclone Vayu inches closer

ਨਵੀਂ ਦਿੱਲੀ : ਅਰਬ ਸਾਗਰ ਵਿਚ ਹਵਾ ਦੇ ਘੱਟ ਦਬਾਅ ਦੀ ਸਥਿਤੀ ਗੰਭੀਰ ਹੋਣ ਕਾਰਨ ਪੈਦਾ ਹੋਇਆ ਚੱਕਰਵਾਤੀ ਤੂਫ਼ਾਨ 'ਵਾਯੂ' ਲਗਾਤਾਰ ਗੁਜਰਾਤ ਵਲ ਵੱਧ ਰਿਹਾ ਹੈ ਅਤੇ ਇਸ ਦੇ 13 ਜੂਨ ਵੀਰਵਾਰ ਨੂੰ ਗੁਜਰਾਤ ਦੇ ਸਮੁੰਦਰੀ ਇਲਾਕਿਆਂ ਪੋਰਬੰਦਰ ਅਤੇ ਕੱਛ ਖੇਤਰ ਵਿਚ ਪੁੱਜਣ ਦੀ ਸੰਭਾਵਨਾ ਹੈ। 

ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 24 ਘੰਟਿਆਂ ਵਿਚ ਇਸ ਤੂਫ਼ਾਨ ਦੇ ਹੋਰ ਗੰਭੀਰ ਹੋਣ ਦਾ ਸੰਭਾਵਨਾ ਹੈ ਅਤੇ ਇਹ ਵਾਯੂ ਤੂਫ਼ਾਨ 13 ਜੂਨ ਨੂੰ ਗੁਜਰਾਤ ਦੇ ਸਮੁੰਦਰੀ ਇਲਾਕਿਆਂ ਵਿਚ ਪੋਰਬੰਦਰ ਤੋਂ ਮਹੂਵਾ, ਵੇਰਾਵਲ ਅਤੇ ਦੀਵ ਖੇਤਰ ਨੂੰ ਪ੍ਰਭਾਵਤ ਕਰੇਗਾ।

ਇਸ ਤੂਫ਼ਾਨ ਦੀ ਰਫ਼ਤਾਰ 115 ਤੋਂ 130 ਕਿਲੋਮੀਟਰ ਪ੍ਰਤੀ ਘੰਟਾ ਤਕ ਹੋ ਸਕਦੀ ਹੈ। ਮੌਸਮ ਵਿਭਾਗ ਨੇ ਕੱਛ ਦੇ ਨੇੜਲੇ ਇਲਾਕਿਆਂ ਵਿਚ 13 ਤੇ 14 ਜੂਨ ਨੂੰ ਭਾਰੀ ਮੀਂਹ ਪੈਣ ਅਤੇ 110 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਨੂੰ ਵੇਖਦੇ ਹੋਏ ਸਰਕਾਰ ਨੇ ਵੀ ਚੌਕਸੀ ਜਾਰੀ ਕਰਦੇ ਹੋਏ ਐਨਡੀਆਰਐਫ਼ ਦੇ ਜਵਾਨਾਂ ਨੂੰ ਕੱਛ ਸਮੇਤ ਕਈ ਇਲਾਕਿਆਂ ਵਿਚ ਤੈਨਾਤ ਕਰ ਦਿਤਾ ਹੈ। ਮਛੇਰਿਆਂ ਨੂੰ ਵੀ ਅਗਲੇ ਕੁੱਝ ਦਿਨਾਂ ਤਕ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿਤੀ ਗਈ ਹੈ। 

ਸੂਬੇ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਨੇ ਕਿਹਾ ਹੈ ਕਿ ਸਮੁੰਦਰ ਨੇੜਲੇ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾਵੇਗਾ ਤਾਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਕੀਤਾ ਜਾਵੇ। 

ਅਮਿਤ ਸ਼ਾਹ ਨੇ ਕੀਤੀ ਤਿਆਰੀਆਂ ਦੀ ਸਮੀਖਿਆ
ਗੁਜਰਾਤ ਵਲ ਵੱਧ ਰਹੇ ਚੱਕਰਵਾਤ ਵਾਯੂ ਤੂਫ਼ਾਨ ਦੇ ਮੱਦੇਨਜ਼ਰ ਅੱਜ ਮੰਗਲਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਲੋਕਾਂ ਦੀ ਸੁਰੱਖਿਆ ਲਈ ਹਰਸੰਭਵ ਕਦਮ ਚੁੱਕੇ ਜਾਣ। ਇਸ ਤੂਫ਼ਾਨ ਦੇ ਮੱਦੇਨਜ਼ਰ ਐਨਡੀਆਰਐਫ਼ ਦੀਆਂ 26 ਟੀਮਾਂ ਨੂੰ ਪਹਿਲਾਂ ਹੀ ਤੈਨਾਤ ਕਰ ਦਿਤਾ ਗਿਆ ਹੈ। ਹਰ ਟੀਮ ਵਿਚ ਲਗਭਗ 45 ਜਵਾਨ ਹਨ। ਗੁਜਰਾਤ ਸਰਕਾਰ ਦੀ ਅਪੀਲ 'ਤੇ ਐਨਡੀਆਰਐਫ਼ ਹੋਰ 10 ਟੀਮਾਂ ਵੀ ਭੇਜ ਰਿਹਾ ਹੈ। ਸਮੀਖਿਆ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਨੀਅਰ ਅਧਿਕਾਰੀਆਂ ਨੂੰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਨਿਰਦੇਸ਼ ਦਿਤੇ।