ਵੱਡੇ ਕਰਜ਼ਾ ਚੋਰਾਂ ਦੀ ਸੂਚੀ ਪ੍ਰਧਾਨ ਮੰਤਰੀ ਨੂੰ ਭੇਜੀ ਸੀ ਪਰ ਪਤਾ ਨਹੀਂ ਕੀ ਬਣਿਆ? : ਰਾਜਨ
ਬੈਂਕਾਂ ਦੇ ਡੁੱਬੇ ਕਰਜ਼ੇ (ਐਨਪੀਏ) ਦੇ ਮਸਲੇ 'ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਬਿਆਨਬਾਜ਼ੀ ਚੱਲ ਰਹੀ ਹੈ............
ਨਵੀਂ ਦਿੱਲੀ : ਬੈਂਕਾਂ ਦੇ ਡੁੱਬੇ ਕਰਜ਼ੇ (ਐਨਪੀਏ) ਦੇ ਮਸਲੇ 'ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਬਿਆਨਬਾਜ਼ੀ ਚੱਲ ਰਹੀ ਹੈ। ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਹੈ ਕਿ ਪਿਛਲੀ ਯੂਪੀਏ ਸਰਕਾਰ ਸਮੇਂ ਹੋਏ ਕੋਲਾ ਘਪਲੇ ਕਾਰਨ ਬੈਂਕਾਂ ਦਾ ਕਰਜ਼ਾ ਡੁਬਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਬਾਅਦ ਆਈ ਐਨਡੀਏ ਸਰਕਾਰ ਦੇ ਸਮੇਂ ਵੀ ਫ਼ੈਸਲਾ ਲੈਣ ਵਿਚ ਹੋਈ ਦੇਰੀ ਵੀ ਇਕ ਕਾਰਨ ਹੈ।
ਰਾਜਨ ਨੇ ਸੰਸਦੀ ਕਮੇਟੀ ਨੂੰ ਦਿਤੀ ਅਪਣੀ ਰੀਪੋਰਟ ਵਿਚ ਕਿਹਾ ਹੈ ਕਿ ਉਸ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਕਰਜ਼ਾ ਧੋਖਾਧੜੀ ਦੇ ਵੱਡੇ ਮਾਮਲਿਆਂ ਦੀ ਸੂਚੀ ਭੇਜੀ ਸੀ ਪਰ ਪਤਾ ਨਹੀਂ ਕਿ ਉਸ ਸੂਚੀ ਦਾ ਕੀ ਬਣਿਆ? ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਾਲੀ ਕਮੇਟੀ ਨੂੰ ਭੇਜੀ ਅਪਣੀ ਰੀਪੋਰਟ ਵਿਚ ਰਾਜਨ ਨੇ ਕਿਹਾ ਹੈ, 'ਜਦ ਮੈਂ ਗਵਰਨਰ ਸੀ ਤਾਂ ਧੋਖਾਧੜੀ ਨਿਗਰਾਨੀ ਸੈੱਲ ਬਣਾਇਆ ਗਿਆ ਸੀ ਜਿਹੜਾ ਜਾਂਚ ਏਜੰਸੀਆਂ ਨਾਲ ਤਾਲਮੇਲ ਕਰਦਾ ਸੀ।
ਮੈਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਧੋਖਾਧੜੀ ਦੇ ਵੱਡੇ ਕੇਸਾਂ ਦੀ ਸੂਚੀ ਵੀ ਸੌਂਪੀ ਸੀ ਪਰ ਮੈਨੂੰ ਨਹੀਂ ਪਤਾ ਕਿ ਇਸ ਸੂਚੀ ਦਾ ਕੀ ਬਣਿਆ। ਇਸ ਮਾਮਲੇ ਦਾ ਫ਼ੌਰੀ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸੀ ਕਿ 'ਨਾਮਦਾਰਾਂ' ਦੇ ਇਸ਼ਾਰੇ 'ਤੇ ਵੰਡੇ ਗਏ ਕਰਜ਼ੇ ਦਾ ਇਕ ਇਕ ਪੈਸਾ ਵਸੂਲਿਆ ਜਾਵੇਗਾ। ਇਕ - ਇਕ ਪਾਈ ਵਸੂਲੀ ਕੀਤੀ ਜਾਵੇਗੀ। (ਏਜੰਸੀ)