ਸ਼ੱਕੀ ਨਕਸਲੀਆਂ ਨੇ ਯਾਤਰੀ ਬਸ 'ਚ ਲਗਾਈ ਅੱਗ, ਫ਼ੋਨ ਅਤੇ ਪੈਸੇ ਵੀ ਲੁੱਟੇ
ਯਾਤਰੀਆਂ ਅਤੇ ਬਸ ਡਰਾਈਵਰ ਨੂੰ ਬਸ ਵਿਚੋਂ ਹੇਠਾਂ ਉਤਾਰਣ ਮਗਰੋਂ ਪਟਰੌਲ ਛਿੜਕ ਕੇ ਅੱਗ ਲਗਾਈ
ਰਾਏਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਨਾਰਾਇਣਪੁਰ ਜ਼ਿਲ੍ਹੇ ਵਿਚ ਸ਼ੱਕੀ ਨਕਸਲੀਆਂ ਨੇ ਇਕ ਯਾਤਰੀ ਬਸ ਵਿਚ ਅੱਗ ਲਗਾ ਦਿਤੀ ਅਤੇ ਯਾਤਰੀਆਂ ਤੋਂ ਲੁੱਟ ਖੋਹ ਵੀ ਕੀਤੀ। ਨਾਰਾਇਣਪੁਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹੇ ਦੇ ਬੇਨੂਰ ਥਾਣੇ ਅਧੀਨ ਸ਼ੱਕੀ ਨਕਸਲੀਆਂ ਨੇ ਨਿਜੀ ਯਾਤਰੀ ਬਸ ਵਿਚ ਅੱਗ ਲਗਾ ਦਿਤੀ ਅਤੇ ਯਾਤਰੀਆਂ ਤੋਂ ਮੋਬਾਈਲ ਫ਼ੋਨ ਅਤੇ ਪੈਸੇ ਵੀ ਲੁੱਟ ਲਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬੀਤੀ ਰਾਤ ਨਾਰਾਇਣਪੁਰ ਜ਼ਿਲ੍ਹਾ ਹੈਡਕੁਆਰਟਰ ਦੇ ਗੁਆਂਢੀ ਜ਼ਿਲ੍ਹੇ ਗੋਂਡਾਗਾਂਵ ਲਈ ਯਾਤਰੀ ਬਸ ਰਵਾਨਾ ਹੋਈ ਸੀ।
ਬਸ ਜਦੋਂ ਬੇਨੂਰ ਥਾਣੇ ਅਧੀਨ ਕਾਕੋੜੀ ਪੁਲ ਕੋਲ ਪਹੁੰਚੀ ਤਾਂ ਹਥਿਆਰਬੰਦ ਸ਼ੱਕੀ ਨਕਸਲੀਆਂ ਨੇ ਬਸ ਨੂੰ ਘੇਰ ਲਿਆ ਅਤੇ ਸਾਰੇ ਯਾਤਰੀਆਂ ਨੂੰ ਹੇਠਾਂ ਉਤਾਰ ਦਿਤਾ।ਅਧਿਕਾਰੀਆਂ ਨੇ ਦਸਿਆ ਕਿ ਯਾਤਰੀਆਂ ਅਤੇ ਬਸ ਡਰਾਈਵਰ ਨੂੰ ਬਸ ਵਿਚੋਂ ਹੇਠਾਂ ਉਤਾਰਣ ਮਗਰੋਂ ਪਟਰੌਲ ਛਿੜਕ ਕੇ ਅੱਗ ਲਗਾ ਦਿਤੀ। ਘਟਨਾ ਸਥਾਨ ਤੋਂ ਭੱਜਣ ਤੋਂ ਪਹਿਲਾਂ ਉਨ੍ਹਾਂ ਯਾਤਰੀਆਂ ਤੋਂ ਮੋਬਾਈਲ ਫ਼ੋਨ ਅਤੇ ਪੈਸੇ ਵੀ ਲੁੱਟ ਲਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਘਟਨਾ ਵਿਚ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਨਕਸਲੀਲਾਂ ਦੀ ਭਾਲ ਸ਼ੁਰੂ ਕੀਤੀ ਗਈ।
ਮੁੱਢਲੀ ਜਾਂਚ ਤੋਂ ਪਤਾ ਲਗਾਇਆ ਗਿਆ ਹੈ ਕਿ ਇਹ ਘਟਨਾ ਨੂੰ ਅੰਜਾਮ ਨਕਸਲੀਆਂ ਵਲੋਂ ਦਿਤਾ ਗਿਆ ਹੈ ਹਾਲਾਂਕਿ ਨਕਸਲੀ ਇਸ ਤਰ੍ਰਾਂ ਅਗਜ਼ਨੀ ਦੀ ਘਟਨਾ ਕਰਨ ਦੌਰਾਨ ਯਾਤਰੀਆਂ ਨੂੰ ਨਹੀਂ ਲੁੱਟਦੇ। ਉਨ੍ਹਾਂ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਵਿਚ ਅਪਰਾਧਕ ਜਥੇਬੰਦੀਆਂ ਦਾ ਹੱਥ ਵੀ ਹੋ ਸਕਦਾ ਹੈ।