ਸੋਪੋਰ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫ਼ਲਤਾ, ਦੋ ਅਤਿਵਾਦੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਅਤੇ ਕਸ਼ਮੀਰ ਦੇ ਸੋਪੋਰ ਵਿਚ ਵੀਰਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦੇ ਵਿਚਕਾਰ ਘੰਟਿਆਂ ਤਕ ਮੁਠਭੇੜ ਚੱਲੀ। ਅਤਿਵਾਦੀਆਂ ਦੇ ਖੇਤਰ ਵਿਚ ਲੁਕੇ ਹੋਣ...

Sopore Encounter

ਸ੍ਰੀਨਗਰ : ਜੰਮੂ ਅਤੇ ਕਸ਼ਮੀਰ ਦੇ ਸੋਪੋਰ ਵਿਚ ਵੀਰਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦੇ ਵਿਚਕਾਰ ਘੰਟਿਆਂ ਤਕ ਮੁਠਭੇੜ ਚੱਲੀ। ਅਤਿਵਾਦੀਆਂ ਦੇ ਖੇਤਰ ਵਿਚ ਲੁਕੇ ਹੋਣ ਦੀ ਖ਼ੁਫ਼ੀਆ ਖ਼ਬਰ ਮਿਲਣ ਤੋਂ ਬਾਅਦ ਰਾਸ਼ਟਰੀ ਰਾਈਫ਼ਲਜ਼ (ਆਰਆਰ), ਰਾਜ ਪੁਲਿਸ ਦੇ ਵਿਸ਼ੇਸ਼ ਅਪਰੇਸ਼ਨਜ਼ ਸਮੂਹ (ਐਸਓਜੀ) ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨਾਂ ਸਮੇਤ ਸੁਰੱਖਿਆ ਬਲਾਂ ਨੇ ਅਰਾਮਪੋਰਾ ਖੇਤਰ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਸੀ। ਪੁਲਿਸ ਨੇ ਦਸਿਆ ਕਿ ਜਿਵੇਂ ਹੀ ਖੇਤਰ ਦੀ ਘੇਰਾਬੰਦੀ ਕੀਤੀ ਗਈ,

ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ, ਜਿਸ ਤੋਂ ਬਾਅਦ ਮੁਠਭੇੜ ਸ਼ੁਰੂ ਹੋ ਗਈ। ਤੜਕੇ ਪੰਜ ਵਜੇ ਤੋਂ ਸ਼ੁਰੂ ਹੋਈ ਮੁਠਭੇੜ ਦੁਪਹਿਰ ਕਰੀਬ 12 ਵਜੇ ਤਕ ਚੱਲੀ। ਇਹਤਿਆਤ ਦੇ ਤੌਰ 'ਤੇ ਪ੍ਰਸ਼ਾਸਨ ਨੇ ਸੋਪੋਰ ਵਿਚ ਮੋਬਾਈਲ ਇੰਟਰਨੈੱਟ ਸੇਵਾ 'ਤੇ ਰੋਕ ਵੀ ਲਗਾ ਦਿਤੀ ਗਈ ਸੀ। ਸਿੱਖਿਆ ਸੰਸਥਾਨਾਂ ਨੂੰ ਦਿਨ ਭਰ ਲਈ ਬੰਦ ਰੱਖਣ ਲਈ ਆਖਿਆ ਗਿਆ ਸੀ। ਘੰਟਿਆਂ ਤਕ ਚੱਲੀ ਮੁਠਭੇੜ ਤੋਂ ਬਾਅਦ ਆਖ਼ਰਕਾਰ ਜਵਾਨਾਂ ਨੂੰ ਸਫ਼ਲਤਾ ਮਿਲੀ। ਫ਼ੌਜ ਅਤੇ ਪੁਲਿਸ ਦੇ ਸਾਂਝੇ ਅਪਰੇਸ਼ਨ ਵਿਚ ਦੋ ਅਤਿਵਾਦੀ ਮਾਰੇ ਗਏ ਅਤਿਵਾਦੀਆਂ ਦੀ ਸ਼ਨਾਖ਼ਤ ਅਜੇ ਤਕ ਨਹੀਂ ਹੋ ਸਕੀ ਹੈ। 

ਦਸ ਦਈਏ ਕਿ ਬੀਤੇ ਦਿਨ ਬੁੱਧਵਾਰ ਨੂੰ ਵੀ ਅਤਿਵਾਦੀਆਂ ਨੇ ਸੁਰੱਖਿਆ ਨੂੰ ਨਿਸ਼ਾਨਾ ਬਣਾਇਆ ਸੀ। ਜੰਮੂ ਵਿਚ ਕੱਟੜਾ ਦੇ ਨੇੜੇ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ ਗਈ ਸੀ। ਗੋਲੀਬਾਰੀ ਕਰਦੇ ਸਮੇਂ ਅਤਿਵਾਦੀ ਉਥੋਂ ਭੱਜ ਗਏ ਸਨ। ਪੁਲਿਸ ਨੇ ਮੌਕੇ ਤੋਂ ਇਕ ਟਰੱਕ ਜ਼ਬਤ ਕੀਤਾ ਸੀ। ਟਰੱਕ ਵਿਚੋਂ ਇਕ ਏਕੇ-47 ਅਤੇ ਤਿੰਨ ਮੈਗਜ਼ੀਨ ਬਰਾਮਦ ਹੋਏ ਸਨ। ਅਤਿਵਾਦੀਆਂ ਨੂੰ ਫੜਨ ਲਈ ਪੁਲਿਸ ਟਰੱਕ ਦੇ ਡਰਾਈਵਰ ਅਤੇ ਕੰਡਕਟਰ ਤੋਂ ਪੁਛਗਿਛ ਕਰ ਰਹੀ ਹੈ। ਦੋਵਾਂ ਦੀ ਗ੍ਰਿਫ਼ਤਾਰੀ ਦੇ ਲਈ ਖੇਤਰ ਵਿਚ ਅੱਜ ਦੂਜੇ ਦਿਨ ਵੀ ਸਰਚ ਅਪਰੇਸ਼ਨ ਜਾਰੀ ਹੈ। 

ਉੱਤਰੀ ਕਸ਼ਮੀਰ ਵਿਚ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਵਿਚ ਅਤਿਵਾਦੀਆਂ ਦੇ ਵਿਰੁਧ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਵਿਚ ਰੁਕਾਵਟ ਪਾਉਣ ਦਾ ਯਤਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਸੁਰੱਖਿਆ ਬਲਾਂ ਨੇ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਛੱਡੇ। ਇਸ ਦੌਰਾਨ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਫੈਲਾਉਣ ਤੋਂ ਰੋਕਣ ਲਈ ਇਹਤਿਆਤ ਦੇ ਤੌਰ 'ਤੇ ਸੋਪੋਰ ਵਿਚ ਭਾਰਤ ਸੰਚਾਰ ਨਿਗਮ ਲਿਮਟਿਡ ਸਮੇਤ ਸਾਰੀਆਂ ਸੈਲੁਲਰ ਕੰਪਨੀਆਂ ਦੀਆਂ ਸੇਵਾਵਾਂ ਬੰਦ ਕਰਵਾ ਦਿਤੀਆਂ।

ਉਤਰੀ ਕਸ਼ਮੀਰ ਵਿਚ ਟ੍ਰੇਨ ਸੇਵਾਵਾਂ ਪਹਿਲਾਂ ਹੀ ਮੁਲਤਵੀ ਕਰ ਦਿਤੀਆਂ ਗਈਆਂ ਹਨ ਅਤੇ ਸਿੱਖਿਆ ਸੰਸਥਾਵਾਂ ਵੀ ਬੰਦ ਕਰ ਦਿਤੀਆਂ ਗਈਆਂ ਹਨ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦੇ ਵਿਚਕਾਰ ਸਵੇਰੇ ਸ਼ੁਰੂ ਹੋਈ ਮੁਠਭੇੜ ਤੋਂ ਬਾਅਦ ਆਸਪਾਸ ਦੇ ਇਲਾਕਿਆਂ ਦੇ ਲੋਕ ਉਥੇ ਪਹੁੰਚੇ ਅਤੇ ਪਥਰਾਅ ਕਰਨ ਲੱਗੇ। ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਛੱਡੇ। ਆਖ਼ਰੀ ਰਿਪੋਰਟ ਮਿਲਣ ਤਕ ਦੋਵੇਂ ਪੱਖਾਂ ਦੇ ਵਿਚਕਾਰ ਝੜਪ ਜਾਰੀ ਸੀ।