ਗੁਜਰਾਤ 'ਚ ਬਾਰਿਸ਼ ਅਤੇ ਹੜ੍ਹ ਨਾਲ ਹੁਣ ਤਕ 22 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਨਸੂਨ ਨਾਲ ਜਿਥੇ ਦਿੱਲੀ ਅਤੇ ਐਨਸੀਆਰ ਦੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ, ਉਥੇ ਦੇਸ਼ ਦੇ ਕੁੱਝ ਰਾਜਾਂ ਵਿਚ ਇਹ ਆਫ਼ਤ ਬਣ ਕੇ ਆਇਆ ਹੈ...........

Floods in Gujarat

ਨਵੀਂ ਦਿੱਲੀ : ਮਾਨਸੂਨ ਨਾਲ ਜਿਥੇ ਦਿੱਲੀ ਅਤੇ ਐਨਸੀਆਰ ਦੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ, ਉਥੇ ਦੇਸ਼ ਦੇ ਕੁੱਝ ਰਾਜਾਂ ਵਿਚ ਇਹ ਆਫ਼ਤ ਬਣ ਕੇ ਆਇਆ ਹੈ। ਖ਼ਾਸ ਤੌਰ 'ਤੇ ਗੁਜਰਾਤ ਅਤੇ ਉਤਰਾਖੰਡ ਵਿਚ ਭਾਰੀ ਬਾਰਿਸ਼ ਅਤੇ ਹੜ੍ਹ ਜੀਅ ਦਾ ਜੰਜ਼ਾਲ ਬਣ ਚੁੱਕਿਆ ਹੈ। ਗੁਜਰਾਤ ਵਿਚ ਹੁਣ ਤਕ 22 ਲੋਕਾਂ ਦੀ ਮੌਤ ਹੋ ਚੁਕੀ ਹੈ ਜਦਕਿ ਉਤਰਾਖੰਡ ਵਿਚ 35 ਹਜ਼ਾਰ ਤੋਂ ਜ਼ਿਆਦਾ ਲੋਕ ਮਾਨਸੂਨ ਨਾਲ ਪ੍ਰਭਾਵਤ ਹੋਏ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 24 ਘੰਟੇ ਦੇਸ਼ ਦੇ ਕਈ ਰਾਜਾਂ 'ਤੇ ਭਾਰੀ ਹੋ ਸਕਦੇ ਹਨ। 

ਭਾਰੀ ਬਾਰਿਸ਼ ਅਤੇ ਹੜ੍ਹ ਨੇ ਕਈ ਰਾਜਾਂ ਨੂੰ ਅਪਣੀ ਲਪੇਟ ਵਿਚ ਲਿਆ ਹੋਇਆ ਹੈ। ਇਸ ਵਿਚ ਮਹਾਰਾਸ਼ਟਰ, ਗੁਜਰਾਤ, ਉਤਰਾਖੰਡ, ਜੰਮੂ ਕਸ਼ਮੀਰ ਦੇ ਕਈ ਇਲਾਕੇ ਸ਼ਾਮਲ ਹਨ। ਮਹਾਰਾਸ਼ਟਰ ਵਿਚ ਮਾਨਸੂਨ ਕਹਿਰ ਵਰਤਾ ਰਿਹਾ ਹੈ। ਰਾਜ ਦੇ ਕਈ ਇਲਾਕਿਆਂ ਵਿਚ ਪਿਛਲੇ 48 ਘੰਟਿਆਂ ਵਿਚ ਹੋਈ ਬਾਰਿਸ਼ ਕਾਰਨ ਹੜ੍ਹ ਵਰਗੇ ਹਾਲਾਤ ਹੋ ਗਏ ਹਨ। ਕੋਹਲਾਪੁਰ ਵਿਚ ਵਿਚ ਤੇਜ਼ ਬਾਰਿਸ਼ ਤੋਂ ਬਾਅਦ ਨਦੀਆਂ ਨਾਲੇ ਉਛਲ ਰਹੇ ਹਨ ਅਤੇ ਕਈ ਪਿੰਡਾਂ ਵਿਚ ਪਾਣੀ ਭਰ ਗਿਆ ਹੈ। 
ਹਾਈਟਾਈਡ ਕਾਰਨ ਸਮੁੰਦਰ ਨਾਲ ਲਗਦੇ ਪਿੰਡਾਂ ਵਿਚ ਪਾਣੀ ਭਰ ਗਿਆ ਹੈ, ਜਿਸ ਨਾਲ ਉਥੇ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਗਿਆ ਹੈ।

ਦੇਸ਼ ਦੀ ਰਾਜਧਾਨੀ ਵਿਚ ਭਲੇ ਹੀ ਇਕ ਦਿਨ ਪਹਿਲਾਂ ਹੀ ਮਾਨਸੂਨ ਦੀ ਬੇਰੁਖ਼ੀ ਖ਼ਤਮ ਹੋਈ ਹੋਵੇ ਪਰ ਪਹਿਲੀ ਬਾਰਿਸ਼ ਨਾਲ ਹੀ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਗਈ ਹੈ। ਦਿੱਲੀ ਦੇ ਕਨਾਟ ਪੈਲੇਸ ਦੇ ਕੋਲ ਮਿੰਟੋ ਰੋਡ 'ਤੇ 10 ਫੁੱਟ ਉਚੀ ਬੱਸ ਦਾ 8 ਫੁੱਟ ਹਿੱਸਾ ਪਾਣੀ ਵਿਚ ਡੁੱਬ ਗਿਆ। ਉਥੇ ਦਿੱਲੀ ਸਕੱਤਰੇਤ ਵਿਚ ਵੀ ਪਾਣੀ ਭਰ ਗਿਆ। ਭਾਰੀ ਬਾਰਿਸ਼ ਨਾਲ ਹੁਣ ਘਾਟੀ ਵੀ ਬੇਹਾਲ ਹੈ। ਜੰਮੂ ਕਸ਼ਮੀਰ ਦੇ ਰਾਜੌਰੀ ਵਿਚ ਵੀ ਲਗਾਤਾਰ ਬਾਰਿਸ਼ ਹੋ ਰਹੀ ਹੈ।

ਇਸ ਨਾਲ ਛੋਟੀਆਂ ਨਦੀਆਂ ਵਿਚ ਵੀ ਪਾਣੀ ਪੱਧਰ ਕਾਫ਼ੀ ਵਧ ਗਿਆ ਹੈ, ਜਿਸ ਨਾਲ ਆਸਪਾਸ ਦੇ ਇਲਾਕਿਆਂ ਵਿਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ। ਪ੍ਰਸ਼ਾਸਨ ਵਲੋਂ ਨਦੀਆਂ ਦੇ ਆਸਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ। ਉਧਰ ਡੋਡਾ ਵਿਚ ਹੋਈ ਤੇਜ਼ ਬਾਰਿਸ਼ ਤੋਂ ਬਾਅਦ ਕੋਟੀ ਨਾਲੇ ਵਿਚ ਪਾਣੀ ਦਾ ਵਹਾਅ ਵਧ ਗਿਆ, ਜਿਸ ਦੇ ਕਾਰਨ ਨਾਲੇ ਨਾਲ ਲਗਦੀ ਸੜਕ ਦਾ ਹਿੱਸਾ ਵੀ ਪਾਣੀ ਵਿਚ ਵਹਿ ਗਿਆ।  (ਏਜੰਸੀਆਂ)