ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ ਪੂਰੀ ਦੁਨੀਆਂ ਵਿਚ ਮਨਾਉਣ ਲਈ ਪ੍ਰਬੰਧ ਕਰ ਰਹੇ ਹਾਂ : ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ-ਕਰਤਾਰਪੁਰ ਲਾਂਘਾ ਪੂਰਾ ਹੋਣ 'ਤੇ ਖ਼ੁਸ਼ ਹਾਂ

Centre making arrangements for 550th birth anniversary celebrations : Modi

ਚਰਖੀ ਦਾਦਰੀ (ਹਰਿਆਣਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖ ਗੁਰੂ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਉਤਸਵ ਦੁਨੀਆਂ ਭਰ ਵਿਚ ਮਨਾਉਣ ਲਈ ਸਾਰੇ ਪ੍ਰਬੰਧ ਕਰ ਰਹੀ ਹੈ। ਪ੍ਰਧਾਨ ਮੰਤਰੀ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਥੇ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਮੋਦੀ ਨੇ ਕਿਹਾ, 'ਪੂਰਾ ਦੇਸ਼ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ ਦੀ ਤਿਆਰੀ ਕਰ ਰਿਹਾ ਹੈ ਅਤੇ ਕੇਂਦਰ ਇਸ ਨੂੰ ਦੁਨੀਆਂ ਭਰ ਵਿਚ ਮਨਾਉਣ ਦਾ ਇੰਤਜ਼ਾਮ ਕਰ ਰਿਹਾ ਹੈ। ਉਨ੍ਹਾਂ ਕਿਹਾ, 'ਮੈਨੂੰ ਖ਼ੁਸ਼ੀ ਹੈ ਕਿ ਕਰਤਾਰਪੁਰ ਲਾਂਘਾ ਪੂਰਾ ਹੋਣ ਵਾਲਾ ਹੈ।' ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਸੱਤ ਦਹਾਕੇ ਪਹਿਲਾਂ ਹੋਈ ਰਾਜਨੀਤਕ ਅਤੇ ਰਣਨੀਤਕ ਗ਼ਲਤੀ ਨੂੰ ਕਾਫ਼ੀ ਹੱਦ ਤਕ ਸੁਧਾਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਕਾਸ਼ ਉਤਸਵ ਪੂਰੇ ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ।

ਮੋਦੀ ਨੇ ਰਾਫ਼ੇਲ ਸੌਦੇ ਦਾ ਵਿਰੋਧ ਕਰਨ ਲਈ ਕਾਂਗਰਸ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ, 'ਪਤਾ ਨਹੀਂ ਕਾਂਗਰਸ ਆਗੂਆਂ ਨੂੰ ਕੀ ਹੋ ਜਾਂਦਾ ਹੈ। ਦੇਸ਼ਵਾਸੀਆਂ ਨੂੰ ਖ਼ੁਸ਼ੀ ਦੇਣ ਵਾਲੇ ਮੁੱਦਿਆਂ 'ਤੇ ਉਹ ਪ੍ਰੇਸ਼ਾਨ ਹੋ ਜਾਂਦੇ ਹਨ।' ਮੋਦੀ ਨੇ ਕਿਹਾ ਕਿ ਧਾਰਾ 370 ਬਾਰੇ ਵਿਦੇਸ਼ਾਂ ਵਿਚ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਅਜਿਹੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਚੋਣਾਂ ਵਿਚ ਸਜ਼ਾ ਦਿਤੀ ਜਾਵੇ।

ਸ਼ੀ ਚਿਨਫ਼ਿੰਗ ਨੇ ਮੈਨੂੰ ਦਸਿਆ ਸੀ ਕਿ ਉਸ ਨੇ 'ਦੰਗਲ' ਫ਼ਿਲਮ ਵੇਖੀ ਹੈ : ਮੋਦੀ
ਮੋਦੀ ਨੇ ਰੈਲੀ ਦੌਰਾਨ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨੇ ਅਪਣੇ ਹਾਲੀਆ ਦੌਰੇ ਦੌਰਾਨ ਉਨ੍ਹਾਂ ਨੂੰ ਦਸਿਆ ਸੀ ਕਿ ਉਨ੍ਹਾਂ 'ਦੰਗਲ' ਫ਼ਿਲਮ ਵੇਖੀ ਹੈ। ਫ਼ਿਲਮ ਦੰਗਲ ਪਹਿਲਵਾਨ ਬਬੀਤਾ ਫੋਗਾਟ ਅਤੇ ਉਸ ਦੇ ਪਿਤਾ ਮਹਾਵੀਰ ਫੋਗਾਟ 'ਤੇ ਆਧਾਰਤ ਹੈ। ਬਬੀਤਾ ਚਰਖੀ ਦਾਦਰੀ ਤੋਂ ਭਾਜਪਾ ਦੀ ਉਮੀਦਵਾਰ ਹੈ। ਮੋਦੀ ਨੇ ਕਿਹਾ ਕਿ ਇਹ ਗ਼ੈਰਰਸਮੀ ਮੁਲਾਕਾਤ ਸੀ ਜਿਸ ਦੌਰਾਨ ਚੀਨੀ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਦਸਿਆ ਕਿ ਉਨ੍ਹਾਂ ਦੰਗਲ ਫ਼ਿਲਮ ਵੇਖੀ ਹੈ ਅਤੇ ਇਹ ਗੱਲ ਜਾਣ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ।