'ਬੈਂਕ ਖਾਤਿਆਂ 'ਚ ਨਾ 15 ਲੱਖ ਆਏ, ਨਾ 6000'

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਜਿੱਥੇ ਵੀ ਜਾਂਦੇ ਹਨ, ਕੋਈ ਨਾ ਕੋਈ ਝੂਠ ਜ਼ਰੂਰ ਬੋਲ ਕੇ ਆਉਂਦੇ ਹਨ : ਰਾਹੁਲ ਗਾਂਧੀ

Rahul Gandhi

ਮੁੰਬਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਯਵਤਮਾਲ 'ਚ ਚੋਣ ਰੈਲੀ ਨੂੰ ਸੰਬੋਧਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ। ਰਾਹੁਲ ਨੇ ਕਿਹਾ ਕਿ ਨਰਿੰਦਰ ਮੋਦੀ ਜਿੱਥੇ ਵੀ ਜਾਂਦੇ ਹਨ, ਝੂਠ ਬੋਲ ਕੇ ਚਲੇ ਆਉਂਦੇ ਹਨ।

ਰਾਹੁਲ ਗਾਂਧੀ ਨੇ ਮੋਦੀ 'ਤੇ ਇਹ ਦੋਸ਼ ਲਗਾਉਂਦਿਆਂ ਬੈਂਕ ਖਾਤਿਆਂ 'ਚ 15-15 ਲੱਖ ਰੁਪਏ ਆਉਣ ਵਾਲੇ ਚੋਣ ਵਾਅਦੇ ਦਾ ਹਵਾਲਾ ਦਿੱਤਾ। ਨਾਲ ਹੀ ਕਿਸਾਨਾਂ ਦੇ ਖਾਤਿਆਂ 'ਚ ਆਉਣ ਵਾਲੇ ਪੈਸੇ ਦਾ ਵੀ ਜ਼ਿਕਰ ਕੀਤਾ। ਰਾਹੁਲ ਨੇ ਕਿਹਾ, "ਲੋਕ ਸਭਾ ਚੋਣਾਂ ਸਮੇਂ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉਹ ਹਰ ਬੈਂਕ ਖਾਤੇ 'ਚ 6000 ਰੁਪਏ ਪਾਉਣਗੇ। ਉਸ ਤੋਂ ਪਹਿਲਾਂ ਕਿਹਾ ਸੀ ਕਿ ਹਰ ਖਾਤੇ 'ਚ 15 ਲੱਖ ਰੁਪਏ ਪਾਉਣਗੇ ਪਰ ਕੀ ਮਿਲਿਆ? ਜਿਥੇ ਵੀ ਨਰਿੰਦਰ ਮੋਦੀ ਜਾਂਦੇ ਹਨ, ਕੋਈ ਨਾ ਕੋਈ ਝੂਠ ਬੋਲ ਦਿੰਦੇ ਹਨ।"

ਜ਼ਿਕਰਯੋਗ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਵਲੋਂ ਕਿਹਾ ਗਿਆ ਸੀ ਕਿ ਉਹ ਵਿਦੇਸ਼ ਤੋਂ ਕਾਲਾ ਧਨ ਵਾਪਸ ਲਿਆਵੇਗੀ ਅਤੇ ਉਥੇ ਇੰਨਾ ਕਾਲਾ ਧਨ ਜਮਾਂ ਹੈ ਕਿ ਹਰ ਦੇਸ਼ ਵਾਸੀ ਦੇ ਖਾਤੇ 'ਚ 15-15 ਲੱਖ ਰੁਪਏ ਆ ਜਾਣਗੇ। ਭਾਜਪਾ ਦੇ ਇਸੇ ਨਾਹਰੇ ਨੂੰ ਆਧਾਰ ਬਣਾ ਕੇ ਕਾਂਗਰਸ ਹਮੇਸ਼ਾ ਉਸ ਨੂੰ ਘੇਰਦੀ ਰਹੀ ਹੈ ਅਤੇ ਝੂਠੇ ਵਾਅਦੇ ਕਰਨ ਦਾ ਦੋਸ਼ ਲਗਾਉਂਦੀ ਰਹੀ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਕਿਸਾਨਾਂ ਦੇ ਖਾਤਿਆਂ 'ਚ 6000 ਰੁਪਏ ਭੇਜਣ ਦਾ ਵਾਅਦਾ ਕੀਤਾ ਸੀ। ਰਾਹੁਲ ਗਾਂਧੀ ਨੇ ਇਨ੍ਹਾਂ ਦੋਹਾਂ ਮੁੱਦਿਆਂ 'ਚ ਭਾਜਪਾ ਨੂੰ ਘੇਰਦਿਆਂ ਮੋਦੀ 'ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ।

ਰਾਹੁਲ ਗਾਂਧੀ ਨੇ ਰੈਲੀ 'ਚ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਤੁਹਾਡਾ ਧਿਆਨ ਸਹੀ ਮੁੱਦਿਆਂ ਤੋਂ ਦੂਰ ਲਿਜਾਣਾ ਚਾਹੁੰਦੇ ਹਨ। ਉਹ ਕਦੇ ਚੰਨ ਦੀ ਗੱਲ ਕਰਦੇ ਹਨ, ਕਦੇ ਧਾਰਾ 370 ਦੀ, ਕਦੇ ਕਾਰਬਟ ਪਾਰਕ 'ਚ ਫ਼ਿਲਮ ਬਣਾਉਂਦੇ ਹਨ, ਪਰ ਜੋ ਤੁਹਾਡੇ ਮੁੱਦੇ ਹਨ, ਉਸ ਬਾਰੇ ਇਕ ਸ਼ਬਦ ਨਹੀਂ ਬੋਲਦੇ।