ਤਿੰਨ ਤਲਾਕ ਵਿਰੁਧ ਆਵਾਜ਼ ਉਠਾਣ ਵਾਲੀ ਨਿਦਾ ਖ਼ਾਨ ਵਿਰੁਧ ਫ਼ਤਵਾ ਧਰਮ 'ਚੋਂ ਕਢਿਆ, ਦਫ਼ਨਾਉਣ 'ਤੇ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਿਕਾਹ ਹਲਾਲਾ ਅਤੇ ਤਿੰਨ ਤਲਾਕ ਵਿਰੁਧ ਆਵਾਜ਼ ਬੁਲੰਦ ਕਰਨ ਵਾਲੀ ਨਿਦਾ ਖ਼ਾਨ ਵਿਰੁਧ ਫ਼ਤਵਾ ਜਾਰੀ ਕਰ ਕੇ ਉਸ ਦਾ ਹੁੱਕਾ ਪਾਣੀ ਬੰਦ ਕਰ ਦਿਤਾ ਗਿਆ ਹੈ...........

Islamic Women

ਬਰੇਲੀ : ਨਿਕਾਹ ਹਲਾਲਾ ਅਤੇ ਤਿੰਨ ਤਲਾਕ ਵਿਰੁਧ ਆਵਾਜ਼ ਬੁਲੰਦ ਕਰਨ ਵਾਲੀ ਨਿਦਾ ਖ਼ਾਨ ਵਿਰੁਧ ਫ਼ਤਵਾ ਜਾਰੀ ਕਰ ਕੇ ਉਸ ਦਾ ਹੁੱਕਾ ਪਾਣੀ ਬੰਦ ਕਰ ਦਿਤਾ ਗਿਆ ਹੈ। ਉਸ ਨੂੰ ਮੁਸਲਿਮ ਧਰਮ ਵਿਚੋਂ ਕੱਢ ਦਿਤਾ ਗਿਆ ਹੈ ਅਤੇ ਉਸ ਨੂੰ ਦਫ਼ਨਾਏ ਜਾਣ 'ਤੇ ਵੀ ਪਾਬੰਦੀ ਲਗਾ ਦਿਤੀ ਗਈ ਹੈ। ਸ਼ਹਿਰ ਇਮਾਮ ਮੁਫ਼ਤੀ ਖ਼ੁਰਸ਼ੀਦ ਆਲਮ ਨੇ ਦਸਿਆ ਕਿ ਦਰਗਾਹ ਆਲਾ ਹਜ਼ਰਤ ਦੇ ਦਾਰੁਲ ਇਫ਼ਤਾ ਨੇ ਨਿਦਾ ਖ਼ਾਨ ਵਿਰੁਧ ਜਾਰੀ ਕੀਤੇ ਫ਼ਤਵੇ ਵਿਚ ਕਿਹਾ ਹੈ ਕਿ ਨਿਦਾ ਲਗਾਤਾਰ ਖ਼ੁਦਾ ਵਲੋਂ ਬਣਾਏ ਕਾਨੂੰਨ ਦੀ ਮੁਖ਼ਾਲਫ਼ਤ ਕਰ ਰਹੀ ਹੈ ਜਿਸ ਕਾਰਨ ਉਸ ਵਿਰੁਧ ਫ਼ਤਵਾ ਜਾਰੀ ਕੀਤਾ ਗਿਆ ਹੈ।

ਨਿਦਾ ਖ਼ਾਨ ਦੇ ਪਤੀ ਸ਼ਰੀਨ ਰਜ਼ਾ ਨੇ ਸਾਲ 2016 ਵਿਚ ਉਸ ਨੂੰ ਤਿੰਨ ਤਲਾਕ ਰਾਹੀਂ ਤਲਾਕ ਦਿਤਾ ਸੀ। ਨਿਦਾ ਨੇ ਇਸ ਤਲਾਕ ਕਾਰਨ ਅਦਾਲਤ ਵਿਚ ਲੜਾਈ ਵੀ ਲੜੀ ਸੀ ਜਿਸ ਵਿਚ ਉਸ ਨੇ ਜਿੱਤ ਹਾਸਲ ਕੀਤੀ ਸੀ। ਨਿਦਾ ਨੇ ਦੋਸ਼ ਲਾਇਆ ਸੀ ਕਿ ਸਾਲ 2015 ਵਿਚ ਸ਼ਰੀਨ ਵਲੋਂ ਕੀਤੀ ਗਈ ਕੁੱਟਮਾਰ ਕਾਰਨ ਉਸ ਦਾ ਗਰਭਪਾਤ ਹੋ ਗਿਆ ਸੀ। ਨਿਦਾ ਖ਼ਾਨ ਵਿਰੁਧ ਜਾਰੀ ਹੋਏ ਫ਼ਤਵੇ ਵਿਚ ਕਿਹਾ ਗਿਆ ਹੈ ਕਿ ਉਸ ਦੀ ਮਦਦ ਕਰਨ ਵਾਲੇ ਨੂੰ ਵੀ ਇਹੋ ਸਜ਼ਾ ਭੁਗਤਣੀ ਪਵੇਗੀ। ਜਦ ਤਕ ਨਿਦਾ ਖ਼ਾਨ ਇਸਲਾਮ ਵਿਰੁਧ ਬੋਲਣਾ ਨਹੀਂ ਛਡਦੀ ਅਤੇ ਜਦ ਤਕ ਜਨਤਕ ਤੌਰ 'ਤੇ ਮਾਫ਼ੀ ਨਹੀਂ ਮੰਗ ਲੈਂਦੀ, ਉਦੋਂ ਤਕ ਕੋਈ ਵੀ ਮੁਸਲਮਾਨ ਉਸ ਨਾਲ ਕੋਈ ਰਿਸ਼ਤਾ ਨਹੀਂ ਰਖੇਗਾ।  (ਏਜੰਸੀ)