ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਨਾਲ ਜਨ-ਜੀਵਨ ਪ੍ਰਭਾਵਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ 'ਚ ਕਈ ਸੂਬਿਆਂ 'ਚ ਭਾਰੀ ਮੀਂਹ ਨੇ ਆਮ ਜੀਵਨ 'ਤੇ ਬੁਰਾ ਅਸਰ ਪਾਇਆ ਹੈ...........

Rain in Surat

ਦੇਹਰਾਦੂਨ/ਅਮਿਹਦਾਬਾਦ/ਵਿਸ਼ਾਖਾਪਟਨਮ/ਤਿਰੂਵਨੰਤਪੁਰਮ : ਦੇਸ਼ 'ਚ ਕਈ ਸੂਬਿਆਂ 'ਚ ਭਾਰੀ ਮੀਂਹ ਨੇ ਆਮ ਜੀਵਨ 'ਤੇ ਬੁਰਾ ਅਸਰ ਪਾਇਆ ਹੈ। ਉੱਤਰਾਖੰਡ, ਗੁਜਰਾਤ, ਕੇਰਲ ਅਤੇ ਉੜੀਸਾ 'ਚ ਭਾਰੀ ਮੀਂਹ ਨਾਲ ਲੋਕਾਂ ਨੂੰ ਘਰਾਂ ਅਤੇ ਸੜਕਾਂ 'ਚ ਪਾਣੀ ਭਰਨ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਥਰਾਲੀ ਅਤੇ ਘਾਟ ਇਲਾਕਿਆਂ 'ਚ ਮੀਂਹ ਦੌਰਾਨ ਅੱਜ ਤੜਕੇ ਬੱਦਲ ਫਟਣ ਨਾਲ ਕਈ ਮਕਾਨ, ਦੁਕਾਨਾਂ ਅਤੇ ਗੱਡੀਆਂ ਨੁਕਸਾਨੀਆਂ ਗਈਆਂ, ਜਦਕਿ ਪਿਥੌਰਾਗੜ੍ਹ 'ਚ ਇਕ ਔਰਤ ਦੇ ਉਫ਼ਨਦੇ ਨਾਲੇ 'ਚ ਡਿੱਗਣ ਨਾਲ ਮੌਤ ਹੋ ਗਈ। 

ਗੁਜਰਾਤ ਦੇ ਕਈ ਜ਼ਿਲ੍ਹਿਆਂ 'ਚ ਵੀ ਅੱਜ ਭਾਰੀ ਮੀਂਹ ਪਿਆ। ਨਤੀਜੇ ਵਜੋਂ ਸੋਮਨਾਥ ਜ਼ਿਲ੍ਹੇ ਦੇ ਚਾਰ ਪਿੰਡ ਪਾਣੀ 'ਚ ਡੁੱਬ ਗਏ ਅਤੇ ਇਕ ਮੀਟਰ ਗੇਜ ਟਰੇਨ ਕੇ 70 ਯਾਤਰੀਆਂ ਨੂੰ ਬਚਾਉਣ ਲਈ ਐਨ.ਡੀ.ਆਰ.ਐਫ਼. ਨੂੰ ਉਤਾਰਨਾ ਪਿਆ ਅਤੇ ਹਵਾਈ ਫ਼ੌਜ ਨੂੰ ਵੀ ਚੌਕਸ ਕਰ ਦਿਤਾ ਗਿਆ। ਮੁੱਖ ਮੰਤਰੀ ਵਿਜੈ ਰੂਪਾਨੀ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹੰਗਾਮੀ ਬੈਠਕ ਕੀਤੀ। 

ਕੇਰਲ ਦੇ ਅੱਠ ਜ਼ਿਲ੍ਹਿਆਂ 'ਚ ਦਖਣੀ-ਪਛਮੀ ਮੌਨਸੂਨ ਕਰ ਕੇ ਆਮ ਜੀਵਨ ਠੱਪ ਹੋ ਗਿਆ। 9 ਜੁਲਾਈ ਤੋਂ ਮੀਂਹ ਨਾਲ ਹੋਏ ਹਾਦਸਿਆਂ 'ਚ 11 ਜਣਿਆਂ ਦੀ ਮੌਤ ਹੋ ਗਈ ਹੈ। ਮੌਨਸੂਨ ਦੇ ਮੁੜ ਸਰਗਰਮ ਹੋਣ ਨਾਲ ਕਈ ਇਲਾਕਿਆਂ 'ਚ ਅੱਜ ਮੀਂਹ ਪਿਆ ਜਿਸ ਨਾਲ ਪਾਣੀ ਭਰਨ ਕਰ ਕੇ ਸੜਕਾਂ ਅਤੇ ਰੇਲ ਆਵਾਜਾਈ ਪ੍ਰਭਾਵਤ ਹੋਈ। ਉੜੀਸਾ 'ਚ ਵੀ ਲਗਾਤਾਰ ਮੀਂਹ ਨਾਲ ਆਮ ਜੀਵਨ ਲੀਹੋਂ ਲੱਥ ਗਿਆ। ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਅਤੇ ਕਈ ਸਥਾਨਾਂ 'ਚ ਸੜਕ ਮਾਰਗ ਨਾਲ ਸੰਪਰਕ ਕੱਟ ਗਿਆ।  (ਪੀਟੀਆਈ)