ਸੰਸਦੀ ਇਜਲਾਸ: ਮੋਦੀ ਨੇ ਰਾਜਸੀ ਪਾਰਟੀਆਂ ਕੋਲੋਂ ਮੰਗਿਆ ਸਹਿਯੋਗ
ਸੰਸਦੀ ਇਜਲਾਸ ਵਿਚ ਕੰਮਕਾਜ ਚੰਗੀ ਤਰ੍ਹਾਂ ਚਲਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ...........
ਨਵੀਂ ਦਿੱਲੀ : ਸੰਸਦੀ ਇਜਲਾਸ ਵਿਚ ਕੰਮਕਾਜ ਚੰਗੀ ਤਰ੍ਹਾਂ ਚਲਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਸਾਰੀਆਂ ਰਾਜਸੀ ਪਾਰਟੀਆਂ ਦੁਆਰਾ ਚੁੱਕੇ ਗਏ ਮੁੱਦਿਆਂ ਨੂੰ ਕਾਫ਼ੀ ਅਹਿਮੀਅਤ ਦਿੰਦੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਜਲਾਸ ਦੌਰਾਨ ਸਾਰੀਆਂ ਰਾਜਸੀ ਪਾਰਟੀਆਂ ਕੌਮੀ ਅਹਿਮੀਅਤ ਦੇ ਵਿਸ਼ਿਆਂ ਬਾਰੇ ਹਾਂਪੱਖੀ ਚਰਚਾ ਕਰਨਗੀਆਂ। 18 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਸਰਕਾਰ ਵਲੋਂ ਬੁਲਾਈ ਗਈ ਸਰਬਪਾਰਟੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਰਾਸ਼ਟਰ ਹਿੱਤ
ਨੂੰ ਵੇਖਦਿਆਂ ਮਾਨਸੂਨ ਇਜਲਾਸ ਜਿਹੜਾ 10 ਅਗੱਸਤ ਤਕ ਚਲੇਗਾ, ਦੌਰਾਨ ਹਾਂਪੱਖੀ ਮਾਹੌਲ ਕਾਇਮ ਕਰਨ ਦਾ ਯਤਨ ਕਰਨ ਦੀ ਅਪੀਲ ਕੀਤੀ। ਮੋਦੀ ਨੇ ਕਿਹਾ, 'ਸਰਕਾਰ ਸਾਰੀਆਂ ਰਾਜਸੀ ਪਾਰਟੀਆਂ ਦੁਆਰਾ ਚੁੱਕੇ ਜਾਣ ਵਾਲੇ ਮੁੱÎਦਿਆਂ ਨੂੰ ਕਾਫ਼ੀ ਅਹਿਮੀਅਤ ਦਿੰਦੀ ਹੈ। ਮੈਨੂੰ ਉਮੀਦ ਹੈ ਕਿ ਸਾਰੀਆਂ ਰਾਜਸੀ ਪਾਰਟੀਆਂ ਸੰਸਦ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਵਿਚ ਸਹਿਯੋਗ ਕਰਨਗੀਆਂ ਅਤੇ ਕੌਮੀ ਅਹਿਮੀਅਤ ਦੇ ਵਿਸ਼ਿਆਂ ਬਾਰੇ ਚਰਚਾ ਕਰਨਗੀਆਂ।'
ਸਰਕਾਰ ਨੇ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਨੇ ਸੰਸਦ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਵਿਚ ਸਹਿਯੋਗ ਦਾ ਭਰੋਸਾ ਦਿਤਾ ਹੈ।
ਸੰਸਦ ਭਵਨ ਵਿਚ ਹੋਈ ਬੈਠਕ ਮਗਰੋਂ ਸੰਸਦ ਕਾਰਜ ਮੰਤਰੀ ਅਨੰਤ ਕੁਮਾਰ ਨੇ ਕਿਹਾ, 'ਪ੍ਰਧਾਨ ਮੰਤਰੀ ਨੇ ਸੰਸਦ ਦੇ ਸੁਚਾਰੂ ਅਤੇ ਸਾਰਥਕ ਇਜਲਾਸ ਲਈ ਸਾਰੀਆਂ ਰਾਜਸੀ ਪਾਰਟੀਆਂ ਦਾ ਸਹਿਯੋਗ ਮੰਗਿਆ ਹੈ। ਲੋਕ ਉਮੀਦ ਕਰਦੇ ਹਨ ਕਿ ਸੰਸਦ ਵਿਚ ਕੰਮਕਾਜ ਹੋਵੇ ਅਤੇ ਸਾਨੂੰ ਸਾਰਿਆਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ।' ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਮਾਨਸੂਨ ਇਜਲਾਸ ਦੇ ਸਾਰਥਕ ਕੰਮਕਾਜ ਦੇ ਹੱਕ ਵਿਚ ਹਨ। (ਏਜੰਸੀ)