ਰਾਹਤ ਬਣੀ ਆਫ਼ਤ : ਹੜ੍ਹ ਦੇ ਕਹਿਰ ਨਾਲ ਸੱਤ ਰਾਜਾਂ 'ਚ ਹੁਣ ਤਕ 868 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸਾਲ ਮਾਨਸੂਨ ਦੇ ਮੌਸਮ ਕਈ ਰਾਜਾਂ ਦੇ ਲੋਕਾਂ ਲਈ ਵੱਡੀ ਮੁਸੀਬਤ ਦਾ ਸਬਬ ਬਣਿਆ ਹੋਇਆ ਹੈ। ਮਾਨਸੂਨ ਦੇ ਚਲਦਿਆਂ ਹੁਣ ਤਕ ਸੱਤ ਰਾਜਾਂ ਵਿਚ ਬਾਰਿਸ਼, ਹੜ੍ਹ ਅਤੇ ...

Kerla Flood

ਨਵੀਂ ਦਿੱਲੀ : ਇਸ ਸਾਲ ਮਾਨਸੂਨ ਦੇ ਮੌਸਮ ਕਈ ਰਾਜਾਂ ਦੇ ਲੋਕਾਂ ਲਈ ਵੱਡੀ ਮੁਸੀਬਤ ਦਾ ਸਬਬ ਬਣਿਆ ਹੋਇਆ ਹੈ। ਮਾਨਸੂਨ ਦੇ ਚਲਦਿਆਂ ਹੁਣ ਤਕ ਸੱਤ ਰਾਜਾਂ ਵਿਚ ਬਾਰਿਸ਼, ਹੜ੍ਹ ਅਤੇ ਢਿਗਾਂ ਡਿਗਣ ਨਾਲ ਸਬੰਧਤ ਘਟਨਾਵਾਂ ਵਿਚ ਲਗਭਗ 868 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 247 ਮੌਤਾਂ ਤਾਂ ਇਕੱਲੇ ਕੇਰਲ ਵਿਚ ਹੀ ਹੋਈਆਂ ਹਨ। ਗ੍ਰਹਿ ਮੰਤਰਾਲਾ ਦੇ ਰਾਸ਼ਟਰੀ ਆਫ਼ਤ ਪ੍ਰਬੰਧ ਕੇਂਦਰ (ਐਨਈਆਰਸੀ) ਦੇ ਅਨੁਸਾਰ ਕੇਰਲ ਵਿਚ ਬਾਰਿਸ਼ ਅਤੇ ਹੜ੍ਹ ਕਾਰਨ 247 ਲੋਕਾਂ ਦੀ ਮੌਤ ਹੋ ਗਈ, ਜਿੱਥੇ 14 ਜ਼ਿਲ੍ਹਿਆਂ ਦੇ 2.11 ਲੱਖ ਲੋਕ ਬਾਰਿਸ਼ ਅਤੇ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ ਅਤੇ 32500 ਹੈਕਟੇਅਰ ਤੋਂ ਜ਼ਿਆਦਾ ਖੇਤਰ ਵਿਚ ਲੱਗੀਆਂ ਫ਼ਸਲਾਂ ਤਬਾਹ ਹੋ ਗਈਆਂ। 

ਇਸ ਤਰ੍ਹਾਂ ਦੀਆਂ ਘਟਨਾਵਾਂ ਵਿਚ ਉਤਰ ਪ੍ਰਦੇਸ਼ ਵਿਚ 191, ਪੱਛਮ ਬੰਗਾਲ ਵਿਚ 183, ਮਹਾਰਾਸ਼ਟਰ ਵਿਚ 139, ਗੁਜਰਾਤ ਵਿਚ 52, ਅਸਾਮ ਵਿਚ 45 ਅਤੇ ਨਾਗਾਲੈਂਡ ਵਿਚ 11 ਲੋਕਾਂ ਦੀ ਮੌਤ ਹੋ ਗਈ ਹੈ। ਹੜ੍ਹ, ਬਾਰਿਸ਼ ਦੀਆਂ ਘਟਨਾਵਾਂ ਵਿਚ ਕੁੱਲ 33 ਲੋਕ ਹੁਣ ਤਕ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਚ 28 ਕੇਰਲ ਅਤੇ ਪੰਜ ਪੱਛਮ ਬੰਗਾਲ ਦੇ ਹਨ। ਰਾਜਾਂ ਵਿਚ ਬਾਰਿਸ਼ ਨਾਲ ਸਬੰਧਤ ਘਟਨਾਵਾਂ ਵਿਚ 274 ਲੋਕ ਜ਼ਖ਼ਮੀ ਵੀ ਹੋਏ ਹਨ। 

ਮਹਾਰਾਸ਼ਟਰ ਦੇ 26 ਜ਼ਿਲ੍ਹਿਆਂ, ਅਸਾਮ ਦੇ 23, ਪੱਛਮ ਬੰਗਾਲ ਦੇ 23, ਕੇਰਲ ਦੇ 14, ਉਤਰ ਪ੍ਰਦੇਸ਼ ਦੇ 13, ਨਾਗਾਲੈਂਡ ਦੇ 11 ਅਤੇ ਗੁਜਰਾਤ ਦੇ 10 ਜ਼ਿਲ੍ਹੇ ਇਸ ਸਾਲ ਬਾਰਿਸ਼ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿਚਰਵਾਰ ਨੂੰ ਕੇਰਲ ਦੇ ਹੜ੍ਹ ਪ੍ਰਭਾਵਤ ਖੇਤਰਾਂ ਦਾ ਹਵਾਈ ਦੌਰਾ ਕਰਨਗੇ।

ਉਨ੍ਹਾਂ ਨੇ ਸ਼ੁਕਰਵਾਰ ਨੂੰ ਫ਼ੋਨ ਕਰਕੇ ਰਾਜ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨਾਲ ਗੱਲ ਕੀਤੀ ਅਤੇ ਹੜ੍ਹ ਦੀ ਸਥਿਤੀ 'ਤੇ ਚਰਚਾ ਕੀਤੀ। ਮੋਦੀ ਨੇ ਟਵੀਟ ਕੀਤਾ ਕਿ ਹੜ੍ਹ ਦੇ ਕਾਰਨ ਪੈਦਾ ਹੋਈ ਮੰਦਭਾਗੀ ਸਥਿਤੀ ਦਾ ਜਾਇਜ਼ਾ ਲੈਣ ਸ਼ਾਮ ਨੂੰ ਉਹ ਕੇਰਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਰਲ ਦੇ ਮੁੱਖ ਮੰਤਰੀ ਦੇ ਨਾਲ ਫ਼ੋਨ 'ਤੇ ਗੱਲ ਹੋਈ। ਅਸੀਂ ਰਾਜ ਵਿਚ ਹੜ੍ਹ ਦੀ ਸਥਿਤੀ 'ਤੇ ਚਰਚਾ ਕੀਤੀ ਅਤੇ ਬਚਾਅ ਮੁਹਿੰਮ ਦੀ ਸਮੀਖਿਆ ਕੀਤੀ।

ਮੋਦੀ ਦੇ ਰਾਤ 9 ਵਜੇ ਦੇ ਕਰੀਬ ਤਿਰੂਵੰਤਪੁਰਮ ਪਹੁੰਚਣ ਦੀ ਸੰਭਾਵਨਾ ਹੈ ਅਤੇ ਉਹ ਰਾਜ ਭਵਨ ਵਿਚ ਰੁਕਣਗੇ। ਸਨਿਚਰਵਾਰ ਨੂੰ ਉਹ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਹਵਾਈ ਦੌਰਾ ਕਰਨਗੇ। ਭਾਰੀ ਬਾਰਿਸ਼, ਨਦੀਆਂ ਵਿਚ ਹੜ੍ਹ ਦੀ ਸਥਿਤੀ ਅਤੇ ਢਿੱਗਾਂ ਡਿਗਣ ਦੀਆਂ ਘਟਨਾਵਾਂ ਦੇ ਨਤੀਜੇ ਵਜੋਂ ਰਾਜ ਵਿਚ ਲਗਭਗ 100 ਲੋਕ ਅਪਣੀ ਜਾਨ ਗਵਾ ਚੁੱਕੇ ਹਨ।