ਤੇਜ਼ਦੀਪ ਕੌਰ ਮੈਨਨ ਬਣੀ ਤੇਲੰਗਾਨਾ ਦੀ ਸਿੱਖ ਮਹਿਲਾ ਡੀਜੀਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ੌਕ ਤੋਂ ਕਵੀ, ਪੇਸ਼ੇ ਤੋਂ ਇਕ ਪੁਲਿਸ ਅਧਿਕਾਰੀ ਅਤੇ ਹਰ ਸਮੇਂ ਇਕ ਜੰਗਲੀ ਜੀਵ ਪ੍ਰੇਮੀ ਤੇਜ਼ਦੀਪ ਕੌਰ ਮੈਨਨ ਨੂੰ ਤੇਲੰਗਾਨਾ ਸੂਬੇ ਦੀ ਪਹਿਲੀ ਸਿੱਖ ਮਹਿਲਾ ਡੀਜੀਪੀ ...

Tejdeep Kaur Menon DGP

ਹੈਦਰਾਬਾਦ : ਸ਼ੌਕ ਤੋਂ ਕਵੀ, ਪੇਸ਼ੇ ਤੋਂ ਇਕ ਪੁਲਿਸ ਅਧਿਕਾਰੀ ਅਤੇ ਹਰ ਸਮੇਂ ਇਕ ਜੰਗਲੀ ਜੀਵ ਪ੍ਰੇਮੀ ਤੇਜ਼ਦੀਪ ਕੌਰ ਮੈਨਨ ਨੂੰ ਤੇਲੰਗਾਨਾ ਸੂਬੇ ਦੀ ਪਹਿਲੀ ਸਿੱਖ ਮਹਿਲਾ ਡੀਜੀਪੀ ਬਣਨ ਦਾ ਮਾਣ ਹਾਸਲ ਹੋਇਆ ਹੈ। 1983 ਵਿਚ ਭਾਰਤੀ ਪੁਲਿਸ ਸੇਵਾ ਲਈ ਸੂਚੀਬੱਧ ਹੋਈ ਤੇਜ਼ਦੀਪ ਕੌਰ ਨੇ ਵੱਖ-ਵੱਖ ਅਹੁਦਿਆਂ ਰਾਜ ਵਿਸ਼ੇਸ਼ ਸੁਰੱਖਿਆ ਬਲ ਅਤੇ ਸਰਕਾਰੀ ਪ੍ਰਿਟਿੰਗ ਅਤੇ ਸਟੇਸ਼ਨਰੀ ਵਿਭਾਗ ਆਦਿ ਵਿਚ ਕੰਮ ਕੀਤਾ ਹੈ।

ਉਨ੍ਹਾਂ ਦੀਆਂ ਚਾਰ ਕਿਤਾਬਾਂ ਵੀ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਔਰਤਾਂ ਦੇ ਸ਼ਕਤੀਕਰਨ ਤੋਂ ਲੈ ਕੇ ਕੁਦਰਤ ਦੀ ਸਾਂਭ ਸੰਭਾਲ, ਪਾਣੀ ਸਰੋਤ ਅਤੇ ਜੰਗਲੀ ਖੇਤਰਾਂ ਦੀ ਸੰਭਾਲ ਬਾਰੇ ਕਵਿਤਾਵਾਂ ਸ਼ਾਮਲ ਹਨ। ਟੀਐਸਐਸਪੀਐਫ ਨੇ ਉਨ੍ਹਾਂ ਦੀ ਅਗਵਾਈ ਵਿਚ ਅਮੀਨਪੁਰ ਝੀਲ, ਫਾਕਸ ਸਾਗਰ ਅਤੇ ਅਨੰਤਗਿਰੀ ਰਾਖਵੇਂ ਜੰਗਲਾਂ ਨੂੰ ਅਪਣਾਇਆ। ਇਨ੍ਹਾਂ ਉਪਲਬਧੀਆਂ ਦੇ ਲਈ ਉਨ੍ਹਾਂ ਨੂੰ ਕਈ ਪੁਰਸਕਾਰ ਵੀ ਹਾਸਲ ਹੋਏ।

ਇਸ ਤੋਂ ਇਲਾਵਾ ਤੇਜ਼ਦੀਪ ਕੌਰ ਮੈਨਨ ਨੂੰ ਪਹਿਲੀ ਮਹਿਲਾ ਅਧਿਕਾਰੀ ਦੇ ਰੂਪ ਵਿਚ ਤਾਇਨਾਤ ਆਂਧਰਾ ਪ੍ਰਦੇਸ਼ ਵਿਚ ਇਕ ਸਰਹੱਦ ਦੀ ਪੁਲਿਸ ਡੀਆਈਜੀ ਹੋਣ ਲਈ ਸਪ੍ਰਿੰਗਬੋਰਡ ਕੰਸਲਟੈਂਸੀ, ਔਰਤਾਂ ਵਿਰੁਧ ਅਪਰਾਧ ਨਾਲ ਨਿਪਟਣ ਲਈ ਵਿਸ਼ੇਸ਼ ਯੋਗਦਾਨ ਲਈ ਪਾਲ ਹੈਰਿਸ ਫੈਲੋਸ਼ਿਪ, ਖ਼ੂਨਦਾਨ, ਅੱਖਾਂ ਦਾਨ ਕਰਨ ਦੀਆਂ ਮੁਹਿੰਮ ਜ਼ਰੀਏ ਵਿਸ਼ੇਸ਼ ਸਮਾਜਿਕ ਕਾਰਜਾਂ ਜ਼ਰੀਏ ਪੁਲਿਸ ਦੀ ਵੱਖਰੀ ਪਛਾਣ ਬਣਾਉਣ ਦੇ ਲਈ ਆਂਧਰਾ ਪ੍ਰਦੇਸ਼ ਸਰਕਾਰ ਵਲੋਂ 2002 ਵਿਚ ਟੀ ਐਲ ਕਪਾਡੀਆ ਪੁਰਸਕਾਰ ਸਮੇਤ, 'ਭਾਰਤ ਵਿਚ ਔਰਤਾਂ ਦੇ ਵਿਰੁਧ ਅਪਰਾਧਾਂ ਦੀ ਬਦਲਦੀ ਦਸ਼ਾ' 'ਤੇ ਅਧਿਐਨ ਲਈ 2003 ਵਿਚ ਸਰਦਾਰ ਵੱਲਭਭਾਈ ਪਟੇਲ ਰਾਸ਼ਟਰੀ ਪੁਲਿਸ ਅਕਾਦਮੀ ਫੈਲੋਸ਼ਿਪ, ਸੜਕ ਸੁਰੱਖਿਆ 2006 ਲਈ ਆਈਆਰਟੀਈ ਪ੍ਰਿੰਸ ਫਿਲਿਪ ਇੰਟਰਨੈਸ਼ਨਲ ਐਵਾਰਡ ਹਾਸਲ ਹੋ ਚੁੱਕੇ ਹਨ। 

ਇਸ ਤੋਂ ਇਲਾਵਾ ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਰਾਜ ਏਡਜ਼ ਕੰਟਰੋਲ ਸੁਸਾਇਟੀ ਅਤੇ ਰਾਜ ਖ਼ੂਨਦਾਨ ਪ੍ਰੀਸ਼ਦ ਦੁਆਰਾ ਸੜਕ ਸੁਰੱਖਿਆ 'ਤੇ ਅਪਣੀ ਸਾਲਾਨਾ ਮੈਨੁਅਲ ਵਿਚ ਦੁਪਹੀਆ ਵਾਹਨ ਸੱਟ ਰੋਕਥਾਮ 'ਤੇ ਅਧਿਆਏ ਅਤੇ ਸਮਾਜ ਦੇ  ਚੰਗੇ ਲੇਖਕ ਵਜੋਂ 2012 ਵਿਚ ਸੱਦਿਆ ਗਿਆ। ਉਨ੍ਹਾਂ ਨੂੰ 2003 ਵਿਚ ਚਾਰਲਸ ਵੈਲੇਸ ਫੈਲੋਸ਼ਿਪ ਬ੍ਰਿਟਿਸ਼ ਕੌਂਸਲ ਵਲੋਂ ਅਪਣੀ ਰਚਨਾਤਮਕ ਕੁਸ਼ਲਤਾ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀਆਂ ਚਾਰ ਰਚਨਾਵਾਂ ਨੂੰ ਬ੍ਰਿਟੇਨ ਦੀ ਕੈਂਬ੍ਰਿਜ ਯੂਨੀਵਰਸਿਟੀ ਨੇ ਕਾਵਿ ਮਹਾਂਉਤਸਵ ਵਿਚ ਭਾਗ ਲੈਣ ਤੋਂ ਬਾਅਦ ਪ੍ਰਕਾਸ਼ਤ ਕੀਤਾ।

ਉਨ੍ਹਾਂ ਦੀਆਂ ਤਿੰਨ ਕਵਿਤਾਵਾਂ ਤੋਂ ਪ੍ਰੇਰਿਤ ਡਾਂਸ ਪ੍ਰੋਡਕਸ਼ਨ ਬਣਾਇਆ ਗਿਆ। ਦੋ ਨੂੰ ਭਾਰਤਨਾਟਯਮ ਦੇ ਡਾਂਸਰ ਆਨੰਦ ਸ਼ੰਕਰ ਵਲੋਂ ਪੇਸ਼ ਕੀਤਾ ਗਿਆ ਜਦਕਿ ਇਕ 'ਤੇ ਪ੍ਰਸਿੱਧ ਭਾਰਤਨਾਟਯਮ ਦੀ ਪ੍ਰਸਿੱਧ ਡਾਂਸਰ ਹੇਮਾ ਮਾਲਿਨੀ ਨੇ ਕੋਰੀਓਗ੍ਰਾਫ਼ੀ ਪੇਸ਼ ਕੀਤੀ। ਸਿੱਖ ਭਾਈਚਾਰੇ ਨੂੰ ਇਸ ਸਿੱਖ ਮਹਿਲਾ ਡੀਜੀਪੀ ਤੇਜ਼ਦੀਪ ਕੌਰ ਮੈਨਨ 'ਤੇ ਮਾਣ ਹੈ।