ਮਾਨਸੂਨ ਇਜਲਾਸ ਦੇ ਦੂਜੇ ਦਿਨ ਵੀ ਸੰਸਦ ਵਿਚ ਹੰਗਾਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਨਸੂਨ ਇਜਲਾਸ ਦੇ ਦੂਜੇ ਦਿਨ ਲੋਕ ਸਭਾ ਦੀ ਬੈਠਕ ਦੀ ਹੰਗਾਮੇਦਾਰ ਸ਼ੁਰੂਆਤ ਹੋਈ ਜਦ ਐਨਡੀਏ ਵਿਚੋਂ ਕੱਢੇ ਗਏ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ.............

Leaders In Parliament

ਨਵੀਂ ਦਿੱਲੀ : ਮਾਨਸੂਨ ਇਜਲਾਸ ਦੇ ਦੂਜੇ ਦਿਨ ਲੋਕ ਸਭਾ ਦੀ ਬੈਠਕ ਦੀ ਹੰਗਾਮੇਦਾਰ ਸ਼ੁਰੂਆਤ ਹੋਈ ਜਦ ਐਨਡੀਏ ਵਿਚੋਂ ਕੱਢੇ ਗਏ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਨੇ ਬਿਹਾਰ ਨੂੰ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਕਰਦਿਆਂ ਕਾਗ਼ਜ਼ ਉਛਾਲ ਦਿਤੇ।  ਕਾਂਗਰਸ ਅਤੇ ਸੀਪੀਐਮ ਦੇ ਸੰਸਦ ਮੈਂਬਰਾਂ ਨੇ ਪ੍ਰਸ਼ਨ ਕਾਲ ਵਿਚ ਜਵਾਬ ਦੇ ਰਹੇ ਕੇਂਦਰੀ ਮੰਤਰੀ ਜਯੰਤ ਸਿਨਹਾ ਕੋਲੋਂ ਕੁੱਝ ਦਿਨ ਪਹਿਲਾਂ ਵਾਪਰੀਆਂ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਮਾਲਾ ਪਾਉਣ ਦੇ ਮੁੱਦੇ 'ਤੇ ਮਾਫ਼ੀ ਮੰਗਣ ਦੀ ਮੰਗ ਕੀਤੀ ਅਤੇ ਨਾਹਰੇਬਾਜ਼ੀ ਕੀਤੀ।  ਸਵੇਰੇ ਸਦਨ ਦੀ ਬੈਠਕ ਸ਼ੁਰੂ ਹੁੰਦਿਆਂ ਹੀ ਰਾਜੇਸ਼ ਰੰਜਨ ਅਪਣੇ ਹੱਥਾਂ ਵਿਚ ਕੁੱਝ ਕਾਗ਼ਜ਼ ਲੈ ਕੇ ਅੱਗੇ ਆ ਗਏ।

ਉਨ੍ਹਾਂ ਕਮੀਜ਼ ਉਪਰ ਚੋਲੇ ਜਿਹਾ ਕਪੜਾ ਪਾਇਆ ਹੋਇਆ ਸੀ ਜਿਸ ਉਤੇ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਸਬੰਧੀ ਨਾਹਰੇ ਲਿਖੇ ਹੋਏ ਸਨ। ਕਪੜੇ 'ਤੇ ਲਿਖਿਆ ਸੀ, 'ਬੇਨਤੀ ਨਹੀਂ ਹੁਣ ਜੰਗ ਹੋਵੇਗੀ।' ਉਨ੍ਹਾਂ ਆਰਜੇਡੀ ਵਿਚੋਂ ਕੱਢੇ ਜਾਣ ਮਗਰੋਂ ਜਨ ਅਧਿਕਾਰ ਪਾਰਟੀ ਦਾ ਗਠਨ ਕੀਤਾ ਸੀ। ਰਾਜੇਸ਼ ਰੰਜਨ ਕਾਗ਼ਜ਼ ਲੈ ਕੇ ਸੱਤਾ ਧਿਰ ਦੀਆਂ ਕੁਰਸੀਆਂ ਵਲ ਗਏ ਅਤੇ ਉਨ੍ਹਾਂ ਕਾਗ਼ਜ਼ ਉਛਾਲ ਦਿਤੇ।

 ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਗਲੀ ਕਤਾਰ ਵਿਚ ਬੈਠੇ ਹੋਏ ਸਨ। ਬਾਅਦ ਵਿਚ ਗਡਕਰੀ ਅਤੇ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਰਾਜੇਸ਼ ਰੰਜਨ ਨੂੰ ਸ਼ਾਂਤ ਕਰਾਇਆ ਅਤੇ ਅਪਣੀ ਜਗ੍ਹਾ 'ਤੇ ਜਾਣ ਲਈ ਮਨਾਇਆ। ਅਜਿਹਾ ਕਰਨ 'ਤੇ ਲੋਕ ਸਭਾ ਸਪੀਕਰ ਨੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਕਿਹਾ, 'ਮੈਂਬਰ ਚੁਣ ਕੇ ਆਉਂਦੇ ਹਨ। ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। (ਏਜੰਸੀ)