ਅਗਲੇ ਸਾਲ ਤੋਂ ਬੈਂਕਾਂ ਦੀਆਂ ਕੈਸ਼ ਵੈਨਾਂ ਅਤੇ ਏਟੀਐਮਜ਼ ਨੂੰ ਲੈ ਕੇ ਹੋਵੇਗੀ ਸਖ਼ਤੀ
ਬੈਂਕਾਂ ਦਾ ਕੈਸ਼ ਲੈ ਕੇ ਜਾਂਦੀਆਂ ਕੈਸ਼ ਵੈਨਾਂ ਨੂੰ ਲੁੱਟਣ ਦੀਆਂ ਕਈ ਘਟਨਾਵਾਂ ਦੇਸ਼ ਵਿਚ ਸਾਹਮਣੇ ਆ ਚੁੱਕੀਆਂ ਹਨ ਅਤੇ ਇਸ ਤਰ੍ਹਾਂ ਘਟਨਾਵਾਂ ਦਾ ਸਿਲਸਿਲਾ ਹਾਲੇ ਵੀ...
ਨਵੀਂ ਦਿੱਲੀ : ਬੈਂਕਾਂ ਦਾ ਕੈਸ਼ ਲੈ ਕੇ ਜਾਂਦੀਆਂ ਕੈਸ਼ ਵੈਨਾਂ ਨੂੰ ਲੁੱਟਣ ਦੀਆਂ ਕਈ ਘਟਨਾਵਾਂ ਦੇਸ਼ ਵਿਚ ਸਾਹਮਣੇ ਆ ਚੁੱਕੀਆਂ ਹਨ ਅਤੇ ਇਸ ਤਰ੍ਹਾਂ ਘਟਨਾਵਾਂ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ ਪਰ ਹੁਣ ਗ੍ਰਹਿ ਮੰਤਰਾਲਾ ਨੇ ਇਨ੍ਹਾਂ ਘਟਨਾਵਾਂ ਨੂੰ ਨਕੇਲ ਪਾਉਣ ਲਈ ਕੁੱਝ ਨਿਯਮ ਤੈਅ ਕੀਤੇ ਹਨ ਜੋ ਅਗਲੇ ਸਾਲ ਤੋਂ ਲਾਗੂ ਹੋਣਗੇ। ਅਗਲੇ ਸਾਲ ਤੋਂ ਸ਼ਹਿਰਾਂ ਵਿਚ ਕਿਸੇ ਵੀ ਏਟੀਐਮ ਵਿਚ 9 ਵਜੇ ਦੇ ਬਾਅਦ ਨਕਦੀ ਨਹੀਂ ਪਾਈ ਜਾਵੇਗੀ। ਪੇਂਡੂ ਖੇਤਰਾਂ ਦੇ ਏਟੀਐਮ ਵਿਚ ਨਕਦੀ ਸ਼ਾਮ 6 ਵਜੇ ਤਕ ਹੀ ਜਮ੍ਹਾਂ ਕੀਤੀ ਜਾ ਸਕੇਗੀ।
ਗ੍ਰਹਿ ਮੰਤਰਾਲੇ ਨੇ ਏਟੀਐਮ ਵੈਨਾਂ ਨਾਲ ਹੁੰਦੀਆਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਦੇ ਮੱਦੇਨਜ਼ਰ ਇਸ ਬਾਰੇ ਇਕ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲਾ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਨਕਦੀ ਲੈ ਕੇ ਜਾ ਰਹੀਆਂ ਗੱਡੀਆਂ ਦੇ ਨਾਲ ਦੋ ਹਥਿਆਰਬੰਦ ਗਾਰਡ ਹੋਣਗੇ।ਨਕਸਲੀ ਪ੍ਰਭਾਵਿਤ ਖੇਤਰਾਂ ਦੇ ਏਟੀਐਮ ਵਿਚ ਕੈਸ਼ ਸ਼ਾਮ 4 ਵਜੇ ਤੱਕ ਹੀ ਜਮ੍ਹਾਂ ਕਰਵਾਇਆ ਜਾ ਸਕੇਗਾ। ਇਸ ਦੇ ਨਾਲ ਹੀ ਪ੍ਰਾਈਵੇਟ ਏਜੰਸੀਆਂ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਬੈਂਕਾਂ ਵਿਚ ਨਕਦੀ ਜਮ੍ਹਾਂ ਕਰਾਉਣਗੀਆਂ। ਨੋਟਾਂ ਨੂੰ ਸਿਰਫ ਬਖਤਰਬੰਦ ਗੱਡੀਆਂ ਵਿੱਚ ਟਰਾਂਸਪੋਰਟ ਕੀਤਾ ਜਾਵੇਗਾ।
ਗ੍ਰਹਿ ਮੰਤਰਾਲਾ ਦੁਆਰਾ ਜਾਰੀ ਕੀਤੀ ਨੋਟੀਫਿਕੇਸ਼ਨ ਅਨੁਸਾਰ ਇਹ ਸਭ ਅਗਲੇ ਸਾਲ ਭਾਵ ਕਿ 8 ਫਰਵਰੀ, 2019 ਤੋਂ ਪ੍ਰਭਾਵੀ ਹੋਵੇਗਾ। ਇਹ ਕਦਮ ਨਕਦੀ ਵਾਲੀ ਵੈਨ, ਕੈਸ਼ ਵਾਲਟ ਅਤੇ ਏਟੀਐਮ ਫਰਾਡ ਅਤੇ ਹੋਰ ਅੰਦਰੂਨੀ ਧੋਖਾਧੜੀ ਦੇ ਮਾਮਲਿਆਂ ਦੇ ਮੱਦੇਨਜ਼ਰ ਉਠਾਇਆ ਜਾ ਰਿਹਾ ਹੈ। ਪ੍ਰਾਈਵੇਟ ਸੈਕਟਰ ਵਿਚ ਲਗਪਗ ਅੱਠ ਹਜ਼ਾਰ ਨਕਦੀ ਵੈਨਾਂ ਦੇਸ਼ ਵਿਚ ਕੰਮ ਕਰ ਰਹੀਆਂ ਹਨ। ਇਹਨਾਂ ਕੈਸ਼ ਵੈਨਾਂ ਦੁਆਰਾ ਲਗਭਗ 15 ਹਜ਼ਾਰ ਕਰੋੜ ਰੁਪਏ ਰੋਜ਼ਾਨਾ ਇਕੱਠੇ ਕੀਤੇ ਜਾਂਦੇ ਹਨ।
ਕਈ ਵਾਰ ਪ੍ਰਾਈਵੇਟ ਏਜੰਸੀਆਂ ਪੂਰੀ ਨਕਦੀ ਆਪਣੇ ਵੈਲੇਟ ਵਿਚ ਰੱਖਦੀਆਂ ਹਨ। ਇਸ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਸ਼ਹਿਰੀ ਖੇਤਰਾਂ ਵਿਚ 9 ਵਜੇ ਦੇ ਬਾਅਦ ਨਾ ਤਾਂ ਨਕਦ ਏਟੀਐਮ ਵਿਚ ਜਮ੍ਹਾਂ ਕੀਤੀ ਜਾ ਸਕੇਗੀ ਨਾ ਹੀ ਨੋਟਾਂ ਦੀ ਢੋਆ ਢੋਆਈ ਕੀਤੀ ਜਾਵੇਗੀ। ਪੇਂਡੂ ਖੇਤਰਾਂ ਲਈ ਇਹ ਸਮਾਂ ਸ਼ਾਮੀਂ ਛੇ ਵਜੇ ਦਾ ਹੈ। ਏਜੰਸੀਆਂ ਨੂੰ ਨਕਦ ਟ੍ਰਾਂਸਪੋਰਟ ਦੇ ਕੰਮ ਲਈ ਲੋੜੀਂਦੀ ਗਿਣਤੀ ਵਿਚ ਸਿਖਲਾਈ ਪ੍ਰਾਪਤ ਸਟਾਫ਼ ਦੀ ਮਦਦ ਪ੍ਰਾਪਤ ਕਰਨੀ ਪਵੇਗੀ। ਹਰੇਕ ਕੈਸ਼ ਵੈਨ ਵਿਚ ਇਕ ਡਰਾਈਵਰ ਤੋਂ ਇਲਾਵਾ ਦੋ ਸੁਰੱਖਿਆ ਗਾਰਡ ਅਤੇ ਦੋ ਏਟੀਐਮ ਅਧਿਕਾਰੀ ਹੋਣੇ ਜ਼ਰੂਰੀ ਹੋਣਗੇ। ਇਕ ਹਥਿਆਰਬੰਦ ਗਾਰਡ ਨੂੰ ਡਰਾਈਵਰ ਨਾਲ ਅਗਲੀ ਸੀਟ 'ਤੇ ਬੈਠਣਾ ਹੋਵੇਗਾ।