3000 ਦਾ ਚਲਾਨ ਕੱਟਿਆ ਤਾਂ ਜੇ.ਈ. ਨੇ ਕੱਟ ਦਿੱਤੀ ਥਾਣੇ ਦੀ ਬਿਜਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇ.ਈ. ਕੋਲ ਇੰਸ਼ੋਰੈਂਸ ਅਤੇ ਪੋਲਿਊਸ਼ਨ ਸਰਟੀਫ਼ਿਕੇਟ ਨਹੀਂ ਸੀ ਅਤੇ ਨਾ ਹੀ ਹੈਲਮੇਟ ਪਾਇਆ ਸੀ।

After challan of junior engineer electricity cut of police-station

ਮੇਰਠ : ਨਵੇਂ ਮੋਟਰ ਵਹੀਕਲ ਐਕਟ ਤਹਿਤ ਦੇਸ਼ ਭਰ 'ਚ ਭਾਰੀ ਚਲਾਨ ਕੀਤੇ ਜਾ ਰਹੇ ਹਨ। ਹਾਲਾਂਕਿ ਇਸ ਦੇ ਚਲਦੇ ਲੋਕਾਂ 'ਚ ਕਾਫ਼ੀ ਗੁੱਸਾ ਵੀ ਹੈ ਅਤੇ ਲੋਕ ਕਈ ਵਾਰ ਚਲਾਨ ਨੂੰ ਲੈ ਕੇ ਟ੍ਰੈਫ਼ਿਕ ਪੁਲਿਸ ਨਾਲ ਵੀ ਉਲਝ ਰਹੇ ਹਨ। ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ 'ਚ ਸਾਹਮਣੇ ਆਇਆ ਹੈ, ਜਿਥੇ ਟ੍ਰੈਫ਼ਿਕ ਕਾਂਸਟੇਬਲ ਨੇ ਬਿਜਲੀ ਵਿਭਾਗ ਦੇ ਜੂਨੀਅਰ ਇੰਜੀਨੀਅਰ (ਜੇ.ਈ.) ਦਾ ਚਲਾਨ ਕੱਟ ਦਿੱਤਾ ਤਾਂ ਗੁੱਸੇ 'ਚ ਆ ਕੇ ਇੰਜੀਨੀਅਰ ਨੇ ਥਾਣੇ ਦੀ ਬਿਜਲੀ ਕੱਟ ਦਿੱਤੀ।

ਜਾਣਕਾਰੀ ਮੁਤਾਬਕ ਵੀਰਵਾਰ ਨੂੰ ਤੇਜ਼ਗੜ੍ਹੀ ਚੌਰਾਹੇ 'ਤੇ ਜੇ.ਈ. ਸੋਮ ਪ੍ਰਕਾਸ਼ ਗਰਗ ਬਗੈਰ ਹੈਲਮੇਟ ਆਪਣੀ ਸਕੂਟੀ 'ਤੇ ਜਾ ਰਹੇ ਸਨ। ਰਸਤੇ 'ਚ ਚੌਕ 'ਤੇ ਤਾਇਨਾਤ ਹੈਡ ਕਾਂਸਟੇਬਲ ਰਾਜੇਸ਼ ਕੁਮਾਰ ਨੇ ਉਨ੍ਹਾਂ ਨੂੰ ਰੋਕਿਆ ਅਤੇ ਸਕੂਟੀ ਦੇ ਕਾਗ਼ਜ਼ ਵਿਖਾਉਣ ਲਈ ਕਿਹਾ। ਜੇ.ਈ. ਨੇ ਆਪਣਾ ਡਰਾਈਵਿੰਗ ਲਾਈਸੈਂਸ ਅਤੇ ਆਰ.ਸੀ. ਵਿਖਾਈ ਪਰ ਉਸ ਕੋਲ ਇੰਸ਼ੋਰੈਂਸ ਅਤੇ ਪੋਲਿਊਸ਼ਨ ਸਰਟੀਫ਼ਿਕੇਟ ਨਹੀਂ ਸੀ ਅਤੇ ਨਾ ਹੀ ਉਸ ਨੇ ਹੈਲਮੇਟ ਪਾਇਆ ਹੋਇਆ ਸੀ। ਚਲਾਨ ਕੱਟਦਾ ਵੇਖ ਜੇ.ਈ. ਨੇ ਖੁਦ ਨੂੰ ਸਰਕਾਰੀ ਮੁਲਾਜ਼ਮ ਦੱਸਿਆ। ਫਿਰ ਵੀ ਉਸ ਦਾ 3000 ਰੁਪਏ ਦਾ ਚਲਾਨ ਕੱਟ ਦਿੱਤਾ ਗਿਆ। ਇਸ ਦੌਰਾਨ ਜੇ.ਈ. ਅਤੇ ਹੈਡ ਕਾਂਸਟੇਬਲ 'ਚ ਕਾਫ਼ੀ ਬਹਿਸਬਾਜ਼ੀ ਵੀ ਹੋਈ। ਜਿਸ ਤੋਂ ਨਾਰਾਜ਼ ਜੇ.ਈ. ਨੇ ਥਾਣੇ ਅਤੇ ਚੌਕੀ ਦੀ ਬਿਜਲੀ ਕਟਵਾ ਦਿੱਤੀ।

ਬਿਜਲੀ ਕੱਟਦਿਆਂ ਵੇਖ ਪੁਲਿਸ ਵਿਭਾਗ ਦੇ ਅਫ਼ਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇੰਸਪੈਕਟਰ ਨੇ ਪਤਾ ਕੀਤਾ ਤਾਂ ਜੇ.ਈ. ਦੀ ਸਕੂਟੀ ਦਾ ਚਲਾਨ ਕੱਟਣ ਬਦਲੇ ਬਿਜਲੀ ਕੱਟਣ ਦੀ ਗੱਲ ਸਾਹਮਣੇ ਆਈ। ਫਿਰ ਇੰਸਪੈਕਟਰ ਨੇ ਬਿਜਲੀ ਵਿਭਾਗ ਦੇ ਵੱਡੇ ਅਫ਼ਸਰਾਂ ਨਾਲ ਸੰਪਰਕ ਕਰ ਕੇ ਤਾਰ ਜੋੜਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਦੇਰ ਸ਼ਾਮ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ। ਇੰਸਪੈਕਟਰ ਨੇ ਦੱਸਿਆ ਕਿ ਥਾਣੇ ਦਾ 27 ਹਜ਼ਾਰ ਰੁਪਏ ਦਾ ਬਿਲ ਬਕਾਇਆ ਹੈ।

ਉਧਰ ਸੁਪਰੀਡੈਂਟ ਇੰਜੀਨੀਅਰ ਏ.ਕੇ. ਪਾਠਕ ਨੇ ਕਿਹਾ ਕਿ ਜੇ.ਈ. ਨੇ ਬਕਾਇਆ ਬਿਲ ਹੋਣ 'ਤੇ ਮੈਡੀਕਲ ਥਾਣੇ ਅਤੇ ਤੇਜ਼ਗੜ੍ਹੀ ਚੌਕੀ ਦੀ ਬਿਜਲੀ ਕਟਵਾ ਦਿੱਤੀ ਸੀ। ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਅਤੇ ਬਕਾਇਆ ਜਮਾਂ ਕਰਵਾਉਣ ਦੇ ਭਰੋਸੇ ਮਗਰੋਂ ਕੁਨੈਕਸ਼ਨ ਦੁਬਾਰਾ ਜੋੜਿਆ ਗਿਆ। ਚਲਾਨ ਕੱਟੇ ਜਾਣ ਦੇ ਵਿਰੋਧ 'ਚ ਬਿਜਲੀ ਕੱਟਣ ਦੀ ਜਾਂਚ ਕਰਵਾਈ ਜਾਵੇਗੀ।