ਬੇਵਿਸਾਹੀ ਮਤੇ ਦਾ ਕਾਰਨ ਨਾ ਦੱਸ ਸਕੇ ਤਾਂ ਗਲ ਪੈ ਗਏ ਵਿਰੋਧੀ: ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ 'ਤੇ ਅੱਜ ਤਿੱਖਾ ਵਾਰ ਕਰਦਿਆਂ ਕਿਹਾ ਕਿ ਜਦੋਂ ਸਿਆਸੀ ਦਲ ਦੇ ਨਾਲ ਦਲ ਹੋਵੇ ਤਾਂ 'ਦਲ-ਦਲ' ਹੋ ਜਾਂਦੀ ਹੈ...........

Narendra Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ 'ਤੇ ਅੱਜ ਤਿੱਖਾ ਵਾਰ ਕਰਦਿਆਂ ਕਿਹਾ ਕਿ ਜਦੋਂ ਸਿਆਸੀ ਦਲ ਦੇ ਨਾਲ ਦਲ ਹੋਵੇ ਤਾਂ 'ਦਲ-ਦਲ' ਹੋ ਜਾਂਦੀ ਹੈ ਅਤੇ ਜਿੰਨੀ ਜ਼ਿਆਦਾ ਦਲਦਲ ਹੁੰਦੀ ਹੈ ਕਮਲ ਓਨਾ ਹੀ ਜ਼ਿਆਦਾ ਖਿੜਦਾ ਹੈ। ਮੋਦੀ ਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਕਿਸਾਨ ਭਲਾਈ ਰੈਲੀ 'ਚ ਕਿਹਾ ਕਿ ਕੇਂਦਰ 'ਚ ਇਤਿਹਾਸਕ ਲੋਕ ਫ਼ਤਵਾ ਦੇ ਕੇ ਜਨਤਾ ਨੇ ਜੋ ਸਰਕਾਰ ਬਣਾਈ ਹੈ ਉਸ 'ਤੇ ਵਿਰੋਧੀ ਪਾਰਟੀਆਂ ਨੂੰ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ, ''ਕਲ ਸੰਸਦ 'ਚ ਅਸੀਂ ਲਗਾਤਾਰ ਉਨ੍ਹਾਂ ਕੋਲੋਂ ਪੁੱਛਦੇ ਰਹੇ ਕਿ ਦੱਸੋ ਬੇਭਰੋਸਗੀ ਦਾ ਕਾਰਨ ਕੀ?

ਜਦੋਂ ਕਾਰਨ ਨਹੀਂ ਦੱਸ ਸਕੇ ਤਾਂ ਗਲ ਪੈ ਗਏ।'' ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਲ ਲੋਕ ਸਭਾ 'ਚ ਬੇਵਿਸਾਹੀ ਮਤੇ 'ਤੇ ਅਪਣੇ ਭਾਸ਼ਣ ਖ਼ਤਮ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੀਟ 'ਤੇ ਜਾ ਕੇ ਉਨ੍ਹਾਂ ਨੂੰ ਗਲੇ ਮਿਲੇ ਸਨ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਮੋਦੀ ਦੀ ਪਿਛਲੇ ਤਿੰਨ ਹਫ਼ਤਿਆਂ ਮਹੀਨੇ 'ਚ ਇਹ ਪੰਜਵੀਂ ਰੈਲੀ ਹੈ, ਜੋ ਸਰਕਾਰ ਲਈ ਅਗਲੇ ਸਾਲ ਲੋਕ ਸਭਾ ਚੋਣਾਂ 'ਚ 80 ਲੋਕ ਸਭਾ ਸੀਟਾਂ ਵਾਲੇ ਇਸ ਸੂਬੇ ਦੀ ਮਹੱਤਤਾ ਨੂੰ ਪ੍ਰਗਟਾਉਂਦਾ ਹੈ।
ਉਧਰ ਲੋਕ ਸਭਾ 'ਚ ਕਲ ਪ੍ਰਧਾਨ ਮੰਤਰੀ ਨੂੰ ਗਲੇ ਮਿਲ ਕੇ ਸੁਰਖ਼ੀਆਂ 'ਚ ਛਾਉਣ ਮਗਰੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ

ਲੋਕਾਂ ਦੇ ਪਿਆਰ ਅਤੇ ਹਮਦਰਦੀ ਨਾਲ ਹੀ ਦੇਸ਼ ਦੀ ਉਸਾਰੀ ਕੀਤੀ ਜਾ ਸਕਦੀ ਹੈ। ਰਾਹੁਲ ਨੇ ਕਿਹਾ ਕਿ ਬੇਵਿਸਾਹੀ ਮਤੇ 'ਤੇ ਕਲ ਹੋਈ ਚਰਚਾ 'ਚ ਪ੍ਰਧਾਨ ਮੰਤਰੀ ਨੇ ਅਪਣੀਆਂ ਗੱਲਾਂ ਰੱਖਣ ਲਈ ਕੁੱਝ ਲੋਕਾਂ ਦੇ ਦਿਲਾਂ ਦੀ 'ਨਫ਼ਰਤ, ਡਰ ਅਤੇ ਗੁੱਸੇ' ਦਾ ਪ੍ਰਯੋਗ ਕੀਤਾ। ਉਨ੍ਹਾਂ ਕਿਹਾ, ''ਅਸੀਂ ਸਾਬਤ ਕਰਨ ਜਾ ਰਹੇ ਹਾਂ ਕਿ ਸਾਰੇ ਭਾਰਤੀਆਂ ਦੇ ਦਿਲਾਂ 'ਚ ਪਿਆਰ ਅਤੇ ਹਮਦਰਦੀ ਨਾਲ ਹੀ ਦੇਸ਼ ਦੀ ਉਸਾਰੀ ਦਾ ਇਕੋ-ਇਕ ਤਰੀਕਾ ਹੈ।'' ਕਲ ਲੋਕ ਸਭਾ 'ਚ ਬੇਵਿਸਾਹੀ ਮਤੇ 'ਤੇ ਚਰਚਾ ਦੌਰਾਨ ਰਾਹੁਲ ਨੇ 45 ਮਿੰਟਾਂ ਦਾ ਜ਼ੋਰਦਾਰ ਭਾਸ਼ਣ ਦਿਤਾ ਸੀ, ਜਿਸ 'ਚ ਉਨ੍ਹਾਂ ਪ੍ਰਧਾਨ ਮੰਤਰੀ 'ਤੇ ਨੋਟਬੰਦੀ, ਬੇਰੁਜ਼ਗਾਰੀ, ਰਾਫ਼ੇਲ ਕਰਾਰ,

ਅਰਥਚਾਰੇ ਦੀ ਬੁਰੀ ਸਥਿਤੀ, ਭੀੜ ਹਿੰਸਾ, ਕਤਲ ਅਤੇ  ਦਲਿਤਾਂ ਤੇ ਔਰਤਾਂ 'ਤੇ ਕਥਿਤ ਅਤਿਆਚਾਰ ਦੇ ਰੂਪ 'ਚ ਲੋਕਾਂ 'ਤੇ 'ਜੁਮਲਾ ਸਟਰਾਈਕ' ਕਰਨ ਦਾ ਦੋਸ਼ ਲਾਇਆ। ਅਪਣਾ ਸੰਬੋਧਨ ਖ਼ਤਮ ਕਰਨ ਮਗਰੋਂ ਰਾਹੁਲ ਅਪਣੀ ਸੀਟ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਸੀਟ ਤਕ ਗਏ ਅਤੇ ਉਨ੍ਹਾਂ ਨੂੰ ਝੁਕ ਕੇ ਗਲੇ ਲਗਾ ਲਿਆ। ਪ੍ਰਧਾਨ ਮੰਤਰੀ ਨੇ ਰਾਹੁਲ ਨਾਲ ਹੱਥ ਮਿਲਾਇਆ ਪਰ ਉਨ੍ਹਾਂ ਖੜੇ ਹੋ ਕੇ ਗਲੇ ਲੱਗਣ ਦੀ ਰਾਹੁਲ ਦੀ ਅਪੀਲ ਦੀ ਅਣਦੇਖੀ ਕਰ ਦਿਤੀ।

ਹਾਲਾਂਕਿ ਰਾਹੁਲ ਨੇ ਮੋਦੀ ਦੇ ਬੈਠੇ ਰਹਿਣ ਮਗਰੋਂ ਵੀ ਉਨ੍ਹਾਂ ਨੂੰ ਝੁਕ ਕੇ ਗਲੇ ਲਾਇਆ। ਬਾਅਦ 'ਚ ਮੋਦੀ ਨੇ ਰਾਹੁਲ ਨੂੰ ਅਪਣੇ ਕੋਲ ਸਦਿਆ ਅਤੇ ਉਨ੍ਹਾਂ ਦੀ ਪਿੱਠ ਨੂੰ ਥਾਪੜਾ ਦਿਤਾ। ਉਨ੍ਹਾਂ ਰਾਹੁਲ ਨੂੰ ਕੁੱਝ ਕਿਹਾ ਪਰ ਉਸ ਸੁਣਿਆ ਨਹੀਂ। ਬੇਵਿਸਾਹੀ ਮਤੇ ਦੇ ਜਵਾਬ 'ਚ ਪ੍ਰਧਾਨ ਮੰਤਰੀ ਨੇ ਵੀ ਰਾਹੁਲ 'ਤੇ ਤਿੱਖਾ ਹਮਲਾ ਕੀਤਾ ਸੀ।  (ਪੀਟੀਆਈ)